
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ...
ਸੁਲਤਾਨਪੁਰ ਲੋਧੀ (ਸਸਸ) : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਇਤਿਹਾਸਕ ਸ਼ਹਿਰਾਂ ਸੁਲਤਾਨਪੁਰ ਲੋਧੀ, ਡੇਰਾ ਬਾਬਾ ਨਾਨਕ ਤੇ ਬਟਾਲਾ ਲਈ 150 ਕਰੋੜ ਰੁਪੈ ਦੇ 26 ਵੱਖ-ਵੱਖ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਨੇ ਪ੍ਰਾਜੈਕਟਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ 550ਵੇਂ ਪ੍ਰਕਾਸ਼ ਪੁਰਬ ਮੌਕੇ ਸ਼ਰਧਾਲੂਆਂ ਦੇ ਸਹੂਲਤ ਲਈ ਵੱਖਰੇ ਤੌਰ 'ਤੇ 3312 ਕਰੋੜ ਰੁਪੈ ਦੇ ਪ੍ਰਾਜੈਕਟਾਂ ਦਾ ਵੀ ਐਲਾਨ ਕੀਤਾ।
ਇਸ ਤੋਂ ਇਲਾਵਾ ਉਨ੍ਹਾਂ 10.5 ਕਰੋੜ ਰੁਪੈ ਦੀ ਲਾਗਤ ਨਾਲ ਸੂਬੇ ਦੇ ਹਰ ਪਿੰਡ ਵਿਚ 550 ਪੌਦੇ ਲਾਉਣ ਦੀ ਮੁਹਿੰਮ ਦੀ ਵੀ ਸ਼ੁਰੂਆਤ ਕੀਤੀ। ਪੌਦੇ ਲਾਉਣ ਦਾ ਖਰਚ ਗਰੀਨ ਪੰਜਾਬ ਮਿਸ਼ਨ ਵਿਚੋਂ ਕੀਤਾ ਜਾਵੇਗਾ ਤੇ ਪੌਦਿਆਂ ਦੀ ਸਾਂਭ ਸੰਭਾਲ ਮਨਰੇਗਾ ਯੋਜਨਾ ਤਹਿਤ ਕੀਤੀ ਜਾਵੇਗੀ। ਸਾਰੇ ਪੰਜਾਬੀਆਂ ਨੂੰ ਇਸ ਹਰਿਆਲੀ ਮੁਹਿੰਮ ਦੇ ਭਾਗੀਦਾਰ ਬਣਨ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਰ ਇਕ ਵਿਅਕਤੀ ਆਪਣੇ ਘਰ ਵਿਚ ਫ਼ਲਦਾਰ ਪੌਦਾ ਜ਼ਰੂਰ ਲਾਵੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਪੌਦੇ ਭਾਰਤੀ ਕਿਸਮਾਂ ਦੇ ਹੋਣਗੇ ਜੋ ਕਿ ਪੰਚਾਇਤ ਦੀ ਸਲਾਹ ਨਾਲ ਢੁੱਕਵੇਂ ਥਾਵਾਂ 'ਤੇ ਲਾਏ ਜਾਣਗੇ।
ਮੁੱਖ ਮੰਤਰੀ ਵਲੋਂ ਇਸ ਮੌਕੇ ਜਿੱਥੇ 32 ਕੈਦੀਆਂ ਦੀ ਰਿਹਾਈ ਦਾ ਵੀ ਐਲਾਨ ਕੀਤਾ ਗਿਆ ਉੱਥੇ ਹੀ 2952 ਕੈਦੀਆਂ ਦੀ ਸਜ਼ਾ ਵਿਚ ਕਟੌਤੀ ਦਾ ਵੀ ਐਲਾਨ ਕੀਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਧੀਕ ਮੁੱਖ ਸਕੱਤਰ ਗ੍ਰਹਿ ਦੀ ਅਗਵਾਈ ਹੇਠ ਇਕ ਕਮੇਟੀ ਦਾ ਗਠਨ ਕਰਨ ਦਾ ਫੈਸਲਾ ਲਿਆ ਗਿਆ ਹੈ, ਜਿਸ ਵਿਚ ਪ੍ਰਮੁੱਖ ਸਕੱਤਰ ਜੇਲਾਂ, ਡੀ.