
ਬਿਜਲੀ ਦਾ ਬਿਲ ਨਹੀਂ ਭਰ ਰਹੇ ਸਰਕਾਰੀ ਵਿਭਾਗ
ਗੁਰਦਾਸਪੁਰ- ਪੰਜਾਬ ਪਾਵਰ ਕਾਰਪੋਰੇਸ਼ਨ ਨੇ ਵੱਖ-ਵੱਖ ਸਰਕਾਰੀ ਵਿਭਾਗਾਂ ਵੱਲ 21 ਕਰੋੜ ਰੁਪਏ ਦੇ ਬਿਜਲੀ ਬਿੱਲਾਂ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਨਾ ਹੋਣ ਕਾਰਨ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਭ ਤੋਂ ਵੱਧ ਬਕਾਇਆ ਨਗਰ ਕੌਂਸਲ ਗੁਰਦਾਸਪੁਰ ਦਾ ਹੈ ਜਿਸਦੀ ਰਾਸ਼ੀ 18 ਕਰੋੜ 95 ਲੱਖ ਹੈ। ਪਾਵਰਕਾਮ ਵੱਲੋਂ ਸਾਰੇ ਵਿਭਾਗਾਂ ਨੂੰ ਨੋਟਿਸ ਜਾਰੀ ਕਰ ਕੇ ਬਿਜਲੀ ਕੁਨੈਕਸ਼ਨ ਕੱਟਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਵਿਭਾਗਾਂ ਵੱਲੋਂ ਇੱਕ ਹਫ਼ਤੇ ਅੰਦਰ ਬਕਾਇਆ ਰਾਸ਼ੀ ਜਮ੍ਹਾਂ ਨਹੀਂ ਕਰਵਾਈ ਜਾਂਦੀ ਹੈ, ਉਨ੍ਹਾਂ ਦੇ ਕੁਨੈਕਸ਼ਨ ਕੱਟੇ ਜਾ ਰਹੇ ਹਨ। ਪਾਵਰਕਾਮ ਵਿਭਾਗ ਦੇ ਐਕਸੀਅਨ ਗੁਰਕੀਰਤ ਸਿੰਘ ਬਾਜਵਾ ਨੇ ਦੱਸਿਆ ਕਿ ਗੁਰਦਾਸੁਪੁਰ ਸਰਕਲ ਅਧੀਨ ਵੱਖ-ਵੱਖ ਵਿਭਾਗਾਂ ਵੱਲ ਕੋਈ 21 ਕਰੋੜ ਰੁਪਏ ਬਕਾਇਆ ਪਏ ਹਨ ਅਤੇ ਕਈ ਸਾਲਾਂ ਤੋਂ ਭੁਗਤਾਨ ਨਹੀਂ ਹੋ ਰਿਹਾ।
ਮੌਜੂਦਾ ਸਮੇਂ 'ਚ ਨਗਰ ਕੌਂਸਲ ਗੁਰਦਾਸਪੁਰ ਵੱਲ 18.95 ਕਰੋੜ, ਪੁਲਿਸ ਵਿਭਾਗ ਵੱਲ 21. 64 ਲੱਖ ਰੁਪਏ, ਪਬਲਿਕ ਹੈਲਥ ਵੱਲ 67.27 ਲੱਖ ਰੁਪਏ, ਸਿਹਤ ਵਿਭਾਗ ਵੱਲ 92. 61 ਲੱਖ ਰੁਪਏ, ਲੀਗਲ ਸਰਵਿਸ ਵਿਭਾਗ ਵੱਲ ਸਾਢੇ 8 ਲੱਖ ਰੁਪਏ, ਸਰਕਾਰੀ ਸਕੂਲਾਂ ਵੱਲ ਡੇਢ ਲੱਖ ਰੁਪਏ ਅਤੇ ਹੋਰ 20 ਲੱਖ ਰੁਪਏ ਦੇ ਬਿੱਲਾਂ ਦਾ ਭੁਗਤਾਨ ਬਕਾਇਆ ਹੈ।
