
ਥਾਣਾ ਕੋਟਲੀ ਸੂਰਤ ਮੱਲੀ ਦੀ ਪੁਲਿਸ ਵਲੋਂ ਦੋ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਹੈ।
ਬਟਾਲਾ : ਥਾਣਾ ਕੋਟਲੀ ਸੂਰਤ ਮੱਲੀ ਦੀ ਪੁਲਿਸ ਵਲੋਂ ਦੋ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਉਕਤ ਗੈਂਗਸਟਰ ਪਿੰਡ ਮਹਿਮੇ ਚੱਕ ਵਿਚ ਕਿਸੇ ਦੇ ਘਰ ’ਤੇ ਹਮਲਾ ਕਰਨ ਗਏ ਸਨ। ਇਸ ਦੌਰਾਨ ਗੈਂਗਸਟਰ ਦੀ ਪੁਲਿਸ ਨੂੰ ਇਤਲਾਹ ਮਿਲ ਗਈ, ਜਿਸ ਤੋਂ ਬਾਅਦ ਪੁਲਿਸ ਨੇ ਪੂਰੀ ਤਿਆਰੀ ਨਾਲ ਫ਼ਿਲਮੀ ਤਰੀਕੇ ਨਾਲ ਰੇਡ ਮਾਰੀ। ਗੈਂਗਸਟਰ ਪਿੰਡ ਵਿਚ ਕਿਸੇ ਘਰ ਦੀ ਛੱਤ ’ਤੇ ਬਣੇ ਕਮਰੇ ਵਿਚ ਲੁੱਕੇ ਹੋਏ ਸਨ। ਜਿਨ੍ਹਾਂ ਨੂੰ ਪੁਲਿਸ ਨੇ ਪੂਰੀ ਮੁਸਤੈਦੀ ਨਾਲ ਮੌਕੇ ’ਤੇ ਜਾ ਕੇ ਗ੍ਰਿਫ਼ਤਾਰ ਕਰ ਲਿਆ।
ਗੈਂਗਸਟਰਾਂ ਕੋਲੋਂ ਪੁਲਿਸ ਨੇ ਇਕ ਪਿਸਤੌਲ ਅਤੇ ਰੋਂਦ ਵੀ ਬਰਾਮਦ ਕੀਤੇ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਦੋਵੇਂ ਗੈਂਗਸਟਰ ਗੋਲ਼ੀ ਗੈਂਗ ਨਾਲ ਸੰਬੰਧ ਰੱਖਦੇ ਹਨ ਅਤੇ ਇਨ੍ਹਾਂ ’ਤੇ ਪਹਿਲਾਂ ਵੀ 7 ਅਪਰਾਧਿਕ ਮਾਮਲੇ ਦਰਜ ਹਨ। ਦੋਵਾਂ ਦੀ ਉਮਰ ਕਰੀਬ 19 ਸਾਲ ਦੱਸੀ ਜਾ ਰਹੀ ਹੈ। ਇਕ ਗੈਂਗਸਟਰ ਅਜੇ ਹਫ਼ਤਾ ਪਹਿਲਾ ਹੀ ਤਿਹਾੜ ਜੇਲ੍ਹ ਵਿਚੋਂ ਜ਼ਮਾਨਤ ’ਤੇ ਬਾਹਰ ਆਇਆ ਸੀ। ਇਸ ਗੈਂਗ ਦੇ ਸਰਗਨਾ ਗੋਲ਼ੀ ਵੀ ਇਸ ਸਮੇਂ ਅੰਮ੍ਰਿਤਸਰ ਦੀ ਜੇਲ੍ਹ ਵਿਚ ਬੰਦ ਹੈ। ਇਨ੍ਹਾਂ ਦੋਵਾਂ ਦੀ ਗ੍ਰਿਫ਼ਤਾਰੀ ਸਮੇਂ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਨੇ ਕਿਵੇਂ ਫ਼ਿਲਮੀ ਢੰਗ ਨਾਲ ਰੇਡ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ।