
ਪੇਗਾਸਸ ਮਾਮਲੇ ’ਤੇ ਅਦਾਲਤ ਨੇ ਸਾਡੇ ਰੁਖ਼ ਦਾ ਸਮਰਥਨ ਕੀਤਾ : ਰਾਹੁਲ ਗਾਂਧੀ
ਨਵੀਂ ਦਿੱਲੀ, 27 ਅਕਤੂਬਰ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਥਿਤ ਪੇਗਾਸਸ ਜਾਸੂਸੀ ਮਾਮਲੇ ਦੀ ਜਾਂਚ ਲਈ ਸੁਪਰੀਮ ਕੋਰਟ ਵਲੋਂ ਤਿੰਨ ਮੈਂਬਰੀ ਕਮੇਟੀ ਬਣਾਉਣ ਸਬੰਧੀ ਫ਼ੈਸਲੇ ਨੂੰ ਲੈ ਕੇ ਬੁਧਵਾਰ ਨੂੰ ਕਿਹਾ ਕਿ ਦੇਸ਼ ਦੀ ਸਰਵਉਚ ਅਦਾਲਤ ਨੇ ਇਸ ਮਾਮਲੇ ’ਚ ਵਿਰੋਧੀ ਧਿਰ ਦੇ ਰੁਖ਼ ਦਾ ਸਮਰਥਨ ਕੀਤਾ ਹੈ ਅਤੇ ਸੰਸਦ ਦੇ ਆਗਾਮੀ ਸੈਸ਼ਨ ’ਚ ਇਸ ’ਤੇ ਚਰਚਾ ਹੋਣੀ ਚਾਹੀਦੀ ਹੈ। ਉਨ੍ਹਾਂ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਦੋਸ਼ ਲਾਇਆ ਕਿ ਪੇਗਾਸਸ ਜ਼ਰੀਏ ਭਾਰਤੀ ਲੋਕਤੰਤਰ ਨੂੰ ਕੁਚਲਣ ਅਤੇ ਦੇਸ਼ ਦੀ ਰਾਜਨੀਤੀ ਅਤੇ ਸੰਸਥਾਵਾਂ ਨੂੰ ਕੰਟਰੋਲ ’ਚ ਲੈਣ ਦੀ ਕੋਸ਼ਿਸ਼ ਕੀਤੀ ਗਈ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ, ‘‘ਸੰਸਦ ਦੇ ਪਿਛਲੇ ਸੈਸ਼ਨ ਦੌਰਾਨ ਅਸੀਂ ਇਹ ਮੁੱਦਾ ਚੁਕਿਆ ਸੀ ਕਿਉਂਕਿ ਸਾਨੂੰ ਲਗਿਆ ਕਿ ਇਹ ਸਾਡੇ ਸੰਵਿਧਾਨ ਅਤੇ ਲੋਕਤੰਤਰ ਦੀ ਬੁਨਿਆਦ ’ਤੇ ਹਮਲਾ ਹੈ। ਸੁਪਰੀਮ ਕੋਰਟ ਨੇ ਸਾਡੇ ਰੁਖ ਦਾ ਸਮਰਥਨ ਕੀਤਾ ਹੈ...ਇਹ ਇਕ ਚੰਗਾ ਕਦਮ ਹੈ।’’ ਉਨ੍ਹਾਂ ਇਹ ਵੀ ਕਿਹਾ, ‘‘ਅਸੀਂ ਜੋ ਕਰ ਰਹੇ ਸੀ, ਸੁਪਰੀਮ ਕੋਰਟ ਨੇ ਬੁਨਿਆਦੀ ਤੌਰ ’ਤੇ ਉਸ ਦਾ ਸਮਰਥਨ ਕੀਤਾ ਹੈ। ਸਾਡੇ ਤਿੰਨ ਸਵਾਲ ਸਨ। ਪਹਿਲਾ ਇਹ ਕਿ ਪੇਗਾਸਸ ਨੂੰ ਕਿਸ ਨੇ ਖ਼੍ਰੀਦਿਆ ਅਤੇ ਇਸ ਨੂੰ ਕਿਸ ਨੇ ਅਧਿਕਾਰਤ ਕੀਤਾ? ਦੂਜਾ ਇਹ ਹੈ ਕਿ ਕਿਨ੍ਹਾਂ ਵਿਰੁਧ ਇਸ ਸਪਾਈਵੇਅਰ ਦਾ ਇਸਤੇਮਾਲ ਕੀਤਾ ਗਿਆ? ਤੀਜਾ ਇਹ ਕਿ ਕੀ ਕਿਸੇ ਹੋਰ ਦੇਸ਼ ਨੇ ਸਾਡੇ ਲੋਕਾਂ ਬਾਰੇ ਸੂਚਨਾ ਹਾਸਲ ਕੀਤੀ, ਉਨ੍ਹਾਂ ਦਾ ਡੇਟਾ ਲਿਆ?’’ ਰਾਹੁਲ ਗਾਂਧੀ ਨੇ ਕਿਹਾ, ‘‘ਇਨ੍ਹਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਮਿਲਿਆ। ਇਸ ਦੇ ਬਾਅਦ ਅਸੀਂ ਸੰਸਦ ਦੀ ਕਾਰਵਾਈ ਨਹੀਂ ਚੱਲਣ ਦਿਤੀ।
(ਏਜੰਸੀ)