ਕੁੱਲ ਮਿਲਾ ਕੇ 21 ਕਰੋੜ 7 ਲੱਖ ਰੁਪਏ ਪਿਛਲੇ ਕਈ ਸਾਲਾਂ ਤੋਂ ਬਕਾਇਆ ਹਨ ਅਤੇ ਇਸ ਰਾਸ਼ੀ ਦਾ ਭੁਗਤਾਨ ਨਹੀਂ ਹੋ ਰਿਹਾ। ਐਕਸੀਅਨ ਗੁਰਕੀਰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਣਨ ਉਪਰੰਤ ਕਈ ਸਰਕਾਰੀ ਦਫ਼ਤਰ ਇੱਥੇ ਸ਼ਿਫਟ ਹੋ ਚੁੱਕੇ ਹਨ। ਉਨ੍ਹਾਂ ਵੱਲੋਂ ਪੁਰਾਣੇ ਦਫ਼ਤਰਾਂ ਦੇ ਬਿੱਲਾਂ ਦਾ ਭੁਗਤਾਨ ਨਹੀਂ ਕੀਤਾ ਗਿਆ।
ਹੁਣ ਇਨ੍ਹਾਂ ਦੇ ਕੁਨੈਕਸ਼ਨ ਕੱਟ ਦਿੱਤੇ ਗਏ ਹਨ ਅਤੇ ਬਕਾਇਆ ਰਾਸ਼ੀ ਵਸੂਲ ਕਰਨ ਲਈ ਉਨ੍ਹਾਂ ਦੇ ਪੁਰਾਣੇ ਬਿੱਲਾਂ ਨੂੰ ਨਵੇਂ ਬਿੱਲਾਂ ਵਿਚ ਪਾਇਆ ਜਾ ਰਿਹਾ ਹੈ। ਇਨ੍ਹਾਂ ਵਿਚ ਐੱਸਪੀ ਵਿਜੀਲੈਂਸ ਦੇ ਪੁਰਾਣੇ ਦਫ਼ਤਰ ਵੱਲ 32 ਹਜ਼ਾਰ, ਡੀਟੀਓ ਦਫ਼ਤਰ ਵੱਲ ਡੇਢ ਲੱਖ, ਐੱਸਓ ਜੇਲ੍ਹ ਰੋਡ ਵੱਲ 1 ਲੱਖ 93 ਹਜ਼ਾਰ, ਪੁਰਾਣੀ ਤਹਿਸੀਲ ਵੱਲ 5 ਲੱਖ 60 ਹਜ਼ਾਰ ਅਤੇ ਪੁਰਾਣੇ ਡੀਸੀ ਦਫ਼ਤਰ ਵੱਲ ਪੌਣੇ 2 ਲੱਖ ਰੁਪਏ ਬਕਾਇਆ ਹੈ।
ਐਕਸੀਅਨ ਬਾਜਵਾ ਨੇ ਦੱਸਿਆ ਕਿ ਜ਼ਰੂਰੀ ਸੇਵਾਵਾਂ ਦੇਣ ਵਾਲੇ ਵਿਭਾਗਾਂ ਜਿਵੇਂ ਸਰਕਾਰੀ ਸਕੂਲ, ਹਸਪਤਾਲ, ਸਟ੍ਰੀਟ ਲਾਈਟ, ਜੇਲ੍ਹ, ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ ਪਾਣੀ ਆਦਿ ਦੀਆਂ ਸਹੂਲਤਾਂ ਦੇਣ ਵਾਲੇ ਵਿਭਾਗਾਂ ਦੇ ਕੁਨੈਕਸ਼ਨ ਲੋਕ ਹਿੱਤ ਵਿਚ ਨਹੀਂ ਕੱਟੇ ਜਾ ਰਹੇ ਪਰ ਇਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ।