
ਬਾਦਲਾਂ ਦੇ ਅਤਿ ਨਜ਼ਦੀਕੀ ਮੰਨੇ ਜਾਣ ਵਾਲੇ ਅਕਾਲੀ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਨੂੰ ਵਿਜੀਲੈਂਸ ਨੇ ਅਗਿਉਂ ਘੇਰ ਲਿਆ.........
ਬਠਿੰਡਾ : ਬਾਦਲਾਂ ਦੇ ਅਤਿ ਨਜ਼ਦੀਕੀ ਮੰਨੇ ਜਾਣ ਵਾਲੇ ਅਕਾਲੀ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਨੂੰ ਵਿਜੀਲੈਂਸ ਨੇ ਅਗਿਉਂ ਘੇਰ ਲਿਆ ਹੈ। ਹੁਣ ਤਕ ਵਿਜੀਲੈਂਸ ਨਾਲ ਲੁਕਣਮੀਚੀ ਖੇਡਣ ਵਾਲੇ ਉਕਤ ਆਗੂ ਵਲੋਂ ਚੁੱਪ-ਚਪੀਤੇ ਸੁਪਰੀਮ ਕੋਰਟ ਵਿਚੋਂ ਰਾਹਤ ਲੈਣ ਦੇ ਮਨਸੂਬੇ ਦਾ ਪਤਾ ਲਗਦਿਆਂ ਹੀ ਪੰਜਾਬ ਸਰਕਾਰ ਨੇ ਸਰਬ-ਉਚ ਅਦਾਲਤ 'ਚ ਕਲ ਕੈਵੀਅਟ (ਨੋਟਿਸ) ਦਾਖ਼ਲ ਕਰ ਦਿਤੀ ਹੈ। ਸੂਤਰਾਂ ਅਨੁਸਾਰ ਕੋਲਿਆਂਵਾਲੀ ਦੀ ਜ਼ਮਾਨਤ ਅਰਜ਼ੀ 'ਤੇ ਉਕਤ ਅਦਾਲਤ ਵਿਚ ਇਕ-ਦੋ ਦਿਨਾਂ ਅੰਦਰ ਸੁਣਵਾਈ ਹੋ ਸਕਦੀ ਹੈ।
ਮਾਮਲੇ ਦੀ ਭਿਣਕ ਵਿਜੀਲੈਂਸ ਨੂੰ ਲੱਗ ਗਈ ਜਿਸ ਤੋਂ ਬਾਅਦ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਤੇ ਬਠਿੰਡਾ ਰੇਂਜ ਦੇ ਐਸ.ਐਸ.ਪੀ ਅਸ਼ੋਕ ਬਾਠ ਨੇ ਖ਼ੁਦ ਦਿੱਲੀ ਜਾ ਕੇ ਕੈਵੀਅਟ ਦਾਖ਼ਲ ਕਰ ਦਿਤੀ ਹੈ। ਵਿਜੀਲੈਂਸ ਵਲੋਂ ਉਕਤ ਆਗੂ ਦੀ ਲੰਮੇ ਸਮੇਂ ਤੋਂ ਪੈੜ ਨੱਪੀ ਜਾ ਰਹੀ ਹੈ। ਸੱਭ ਦੀਆਂ ਨਜ਼ਰਾਂ ਹੁਣ ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਟਿਕੀਆਂ ਹਨ। ਕਾਨੂੰਨੀ ਮਾਹਰਾਂ ਮੁਤਾਬਕ ਅਦਾਲਤੀ ਫ਼ੈਸਲੇ ਤੋਂ ਬਾਅਦ ਕੋਲਿਆਂਵਾਲੀ ਕੋਲ ਆਤਮ-ਸਮਰਪਣ ਦਾ ਰਹਿ ਜਾਣਾ ਹੈ। ਉਂਜ ਵਿਜੀਲਂੈਸ ਵਲੋਂ ਉਕਤ ਆਗੂ ਨੂੰ ਭਗੌੜਾ ਐਲਾਨਣ ਦੀ ਕਾਰਵਾਈ ਵੀ ਕੀਤੀ ਜਾ ਰਹੀ ਹੈ।
