
-ਬੇਔਲਾਦ ਜੋੜੇ ਨੇ ਰਚੀ ਸੀ ਬੱਚੇ ਨੂੰ ਅਗਵਾ ਕਰਨ ਦੀ ਸਾਜਿਸ਼
ਡੇਰਾਬੱਸੀ - ਬੀਤੇ ਦਿਨੀਂ ਡੇਰਾਬੱਸੀ ਮਸਜਿਦ ਨੇੜੇ ਬਣੇ ਮਿਉਂਸੀਪਲ ਪਾਰਕ ਵਿਚੋਂ ਅਗਵਾਹ ਹੋਏ ਦੋ ਸਾਲਾ ਬੱਚੇ ਨੂੰ ਡੇਰਾਬੱਸੀ ਪੁਲਿਸ ਲੱਭਣ ਵਿਚ ਕਾਮਯਾਬ ਹੋ ਗਈ ਹੈ। ਪੁਲਿਸ ਨੇ ਅਗਵਾਕਾਰ ਨੂੰ ਬੱਚੇ ਸਮੇਤ ਮੁਹਾਲੀ ਤੇ ਸੋਹਾਣਾ ਸਾਹਿਬ ਗੁਰਦੁਆਰਾ ਤੋਂ ਕਾਬੂ ਕਰ ਲਿਆ ਹੈ। ਅਗਵਾਕਾਰ ਜੋੜਾ ਬੇਔਲਾਦ ਸੀ, ਜਿਸ ਨੇ ਬੱਚੇ ਖ਼ਾਤਰ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ। ਅਗਵਾਕਾਰ ਦੀ ਪਹਿਚਾਣ ਰਾਜੇਸ਼ 30 ਸਾਲਾ ਪੁੱਤਰ ਬੈਜਨਾਥ ਵਾਸੀ ਬਿਹਾਰ ਦੇ ਤੌਰ 'ਤੇ ਹੋਈ ਹੈ ਜੋ ਫਿਲਹਾਲ ਡੇਰਾਬੱਸੀ ਦੀ ਸ਼ਿਵ ਪੁਰੀ ਕਲੋਨੀ ਵਿਚ ਰਹਿੰਦਾ ਹੈ।
ਥਾਣਾ ਮੁਖੀ ਜਸਵੰਤ ਸਿੰਘ ਸੇਖੋਂ ਨੇ ਦੱਸਿਆ ਕਿ ਉਕਤ ਵਿਅਕਤੀ ਦੇ ਵਿਆਹ ਹੋਏ ਨੂੰ 7 ਸਾਲ ਬੀਤ ਗਏ ਹਨ ਪਰ ਉਸ ਦੇ ਘਰ ਕੋਈ ਔਲਾਦ ਨਹੀਂ ਹੈ। ਜਿਸ ਕਰਕੇ ਉਹਨਾਂ ਨੇ ਜੁਗਤ ਬਣਾਉਂਦੇ ਹੋਏ ਬੱਚੇ ਨੂੰ ਅਗਵਾ ਕਰ ਲਿਆ ਅਤੇ ਬੱਚੇ ਨੂੰ ਲੈ ਕੇ ਮੁਹਾਲੀ ਵੱਲ ਚਲੇ ਗਏ। ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ ਹੈ। ਜਿਸ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਵੱਲੋਂ ਰਿਮਾਂਡ ਲਿਆ ਜਾਵੇਗਾ ਅਤੇ ਉਸ ਤੋਂ ਪਤਾ ਲਗਾਇਆ ਜਾਵੇਗਾ ਕਿ ਉਕਤ ਵਿਅਕਤੀ ਬੱਚਾ ਚੋਰ ਗਰੋਹ ਵਿਚ ਸ਼ਾਮਲ ਤਾਂ ਨਹੀਂ।