
ਗੱਡੀਆਂ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀਆਂ ਸਨ।
ਅੰਮ੍ਰਿਤਸਰ- ਪਿੰਡ ਖ਼ਿਆਲਾ ਖ਼ੁਰਦ ਨੇੜੇ ਤਰਨਾ ਦਲ ਮਿਸਲ ਗੁਰੂ ਹਰਿਕ੍ਰਿਸ਼ਨ ਜੀ ਦੇ ਮੁਖੀ ਜਥੇ. ਬਾਬਾ ਰਘਬੀਰ ਸਿੰਘ ਖਿਆਲੇ ਵਾਲਿਆਂ ਦੇ ਡੇਰੇ 'ਤੇ ਬੀਤੀ ਰਾਤ ਕੁਝ ਸ਼ਰਾਰਤੀ ਅਨਸਰਾਂ ਨੇ ਡੇਰੇ 'ਤੇ ਖੜ੍ਹੀਆਂ ਦੋ ਗੱਡੀਆਂ ਅੱਗ ਲਾ ਕੇ ਸਾੜ ਦਿੱਤੀਆਂ। ਜਥੇਦਾਰ ਦੇ ਨਜ਼ਦੀਕੀ ਰਿਸ਼ਤੇਦਾਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9.30 ਵਜੇ ਦੋਵੇਂ ਗੱਡੀਆਂ ਸ਼ੈੱਡ ਹੇਠਾਂ ਖੜ੍ਹੀਆਂ ਕਰਕੇ ਉਹ ਅੰਦਰ ਸੌ ਗਏ। ਅੱਧੀ ਰਾਤ ਜਦੋਂ ਗੱਡੀਆਂ ਦੇ ਟਾਇਰ ਫਟਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਤਾਂ ਉਨ੍ਹਾਂ ਬਾਹਰ ਨਿਕਲ ਕੇ ਵੇਖਿਆ ਤਾਂ ਦੋਵੇਂ ਗੱਡੀਆਂ ਨੂੰ ਅੱਗ ਲੱਗ ਗਈ ਸੀ।
ਉਨ੍ਹਾਂ ਅੱਗ ਬੁਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਦੋਂ ਤੱਕ ਗੱਡੀਆਂ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀਆਂ ਸਨ। ਉਨ੍ਹਾਂ ਦੱਸਿਆ ਕਿ ਸ਼ਰਾਰਤੀ ਅਨਸਰਾਂ ਵਲੋਂ ਡੇਰੇ ਦੀਆਂ ਕੰਧਾਂ ਟੱਪ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਹ ਘਟਨਾ ਦੀ ਸੂਚਨਾ ਪੁਲਿਸ ਚੌਕੀ ਰਾਮ ਤੀਰਥ ਨੂੰ ਦਿੱਤੀ ਗਈ ਹੈ। ਪੁਲਿਸ ਵਲੋਂ ਨੇੜੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਘਾਲਿਆ ਜਾ ਰਿਹਾ ਹੈ।