ਇਸ ਸਬੰਧ ਵਿਚ ਮੋਹਾਲੀ ਦੀ ਅਦਾਲਤ 'ਚ ਅਰਜ਼ੀ ਦਾਖ਼ਲ ਕੀਤੀ ਹੋਈ ਹੈ ਜਿਸ 'ਤੇ ਆਖ਼ਰੀ ਫ਼ੈਸਲਾ ਆਗਾਮੀ 15 ਦਸੰਬਰ ਨੂੰ ਹੋਣਾ ਹੈ। ਚਰਚਾ ਮੁਤਾਬਕ ਉਕਤ ਆਗੂ ਦਿੱਲੀ ਜਾਂ ਪੰਜਾਬ 'ਚ ਹੀ ਕਿਸੇ ਥਾਂ ਠਹਿਰਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਕੋਲਿਆਂਵਾਲੀ ਦੀ ਇਸ ਤੋਂ ਪਹਿਲਾਂ ਹੇਠਲੀ ਅਦਾਲਤ ਤੋਂ ਲੈ ਕੇ ਹਾਈ ਕੋਰਟ ਤਕ ਜ਼ਮਾਨਤ ਦੀ ਅਰਜ਼ੀ ਰੱਦ ਹੋ ਚੁੱਕੀ ਹੈ ਹਾਲਾਂਕਿ ਕੋਲਿਆਂਵਾਲੀ ਇਕ ਵਾਰ 25 ਜੁਲਾਈ ਨੂੰ ਪੰਜਾਬ ਸਰਕਾਰ ਨੂੰ ਝਕਾਨੀ ਦੇ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚੋਂ ਅੰਤਰਮ ਜ਼ਮਾਨਤ ਲੈਣ ਵਿਚ ਸਫ਼ਲ ਹੋ ਗਿਆ ਸੀ
ਪਰ ਵਿਜੀਲੈਂਸ ਤੇ ਸਰਕਾਰ ਦੁਆਰਾ ਉਕਤ ਅਦਾਲਤ ਵਿਚ ਅਪਣਾ ਪੱਖ ਪੇਸ਼ ਕਰਨ 'ਤੇ ਉਕਤ ਰਾਹਤ ਰੱਦ ਹੋ ਗਈ ਸੀ। ਇਸ ਤੋਂ ਪਹਿਲਾਂ 18 ਜੁਲਾਈ ਨੂੰ ਮੋਹਾਲੀ ਦੇ ਵਧੀਕ ਸੈਸ਼ਨ ਜੱਜ ਸੰਜੇ ਅਗਨੀਹੋਤਰੀ ਦੀ ਅਦਾਲਤ ਨੇ ਕੋਲਿਆਂਵਾਲੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿਤੀ ਸੀ। ਵਿਜੀਲੈਂਸ ਬਿਊਰੋ ਮੋਹਾਲੀ ਵਲੋਂ ਲੰਘੀ 30 ਜੂਨ ਨੂੰ ਕੋਲਿਆਂਵਾਲੀ ਵਿਰੁਧ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ ਪਰਚਾ ਦਰਜ ਕੀਤਾ ਗਿਆ ਸੀ।
ਉਦੋਂ ਤੋਂ ਹੀ ਉਹ ਰੂਪੋਸ਼ ਹੈ। ਕੁੱਝ ਦਿਨ ਪਹਿਲਾਂ ਵਿਜੀਲੈਂਸ ਨੇ ਜਥੇਦਾਰ ਵਿਰੁਧ ਐਲ.ਓ.ਸੀ (ਲੁਕ ਆਊਟ ਸਰਕਲ) ਵੀ ਜਾਰੀ ਕਰ ਦਿਤਾ ਸੀ ਜਿਸ ਕਾਰਨ ਉਸ ਦੇ ਵਿਦੇਸ਼ ਭੱਜਣ ਦੀ ਵੀ ਸੰਭਾਵਨਾ ਖ਼ਤਮ ਹੋ ਗਈ ਸੀ। ਕੋਲਿਆਂਵਾਲੀ ਵਿਰੁਧ ਪਹਿਲਾਂ ਵੀ ਪੌਣੀ ਦਰਜਨ ਪਰਚੇ ਦਰਜ ਹਨ।