
ਗੈਂਗਸਟਰ ਵਿੱਕੀ ਗੌਂਡਰ ਅਤੇ ਸੁੱਖਾ ਕਾਹਲਵਾਂ ਨੂੰ ਮਰਿਆਂ ਭਾਵੇਂ ਕਾਫ਼ੀ ਸਮਾਂ ਹੋ ਗਿਆ ਹੈ, ਪਰ ਹੁਣ ਫਿਰ ਇਨ੍ਹਾਂ ਦੋਵੇਂ ਨਾਮਾਂ ਨੇ ਪੁਲਿਸ ਨੂੰ ਭਾਜੜਾਂ ਪਾ ....
ਲੁਧਿਆਣਾ (ਭਾਸ਼ਾ) : ਗੈਂਗਸਟਰ ਵਿੱਕੀ ਗੌਂਡਰ ਅਤੇ ਸੁੱਖਾ ਕਾਹਲਵਾਂ ਨੂੰ ਮਰਿਆਂ ਭਾਵੇਂ ਕਾਫ਼ੀ ਸਮਾਂ ਹੋ ਗਿਆ ਹੈ, ਪਰ ਹੁਣ ਫਿਰ ਇਨ੍ਹਾਂ ਦੋਵੇਂ ਨਾਮਾਂ ਨੇ ਪੁਲਿਸ ਨੂੰ ਭਾਜੜਾਂ ਪਾ ਦਿਤੀਆਂ ਹਨ, ਜੀ ਹਾਂ, ਇਨ੍ਹਾਂ ਦੋਵੇਂ ਗੈਂਗਸਟਰਾਂ ਦੇ ਨਾਂਅ 'ਤੇ ਲੁਧਿਆਣਾ ਦੇ ਕੁੱਝ ਪ੍ਰਾਪਰਟੀ ਡੀਲਰਾਂ ਨੂੰ ਫ਼ੋਨ 'ਤੇ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਨਾ ਦੇਣ ਦੀ ਸੂਰਤ ਵਿਚ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਭਾਵੇਂ ਫ਼ੋਨ 'ਤੇ ਧਮਕੀ ਦੇਣ ਵਾਲਾ ਆਪ ਨੂੰ ਇਨ੍ਹਾਂ ਗੈਂਗਸਟਰਾਂ ਦਾ ਸਾਥੀ ਦੱਸ ਰਿਹਾ ਹੈ। ਪਰ ਉਹ ਗੱਲ ਦੀ ਸ਼ੁਰੂਆਤ 'ਭਾਜੀ' ਕਹਿ ਕੇ ਕਰਦਾ ਹੈ।
ਵਿਕੀ ਗੌਂਡਰ
ਜਿਸ ਤੋਂ ਪੁਲਿਸ ਨੇ ਅੰਦਾਜ਼ਾ ਲਗਾਇਆ ਹੈ ਕਿ ਫੋਨ ਕਰਨ ਵਾਲਾ ਕੋਈ 'ਅਨਾੜੀ' ਹੈ ਤੇ ਪੈਸੇ ਕਮਾਉਣ ਦੇ ਲਾਲਚ ਵਿਚ ਅਜਿਹਾ ਕਰ ਰਿਹਾ ਹੈ। ਪਿਛਲੇ ਦੋ ਦਿਨਾਂ ਦੇ ਅੰਦਰ ਲੁਧਿਆਣਾ ਦੇ ਲਗਭਗ 8 ਪ੍ਰਾਪਰਟੀ ਡੀਲਰਾਂ ਨੂੰ ਇਸ ਤਰ੍ਹਾਂ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਫ਼ਿਲਹਾਲ ਇਸ ਮਾਮਲੇ ਦੀ ਤਫ਼ਤੀਸ਼ ਏਸੀਪੀ ਕ੍ਰਾਈਮ ਸੁਰਿੰਦਰ ਮੋਹਨ ਤੇ ਉਨ੍ਹਾਂ ਦੀ ਟੀਮ ਵਲੋਂ ਕੀਤੀ ਜਾ ਰਹੀ ਹੈ। ਇਹ ਫ਼ੋਨ ਪ੍ਰਾਪਰਟੀ ਡੀਲਰਾਂ ਨੂੰ ਆਏ ਹਨ, ਜਿਨ੍ਹਾਂ ਦੇ ਫ਼ੋਨ ਨੰਬਰ ਬਾਹਰ ਲੱਗੇ ਬੋਰਡਾਂ 'ਤੇ ਲਿਖੇ ਹੋਏ ਹਨ। ਮੁਢਲੀ ਜਾਂਚ ਪਤਾ ਲੱਗਾ ਹੈ ਕਿ ਨੰਬਰ ਯੂਪੀ ਦਾ ਹੈ ਤੇ ਉਸ ਦੀ ਲੋਕੇਸ਼ਨ ਫਿਰੋਜ਼ਪੁਰ ਦੀ ਆ ਰਹੀ ਹੈ। ਪੁਲਿਸ ਦਾ ਕਹਿਣੈ ਕਿ ਉਹ ਮਾਮਲੇ ਤੇਜ਼ੀ ਨਾਲ ਮਾਮਲੇ ਦੀ ਜਾਂਚ ਕਰਨ ਵਿਚ ਲੱਗੀ ਹੋਈ ਹੈ। ਜਲਦ ਹੀ ਅਸਲ ਦੋਸ਼ੀ ਉਸ ਦੀ ਪਕੜ ਵਿਚ ਹੋਵੇਗਾ।