ਜੀ. ਇੰਟੈਲੀਜੈਂਸ ਤੇ ਏ.ਡੀ.ਜੀ.ਪੀ. ਜੇਲਾਂ ਨੂੰ ਮੈਂਬਰ ਵਜੋਂ ਸ਼ਾਮਿਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਮੇਟੀ ਵਲੋਂ ਕੈਦੀਆਂ ਦੇ ਆਚਰਣ ਦੇ ਆਧਾਰ 'ਤੇ ਉਨ੍ਹਾਂ ਨੂੰ ਸਜ਼ਾ ਵਿਚ ਕਟੌਤੀ ਕਰਕੇ ਮਿੱਥੇ ਸਮੇਂ ਤੋਂ ਪਹਿਲਾਂ ਰਿਹਾਅ ਕਰਨ ਬਾਰੇ ਰਿਪੋਰਟ 60 ਦਿਨ ਦੇ ਅੰਦਰ ਦਿੱਤੀ ਜਾਵੇਗੀ।
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਲੋਂ ਅੱਜ ਜਿਨ੍ਹਾਂ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ ਗਏ ਉਨਾਂ ਵਿਚ 24 ਕਰੋੜ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਤਿੰਨ ਹਾਈ ਲੈਵਲ ਬ੍ਰਿਜ ਤੇ 2 ਫੁੱਟ ਬ੍ਰਿਜ ਸ਼ਾਮਿਲ ਹਨ। ਇਸ ਤੋਂ ਇਲਾਵਾ ਬਿਆਸ ਦਰਿਆ 'ਤੇ 13 ਕਰੋੜ ਦੀ ਲਾਗਤ ਨਾਲ ਪੱਕੇ ਪੁਲ ਦੀ ਉਸਾਰੀ, 5 ਕਰੋੜ ਨਾਲ ਨਵੇਂ ਰੈਸਟ ਹਾਊਸ ਦੀ ਉਸਾਰੀ, 42 ਕਰੋੜ ਨਾਲ ਸੜਕਾਂ ਨੂੰ ਚੌੜਾ ਕਰਨਾ, 38 ਕਰੋੜ ਰੁਪੈ ਨਾਲ ਸੜਕਾਂ ਦੀ ਮੁਰੰਮਤ ਕਰਨਾ ਸ਼ਾਮਿਲ ਹੈ। ਇਹ ਸਾਰੇ ਪ੍ਰਾਜੈਕਟ ਜੁਲਾਈ 2019 ਤੱਕ ਮੁਕੰਮਲ ਕੀਤਾ ਜਾਣਗੇ।
ਇਨ੍ਹਾਂ ਪ੍ਰਾਜੈਕਟਾਂ ਤੋਂ ਇਲਾਵਾ ਸਥਾਨਕ ਸਰਕਾਰਾਂ ਵਿਭਾਗ ਵਲੋਂ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਜਾਵੇਗਾ, ਜਿਸ ਵਿਚ ਨਵੇਂ ਬੱਸ ਸਟੈਂਡ ਦੀ ਉਸਾਰੀ, ਸੀਵਰੇਜ਼ ਟ੍ਰੀਟਮੈਂਟ ਪਲਾਂਟ ਲਾਉਣਾ ਸ਼ਾਮਿਲ ਹੈ। ਇਸ ਤੋਂ ਇਲਾਵਾ ਡੇਰਾ ਬਾਬਾ ਨਾਨਕ ਤੇ ਬਟਾਲਾ ਵਿਖੇ ਵੀ ਨਗਰ ਕੌਸਲਾਂ ਦੇ ਅਧਿਕਾਰ ਖੇਤਰਾਂ ਵਿਚਲੇ ਖੇਤਰਾਂ ਨੂੰ ਵਿਕਸਤ ਕੀਤਾ ਜਾਵੇਗਾ ਕਿਉਂਕਿ ਇਹ ਸਾਰੇ ਸ਼ਹਿਰ ਗੁਰੂ ਨਾਨਕ ਦੇਵ ਜੀ ਦੇ ਨਾਲ ਸਬੰਧਿਤ ਹਨ। ਮੁੱਖ ਮੰਤਰੀ ਵਲੋਂ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜਨਵਰੀ 2019 ਤੋਂ 371 ਕਰੋੜ ਰੁਪੈ ਦੀ ਲਾਗਤ ਨਾਲ 43 ਲੱਖ ਪਰਿਵਾਰਾਂ ਨੂੰ 5 ਲੱਖ ਰੁਪੈ ਤੱਕ ਦਾ ਬੀਮਾ ਕਵਰ ਕੀਤਾ ਦਿੱਤਾ ਜਾਵੇਗਾ।
ਪੰਜਾਬ ਸਰਕਾਰ ਨੇ ਸੂਬੇ ਭਰ ਵਿਚ ਪੜਾਅਵਾਰ ਤਰੀਕੇ ਨਾਲ ਸਮਾਰਟ ਪਿੰਡ ਮੁਹਿੰਮ (ਐਸ.ਵੀ. ਸੀ, )ਹੇਠ ਪਿੰਡਾਂ ਦੇ ਬੁਨਿਆਢੀ ਢਾਂਚੇ ਨੂੰ ਉੱਚਾ ਚੁੱਕਣ ਲਈ ਸ਼ਾਨਾਮੱਤਾ ਪ੍ਰੋਗਰਾਮ ਬਣਾਇਆ ਹੈ। ਇਸ ਉੱਪਰ ਪਹਿਲੇ ਪੜਾਅ ਦੌਰਾਨ ਇਕ ਹਜ਼ਾਰ ਕਰੋੜ ਰੁਪੈ ਦੀ ਲਾਗਤ ਆਵੇਗੀ। ਇਸਦੇ ਹੇਠ ਸੀਵਰੇਜ਼ ਪ੍ਰਣਾਲੀ, ਗਲੀਆਂÎ , ਜਿੰਮ, ਪਾਰਕ, ਸੀ.ਸੀ.ਟੀ.ਵੀ. , ਪਿੰਡ ਸਕੱਤਰੇਤ ਦੀ ਸਥਾਪਨਾ ਕੀਤੇ ਜਾਣਾ ਸ਼ਾਮਿਲ ਹੈ। ਇਹ ਕੰਮ ਅਗਲੇ ਸਾਢੇ 3 ਸਾਲਾਂ ਦੌਰਾਨ ਮੁਕੰਮਲ ਕੇਤੇ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰਾਜੈਕਟ ਦਾ ਉਦੇਸ਼ ਪਿੰਡਾਂ ਨੂੰ ਸਵੈ ਨਿਰਭਰ ਬਣਾਉਣ ਦੇ ਨਾਲ-ਨਾਲ ਅਜਿਹਾ ਵਾਤਾਵਰਣ ਪੈਦਾ ਕਰਨਾ ਹੈ ਤਾਂ ਜੋ ਸਥਾਨਕ ਲੋਕ ਢੁੱਕਵੀਂ ਤਕਨਾਲੌਜੀ, ਪ੍ਰਣਾਲੀ, ਢਾਂਚੇ ਅਤੇ ਪ੍ਰਕ੍ਰਿਆ ਦੇ ਨਾਲ ਸਮੇਂ ਦੇ ਹਾਣੀ ਬਣ ਸਕਣ। ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ 36 ਪਿੰਡਾਂ ਤੇ 11 ਨਗਰ ਪੰਚਾਇਤਾਂ ਦੇ ਖੇਤਰਾਂ ਵਿਚ ਗਏ ਸਨ, ਉਨ੍ਹਾਂ ਦੀ 150 ਕਰੋੜ ਰੁਪੈ ਨਾਲ ਵਿਕਾਸ ਕਰਨ ਦੀ ਸ਼ਨਾਖਤ ਕੀਤੀ ਗਈ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ 510 ਕਰੋੜ ਰੁਪੈ ਦੀ ਲਾਗਤ ਨਾਲ 'ਇੰਟਰ ਫੇਥ ਸਟੱਡੀਜ਼ ਇੰਸਟੀਚਿਊਟ ਸਥਾਪਿਤ ਕੀਤਾ ਜਾਵੇਗਾ ਤੇ ਸੁਲਤਾਨਪੁਰ ਲੋਧੀ ਵਿਖੇ ਪਿੰਡ ਬਾਬੇ ਨਾਨਕ ਦਾ ਅਜਾਇਬ ਘਰ ਬਣਾਇਆ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਮੁਹੱਬਲੀਪੁਰ ਵਿਖੇ ਬੇਬੇ ਨਾਨਕੀ ਕਾਲਜ (ਲੜਕੀਆਂ) ਬਣਾਉਣ ਦਾ ਵੀ ਐਲਾਨ ਕੀਤਾ। ਇਸ ਤੋਂ ਇਲਾਵਾ ਕਾਲੀ ਵੇਈਂ ਨੂੰ ਸਾਫ ਕਰਨ ਤੇ ਕਿਨਾਰਿਆਂ ਨੂੰ ਮਜ਼ਬੂਤ ਕਰਨ ਦਾ ਵੀ ਪ੍ਰਾਜੈਕਟ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਸਹਿਯੋਗ ਨਾਲ ਇਕ ਓਂਕਾਰ ਚੈਰੀਟੇਬਲ ਟਰੱਸਟ ਦੁਆਰਾ ਕਾਰ ਸੇਵਾ ਰਾਹੀਂ ਚਲਾਇਆ ਜਾਵੇਗਾ।
ਸੁਲਤਾਨਪੁਰ ਲੋਧੀ ਦਾ ਮਾਝਾ, ਦੋਆਬਾ ਤੇ ਮਾਲਵਾ ਨਾਲ ਸੰਪਰਕ ਸੁਧਾਰਨ ਲਈ ਸੜਕਾਂ ਤੇ ਪੁਲਾਂ ਦਾ ਪੱਧਰ ਉੱਚਾ ਚੁੱਕਣ ਲਈ 180 ਕਰੋੜ ਰੁਪੈ ਰੱਖੇ ਗਏ ਹਨ ਤਾਂ ਜੋ ਸਮਾਰੋਹਾਂ ਦੌਰਾਨ ਇੱਥੇ ਪੈਣ ਵਾਲੇ ਭਾਰੀ ਰਸ਼ ਨੂੰ ਕੋਈ ਦਿੱਕਤ ਨਾ ਆਵੇ । ਸੁਲਤਾਨਪੁਰ ਲੋਧੀ ਵਿਚ ਇਸਦੇ ਆਲੇ ਦੁਆਲੇ ਇਹ ਕੰਮ 31 -09-2019 ਤੱਕ ਮੁਕੰਮਲ ਕੀਤੇ ਜਾਣਗੇ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕੋਟਲੀ ਨੰਗਲ ਵਿਖੇ 400 ਕਰੋੜ ਦੀ ਲਾਗਤ ਨਾਲ ਇਕ ਸਰਕਾਰੀ ਮੈਡੀਕਲ ਕਾਲਜ ਤੇ ਸੁਪਰ ਸ਼ਪੈਸ਼ਿਲਟੀ ਹਸਪਤਾਲ ਸਥਾਪਿਤ ਕੀਤਾ ਜਾਵੇਗਾ।
ਇਸ ਨੂੰ ਜਨਤਕ-ਨਿੱਜੀ ਭਾਈਵਾਲੀ ਹੇਠ ਬਣਾਇਆ ਜਾਵੇਗਾ ਤੇ ਇਹ ਕੰਮ 2021 ਤੱਕ ਮੁਕੰਮਲ ਹੋਵੇਗਾ। ਇਸ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਸੈਂਟਰ ਫਾਰ ਇਨਵੈਨਸ਼ਨ, ਇਨੋਵੇਸ਼ਨ,ਇੰਕੁਬੇਸ਼ਨ ਐਂਡ ਟਰੇਨਿੰਗ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਕੈਂਪਸ ਵਿਖੇ ਸਥਾਪਿਤ ਕੀਤਾ ਜਾਵੇਗਾ। ਇਸ ਪ੍ਰਾਜੈਕਟ ਦੀ ਅਗਲੀ ਸ਼ਾਖਾ ਪਿੰਡ ਜੱਬੋਵਾਲ ਵਿਖੇ ਸਥਾਪਿਤ ਕੀਤੀ ਜਾਵੇਗੀ। ਇਹ ਸਾਰੇ ਪ੍ਰਾਜੈਕਟਾਂ ਦੀ ਲਾਗਤ 739 ਕਰੋੜ ਰੁਪੈ ਹੈ। ਮੁੱਖ ਮੰਤਰੀ ਨੇ ਪੀ.