
ਰੂਸੀ ਉਪਕਰਨਾਂ ਬਿਨਾਂ ਭਾਰਤੀ ਫ਼ੌਜ ਪ੍ਰਭਾਵੀ ਢੰਗ ਨਾਲ ਕੰਮ ਨਹੀਂ ਕਰ ਸਕਦੀ : ਰਿਪੋਰਟ
ਵਾਸ਼ਿੰਗਟਨ, 27 ਅਕਤੂਬਰ : ਰੂਸੀ ਹਥਿਆਰਾਂ ਅਤੇ ਉਪਕਰਨਾਂ ’ਤੇ ਭਾਰਤ ਦੀ ਨਿਰਭਰਤਾ ਵਿਚ ਜ਼ਿਕਰਯੋਗ ਗਿਰਾਵਟ ਆਈ ਹੈ ਪਰ ਭਾਰਤੀ ਫ਼ੌਜ ਰੂਸੀ ਪੂਰਤੀ ਵਾਲੇ ਉਪਕਰਨਾਂ ਤੋਂ ਬਿਨਾਂ ਪ੍ਰਭਾਵੀ ਢੰਗ ਨਾਲ ਕੰਮ ਨਹੀਂ ਕਰ ਸਕਦੀ ਅਤੇ ਨੇੜ ਭਵਿੱਖ ਵਿਚ ਭਾਰਤ ਦੀ ਰੂਸ ਦੀ ਹਥਿਆਰ ਪ੍ਰਣਾਲੀ ’ਤੇ ਨਿਰਭਰਤਾ ਬਣੀ ਰਹੇਗੀ। ਕਾਂਗ੍ਰੇਸਨਲ ਰਿਸਰਚ ਸਰਵਿਸ (ਸੀਆਰਐਸ) ਦੀ ਇਕ ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਹੈ।
ਇਹ ਰਿਪੋਰਟ ਬਾਈਡਨ ਪ੍ਰਸ਼ਾਸਨ ਦੇ ਉਸ ਮਹੱਤਵਪੂਰਨ ਫ਼ੈਸਲੇ ਤੋਂ ਪਹਿਲਾਂ ਆਈ ਹੈ ਜਿਸ ਵਿਚ ਬਾਈਡਨ ਪ੍ਰਸ਼ਾਸਨ ਨੂੰ ਭਾਰਤ ਦੀ ਰੂਸ ਤੋਂ ਫ਼ੌਜੀ ਹਥਿਆਰ ਖ਼ਰੀਦ ਨੂੰ ਸੀਮਤ ਕਰਨਾ ਹੋਵੇਗਾ। ਭਾਰਤੀ ਫ਼ੌਜ ਦੀ ਸੇਵਾ ਵਿਚ ਮੌਜੂਦ 14 ਪਣਡੁਬੀਆਂ ਵਿਚੋਂ 8 ਰੂਸੀ ਹਨ। ਇਹੀ ਨਹੀਂ ਸਮੁੰਦਰੀ ਫ਼ੌਜ ਦੀ ਇਕ ਮਾਤਰ ਪ੍ਰਮਾਣੂ-ਸੰਚਾਲਤ ਪਣਡੁਬੀ ਰੂਸ ਤੋਂ ਕਿਰਾਏ ’ਤੇ ਲਈ ਗਈ ਹੈ।
ਸੀਆਰਐਸ ਨੇ ਅਪਣੀ ਰਿਪੋਰਟ ‘ਰੂਸੀ ਹਥਿਆਰ ਵਿਕਰੀ ਅਤੇ ਰਖਿਆ ਉਦਯੋਗ’ ਵਿਚ ਕਿਹਾ ਹੈ ਕਿ,‘‘ਭਾਰਤ ਅਤੇ ਉਸ ਦੇ ਬਾਹਰ ਕਈ ਮਾਹਰਾਂ ਦਾ ਮੰਨਣਾ ਹੈ ਕਿ ਭਾਰਤੀ ਫ਼ੌਜ ਰੂਸੀ ਉਪਕਰਨਾਂ ਤੋਂ ਬਿਨਾਂ ਪ੍ਰਭਾਵੀ ਢੰਗ ਨਾਲ ਕੰਮ ਨਹੀਂ ਕਰ ਸਕਦੀ ਅਤੇ ਨੇੜ ਭਵਿੱਖ ਵਿਚ ਰੂਸੀ ਹਥਿਆਰ ਪ੍ਰਣਾਲੀ ’ਤੇ ਉਸ ਦੀ ਨਿਰਭਰਤਾ ਜਾਰੀ ਰਹੇਗੀ।’’ ਸੀਆਰਐਸ ਆਜ਼ਾਦ ਵਿਸ਼ਿਆਂ ’ਤੇ ਮਾਹਰਾਂ ਰਾਹੀਂ ਵੱਖ-ਵੱਖ ਮੁੱਦਿਆਂ ’ਤੇ ਸਮੇਂ-ਸਮੇਂ ’ਤੇ ਰਿਪੋਰਟ ਤਿਆਰ ਕਰਦਾ ਹੈ।
ਇਸ ਦੀਆਂ ਰਿਪੋਰਟਾਂ ਕਾਂਗਰਸ ਦੀ ਅਧਿਕਾਰਤ ਰਿਪੋਰਟਾਂ ਨਹੀਂ ਹਨ ਅਤੇ ਸਾਂਸਦਾਂ ਨੂੰ ਫ਼ੈਸਲੇ ਲੈਣ ਵਿਚ ਮਦਦ ਕਰਨ ਲਈ ਇਹ ਤਿਆਰ ਕੀਤੀਆਂ ਜਾਂਦੀਆਂ ਹਨ। ਰਿਪੋਰਟ ਵਿਚ ਇਕ ਗ੍ਰਾਫ਼ ਰਾਹੀਂ ਦਿਖਾਇਆ ਹੈ ਕਿ 2015 ਤੋਂ ਬਾਅਦ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਿਚ ਰੂਸ ਤੋਂ ਉਪਕਰਨਾਂ ਦੇ ਆਯਾਤ ਵਿਚ ਲਗਾਤਾਰ ਗਿਰਾਵਟ ਆਈ ਹੈ। ਅਪਣੀ ਰਿਪੋਰਟ ਵਿਚ ਸੀਆਰਐਸ ਨੇ ਕਿਹਾ ਕਿ 2016 ਤੋਂ ਚਲ ਰਹੀ ਰੂਸ ਵਲੋਂ ਤਿਆਰ ਕੀਤੀ ਹਵਾਈ ਰਖਿਆ ਪ੍ਰਣਾਲੀ ਐਸ-400 ਨੂੰ ਖ਼ਰੀਦਣ ਦੀ ਭਾਰਤ ਦੀ ਯੋਜਨਾ ’ਤੇ ਅਮੇਰੀਕਾਜ਼ ਐਡਵਰਸਰੀਜ਼ ਥਰੂ ਸੈਂਕਸ਼ਨਜ਼ ਐਕਟ (ਸੀਏਏਟੀਐਸਏ) ਦੀ ਧਾਰਾ-231 ਤਹਿਤ ਅਮਰੀਕੀ ਰੋਕ ਲੱਗ ਸਕਦੀ ਹੈ। (ਏਜੰਸੀ)
ਡੱਬੀ