
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨਾਲ ਸਬੰਧਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਿਆਰ ਕਰਵਾਏ ਗਏ...
ਅੰਮ੍ਰਿਤਸਰ (ਸਸਸ) : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨਾਲ ਸਬੰਧਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਿਆਰ ਕਰਵਾਏ ਗਏ ਸੋਨੇ ਅਤੇ ਚਾਂਦੀ ਦੇ ਸਿੱਕੇ ਅਗਲੇ ਸਾਲ ਦੇ ਪਹਿਲੇ ਹਫ਼ਤੇ ਸੰਗਤ ਨੂੰ ਮਿਲਣੇ ਸ਼ੁਰੂ ਹੋ ਜਾਣਗੇ। ਕਮੇਟੀ ਵਲੋਂ ਇਹ ਸਿੱਕੇ 23 ਨਵੰਬਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਪੁਰਬ ਉਤੇ ਸੁਲਤਾਨਪੁਰ ਲੋਧੀ ਵਿਖੇ ਜਾਰੀ ਕੀਤੇ ਗਏ ਸਨ।
ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਮਨਜ਼ੂਰੀ ਤੋਂ ਬਾਅਦ ਤਾਰੀਖ਼ ਨਿਸ਼ਚਿਤ ਕੀਤੀ ਜਾਵੇਗੀ। ਸੰਗਤ ਲਈ ਧਰਮ ਪ੍ਰਚਾਰ ਕਮੇਟੀ ਦਫ਼ਤਰ ਵਿਚ ਹੀ ਕਾਊਂਟਰ ਖੋਲ੍ਹੇ ਜਾਣਗੇ ਇੱਥੋਂ ਚਾਹਵਾਨ ਸ਼ਰਧਾਲੂ ਸਿੱਕਾ ਖ਼ਰੀਦ ਸਕਣਗੇ। ਐਸਜੀਪੀਸੀ ਨੇ ਸੋਨੇ ਦੇ ਪੰਜ ਅਤੇ ਦਸ ਗਰਾਮ ਵਾਲੇ 100-100 ਅਤੇ ਚਾਂਦੀ ਦੇ 25 ਅਤੇ 50 ਗਰਾਮ ਵਾਲੇ 250-250 ਸਿੱਕੇ ਤਿਆਰ ਕਰਵਾਏ ਗਏ ਹਨ।
ਦੱਸ ਦਈਏ ਕਿ ਸਿੱਕੇ ਦਾ ਰੇਟ ਉਸ ਦਿਨ ਦੇ ਸੋਨੇ ਅਤੇ ਚਾਂਦੀ ਦੇ ਰੇਟ ਦੇ ਮੁਤਾਬਕ ਹੋਵੇਗਾ। ਇਸ ਸਿੱਕੇ ਉਤੇ ਬਣਵਾਈ ਦਾ ਕੋਈ ਵੀ ਰੇਟ ਐਸਜੀਪੀਸੀ ਨਹੀਂ ਲਵੇਗੀ। ਐਸਜੀਪੀਸੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਦੇ ਮੁਤਾਬਕ ਸਿੱਕੇ ਉਤੇ ਹਾਲਮਾਰਕ ਦਾ ਨਿਸ਼ਾਨ ਹੋਵੇਗਾ। ਸੋਨੇ ਦੇ ਸਿੱਕੇ 24 ਕੈਰੇਟ ਦੇ ਤਿਆਰ ਕਰਵਾਏ ਗਏ ਹਨ। ਸੰਗਤ ਲਈ ਇਹ ਸਿੱਕੇ ਅੰਮ੍ਰਿਤਸਰ ਐਸਜੀਪੀਸੀ ਦਫ਼ਤਰ ਵਿਚ ਉਪਲੱਬਧ ਕਰਵਾਏ ਜਾਣਗੇ।