ਟੀ.ਯੂ ਕਪੂਰਥਲਾ ਵਿਖੇ ਗੁਰੂ ਨਾਨਕ ਦੇਵ ਜੀ ਆਡੀਟੋਰੀਅਮ ,ਕਾਂਜਲੀ ਵਿਖੇ ਬਾਇਓਡਾਇਵਰਸਟੀ ਪਾਰਕ ਬਣਾਉਣ ਦਾ ਵੀ ਐਲਾਨ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਦੇ ਰੇਲਵੇ ਮੰਤਰਾਲੇ ਵਲੋਂ ਕੀਤੇ ਐਲਾਨ ਅਨੁਸਾਰ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਦਾ ਨਵੀਨੀਕਰਨ ਕੀਤਾ ਜਾਵੇਗਾ। ਇਸ ਸਬੰਧੀ ਸੂਬਾ ਸਰਕਾਰ ਨੂੰ ਰੇਲਵੇ ਮੰਤਰਾਲੇ ਨੂੰ ਬੇਨਤੀ ਕੀਤੀ ਸੀ ਜੋ ਕਿ ਪ੍ਰਵਾਨ ਕਰ ਲਈ ਗਈ ਹੈ। ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਜਾਰੀ ਕਰਨ ਦੇ ਫੈਸਲੇ ਦਾ ਵੀ ਸਵਾਗਤ ਕੀਤਾ। ਸਮਾਗਮ ਦੌਰਾਨ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਆਸ਼ਾ ਕਮਾਰੀ, ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ,
ਸੁਖਬਿੰਦਰ ਸਿੰਘ ਸੁਖ ਸਰਕਾਰੀਆ, ਸਾਧੂ ਸਿੰਘ ਧਰਮਸੋਤ, ਓ.ਪੀ. ਸੋਨੀ, ਬਲਬੀਰ ਸਿੰਘ ਸਿੱਧੂ, ਰਾਣਾ ਗੁਰਮੀਤ ਸਿੰਘ ਸੋਢੀ, ਵਿਜੇ ਇੰਦਰ ਸਿੰਗਲਾ, ਚਰਨਜੀਤ ਸਿੰਘ ਚੰਨੀ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਤੋਂ ਇਲਾਵਾ ਸੰਤ ਸਮਾਜ ਦੇ ਮੈਂਬਰ ਵੀ ਹਾਜ਼ਰ ਸਨ। ਇਸ ਤੋਂ ਇਲਾਵਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਚੌਧਰੀ ਸੰਤੋਖ ਸਿੰਘ, ਨਵਤੇਜ ਸਿੰਘ ਚੀਮਾ, ਰਾਣਾ ਗੁਰਜੀਤ ਸਿੰਘ, ਸੰਗਤ ਸਿੰਘ ਗਿਲਜੀਆਂ, ਗੁਰਕੀਰਤ ਸਿੰਘ ਕੋਟਲੀ, ਰਮਨਜੀਤ ਸਿੰਘ ਸਿੱਕੀ, ਹਰਦੇਵ ਸਿੰਘ ਲਾਡੀ, ਸੁਸ਼ੀਲ ਕੁਮਾਰ ਰਿੰਕੂ, ਕੁਲਬੀਰ ਸਿੰਘ ਜ਼ੀਰਾ ਅਤੇ ਦਵਿੰਦਰ ਸਿੰਘ ਘੁਬਾਇਆ (ਸਾਰੇ ਵਿਧਾਇਕ) ਹਾਜ਼ਰ ਸਨ।