
ਚੰਡੀਗੜ੍ਹ ’ਚ ਕਿਸਾਨਾਂ ਨੇ ਕੀਤਾ BJP ਦਾ ਵਿਰੋਧ
ਚੰਡੀਗੜ੍ਹ (ਚਰਨਜੀਤ ਸਿੰਘ ਸੁਰਖ਼ਾਬ): ਭਾਰਤੀ ਜਨਤਾ ਪਾਰਟੀ ਦੀ ਚੰਡੀਗੜ੍ਹ ਵਿਚ ਹੋਈ ਪ੍ਰੈੱਸ ਕਾਨਫਰੰਸ ਮੌਕੇ ਵੱਡੀ ਗਿਣਤੀ ਵਿਚ ਕਿਸਾਨਾਂ ਵਲੋਂ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਗਿਆ। ਕਿਸਾਨਾਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਭਾਜਪਾ ਆਗੂਆਂ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਚੰਡੀਗੜ੍ਹ ਪੁਲਿਸ ਨੇ ਵਿਰੋਧ ਕਰ ਰਹੇ ਕਿਸਾਨਾਂ ਨੂੰ ਹਿਰਾਸਤ ਵਿਚ ਲੈ ਲਿਆ। ਕਿਸਾਨਾਂ ਦਾ ਕਹਿਣਾ ਸੀ ਕਿ ਉਹ ਸ਼ਾਂਤਮਈ ਢੰਗ ਨਾਲ ਸਿਰਫ ਕਾਲੀਆਂ ਝੰਡੀਆਂ ਦਿਖਾ ਕੇ ਪ੍ਰਦਰਸ਼ਨ ਕਰ ਰਹੇ ਸਨ। ਪੁਲਿਸ ਪ੍ਰਸ਼ਾਸਨ ਵਲੋਂ ਭਾਜਪਾ ਦਾ ਸਾਥ ਦਿੱਤਾ ਜਾ ਰਿਹਾ ਹੈ।
Farmers Protest against bjp in Chandigarh
ਕਿਸਾਨ ਬੀਬੀ ਰਾਜ ਕੌਰ ਨੇ ਕਿਹਾ ਕਿ ਜਦੋਂ ਤੱਕ ਜਾਨ ਹੈ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਉਹਨਾਂ ਕਿਹਾ ਕਿ ਕਿਸਾਨਾਂ ਦੀ ਜਿੱਤ ਹੋਵੇਗੀ। ਭਾਜਪਾ ਵਲੋਂ ਪ੍ਰੈੱਸ ਕਾਨਫਰੰਸ ਦੌਰਾਨ ਨਵਾਂ ਪੰਜਾਬ ਬਣਾਉਣ ਦਾ ਐਲਾਨ ਕੀਤਾ ਗਿਆ। ਕਿਸਾਨ ਬੀਬੀ ਰਾਜ ਕੌਰ ਨੇ ਕਿਹਾ ਕਿ ਭਾਜਪਾ ਵਲੋਂ ਆਰਐਸਐਸ ਦੀਆਂ ਨੀਤੀਆਂ ਵਾਲਾ ਪੰਜਾਬ ਉਸਾਰਨ ਦੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ।
Farmers Protest against bjp in Chandigarh
ਉਹਨਾਂ ਕਿਹਾ ਕਿ ਪੰਜਾਬ ਗੁਰੂਆਂ ਤੇ ਪੀਰਾਂ ਦੀ ਧਰਤੀ ਹੈ, ਪੰਜਾਬੀ ਇਸ ਧਰਤੀ ’ਤੇ ਆਰਐਸਐਸ ਦੀ ਵਿਚਾਰਧਾਰਾ ਨੂੰ ਨਹੀਂ ਫੈਲਣ ਦੇਣਗੇ। ਉਹਨਾਂ ਕਿਹਾ ਜਦੋਂ ਤੱਕ ਜਾਨ ਹੈ, ਉਦੋਂ ਤੱਕ ਭਾਜਪਾ ਖਿਲਾਫ ਲੜਾਈ ਜਾਰੀ ਰਹੇਗੀ, ਸਾਡੀ ਮੌਤ ਹੀ ਸਾਡੀ ਆਵਾਜ਼ ਨੂੰ ਬੰਦ ਕਰ ਸਕਦੀ ਹੈ। ਉਹਨਾਂ ਕਿਹਾ ਕਿ ਸਰਕਾਰ ਕਿਸਾਨਾਂ ਵਿਚ ਖੌਫ਼ ਪੈਦਾ ਕਰਨਾ ਚਾਹੁੰਦੀ ਹੈ ਪਰ ਸਰਕਾਰ ਦੇ ਮਨਸੁਬੇ ਕਾਮਯਾਬ ਨਹੀਂ ਹੋ ਸਕਣਗੇ।
Farmers Protest against bjp in Chandigarh
ਉਹਨਾਂ ਕਿਹਾ ਕਿ ਜੇ ਸਾਡੇ ਚਾਰ ਕਿਸਾਨ ਮਾਰੇ ਜਾਣਗੇ ਤਾਂ ਉਹਨਾਂ ਦੀ ਥਾਂ ਅੱਠ ਹੋਰ ਜਨਮ ਲੈਣਗੇ। ਹਰ ਰੋਜ਼ ਪੰਜਾਬ ਦੀ ਧਰਤੀ ’ਤੇ ਨਵਾਂ ਭਗਤ ਸਿੰਘ ਜਨਮ ਲੈਂਦਾ ਹੈ। ਉਹਨਾਂ ਕਿਹਾ ਟਿਕਰੀ ਬਾਰਡਰ ’ਤੇ ਵਾਪਰੇ ਹਾਦਸੇ ਪਿੱਛੇ ਭਾਜਪਾ ਦਾ ਹੱਥ ਹੈ। ਲਗਾਤਾਰ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਵੀ ਭਾਜਪਾ ਦੀ ਸਾਜ਼ਿਸ਼ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ, ਉਦੋਂ ਤੱਕ ਭਾਜਪਾ ਆਗੂਆਂ ਦਾ ਵਿਰੋਧ ਜਾਰੀ ਰਹੇਗਾ।