‘2023-24 ਵਿੱਚ 2026 ਕੇਸ ਆਏ ਸਨ ਸਾਹਮਣੇ, ਜੋ 2024-25 ਵਿੱਚ ਘੱਟ ਕੇ 876 ਰਹਿ ਗਏ’
ਤਰਨਤਾਰਨ: 'ਆਪ' ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਤਰਨਤਾਰਨ ਜ਼ਿਲ੍ਹੇ ਵਿੱਚ ਕੀਤੀਆਂ ਲੋਕ-ਪੱਖੀ ਪ੍ਰਾਪਤੀਆਂ 'ਤੇ ਚਾਨਣਾ ਪਾਇਆ ਹੈ। ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦੀਆਂ ਨੀਤੀਆਂ ਸਦਕਾ ਨਾ ਸਿਰਫ਼ ਵਾਤਾਵਰਣ ਸੁਧਾਰ ਵਿੱਚ ਵੱਡੀ ਸਫ਼ਲਤਾ ਮਿਲੀ ਹੈ, ਸਗੋਂ ਕਿਸਾਨਾਂ ਦੀ ਆਰਥਿਕ ਮਦਦ ਅਤੇ ਲੋਕਾਂ ਦੀ ਸਿਹਤ ਸੰਭਾਲ ਲਈ ਵੀ ਇਤਿਹਾਸਕ ਕਦਮ ਚੁੱਕੇ ਗਏ ਹਨ।
ਸੰਧੂ ਨੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਸਾਂਝੇ ਯਤਨਾਂ ਸਦਕਾ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਿੱਚ ਰਿਕਾਰਡ ਕਮੀ ਆਈ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਸਾਲ 2023-24 ਵਿੱਚ ਇਹ ਘਟਨਾਵਾਂ 2,026 ਸਨ, ਉੱਥੇ ਹੀ ਮਾਨ ਸਰਕਾਰ ਕਿਸਾਨਾਂ ਨੂੰ ਜਾਗਰੂਕ ਕਰਨ ਸਦਕਾ ਸਾਲ 2024-25 ਵਿੱਚ ਇਹ ਘਟ ਕੇ ਸਿਰਫ਼ 876 ਰਹਿ ਗਈਆਂ ਹਨ।
ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਪਰਾਲੀ ਦੀ ਸਾਂਭ-ਸੰਭਾਲ ਲਈ ਲੋੜੀਂਦੇ ਬਦਲ ਵੀ ਦੇ ਰਹੀ ਹੈ। ਸੰਧੂ ਨੇ ਦੱਸਿਆ ਕਿ ਇਸੇ ਲੜੀ ਤਹਿਤ ਸਾਲ 2025-26 ਦੌਰਾਨ ਜ਼ਿਲ੍ਹੇ ਦੇ ਕਿਸਾਨਾਂ ਨੂੰ 807 ਆਧੁਨਿਕ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਹਨ, ਜਿਨ੍ਹਾਂ 'ਤੇ ਸਰਕਾਰ ਵੱਲੋਂ 13 ਕਰੋੜ ਰੁਪਏ ਦੀ ਵੱਡੀ ਸਬਸਿਡੀ ਜਾਰੀ ਕੀਤੀ ਗਈ ਹੈ।
'ਆਪ' ਉਮੀਦਵਾਰ ਨੇ ਪਾਣੀ ਬਚਾਉਣ ਦੇ ਉਪਰਾਲਿਆਂ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਾਣੀ ਅਤੇ ਲੇਬਰ ਦੀ ਬੱਚਤ ਨੂੰ ਮੁੱਖ ਰੱਖਿਆ ਗਿਆ ਹੈ। ਇਸੇ ਤਹਿਤ ਸਾਲ 2025-26 ਵਿੱਚ ਜ਼ਿਲ੍ਹਾ ਤਰਨ ਤਾਰਨ ਦੇ 454 ਕਿਸਾਨਾਂ ਵੱਲੋਂ 3919 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ। ਸੰਧੂ ਨੇ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮਾਣਭੱਤਾ ਵੀ ਦਿੱਤਾ ਜਾਵੇਗਾ।
ਹਰਮੀਤ ਸਿੰਘ ਸੰਧੂ ਨੇ ਕਿਹਾ ਕਿ 'ਆਪ' ਸਰਕਾਰ ਦਾ ਧਿਆਨ ਸਿਰਫ਼ ਖੇਤੀ ਤੇ ਵਾਤਾਵਰਣ 'ਤੇ ਹੀ ਨਹੀਂ, ਸਗੋਂ ਆਮ ਲੋਕਾਂ ਦੀ ਸਿਹਤ 'ਤੇ ਵੀ ਕੇਂਦਰਿਤ ਹੈ। ਉਨ੍ਹਾਂ 'ਸੀ.ਐਮ ਦੀ ਯੋਗਸ਼ਾਲਾ' ਮੁਹਿੰਮ ਦੀ ਸਫ਼ਲਤਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ 18 ਯੋਗ ਅਧਿਆਪਕ ਕਲਾਸਾਂ ਲਗਾ ਰਹੇ ਹਨ। ਇਸ ਤੋਂ ਇਲਾਵਾ 58 ਯੋਗ ਵਿਦਿਆਰਥੀ ਡਿਪਲੋਮਾ ਕਰ ਰਹੇ ਹਨ ਅਤੇ ਨਾਲ-ਨਾਲ ਕਲਾਸਾਂ ਵੀ ਲੈ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ ਕੁੱਲ 180 ਯੋਗ ਕਲਾਸਾਂ ਨਿਰੰਤਰ ਚੱਲ ਰਹੀਆਂ ਹਨ, ਜਿਨ੍ਹਾਂ ਦਾ ਲਾਭ ਬਜ਼ੁਰਗ, ਬੱਚੇ ਅਤੇ ਨੌਜਵਾਨ ਬਰਾਬਰ ਲੈ ਰਹੇ ਹਨ। ਸੰਧੂ ਨੇ ਕਿਹਾ ਕਿ ਇਹ ਮਾਨ ਸਰਕਾਰ ਦੀ ਵੱਡੀ ਪ੍ਰਾਪਤੀ ਹੈ ਕਿ ਹਰ ਰੋਜ਼ ਲਗਭਗ 5000 ਲੋਕ ਇਨ੍ਹਾਂ ਕਲਾਸਾਂ ਵਿੱਚ ਰੋਜ਼ਾਨਾ ਯੋਗ ਕਰਕੇ ਆਪਣੀ ਸਿਹਤ ਸੁਧਾਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਅੰਕੜੇ ਸਾਬਤ ਕਰਦੇ ਹਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ 'ਤੇ ਕੰਮ ਕਰਕੇ ਲੋਕਾਂ ਨੂੰ ਬਦਲਾਅ ਮਹਿਸੂਸ ਕਰਵਾ ਰਹੀ ਹੈ।
