
ਸਕੂਲ ਦੀ ਮਾਨਤਾ ਰੱਦ ਕਰਨ ਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਕੀਤੀ ਮੰਗ...
ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਸੈਂਟ ਗਰੇਗੋਰੀਅਸ ਸਕੂਲ ਦਵਾਰਕਾ ਦੇ ਖਿਲਾਫ ਫੌਜਦਾਰੀ ਸ਼ਿਕਾਇਤ ਦਰਜ ਕਰਵਾਈ ਜਿਸਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਇਕ ਅਤਿਵਾਦੀ ਦੱਸਿਆ ਤੇ ਕਿਹਾ ਕਿ ਉਹਨਾਂ ਨੇ ਸਿੱਖਾਂ ਨੂੰ ਅਤਿਵਾਦੀ ਗਰੁੱਪ ਖਾਲਸਾ ਬਣਾਇਆ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਦਿੱਲੀ ਸਰਕਾਰ ਤੋਂ ਸਕੂਲ ਦੀ ਮਾਨਤਾ ਵੀ ਤੁਰੰਤ ਕੀਤੇ ਜਾਣ ਦੀ ਮੰਗ ਕੀਤੀ।
School Paper
ਪੁਲਿਸ ਕੋਲ ਦਾਇਰ ਕੀਤੀ ਸ਼ਿਕਾਇਤ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਸਕੂਲ ਨੇ ਵਿਦਿਆਰਥੀਆਂ ਨੂੰ ਇਕ ਸਵਾਲ ਕੀਤਾ ਜਿਸ ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਇਕ ਅਤਿਵਾਦੀ ਦੱਸਿਆ ਗਿਆ। ਉਹਨਾਂ ਕਿਹਾ ਕਿ ਇਹ ਦੇਸ਼ ਦੇ ਇਤਿਹਾਸ ਦਾ ਬਹੁਤ ਹੀ ਮੰਦਭਾਗਾ ਦਿਨ ਹੈ ਜਦੋਂ ਦੇਸ਼ ਦੇ ਲੋਕਾਂ ਦੇ ਧਰਮ ਦੀ ਰਾਖੀ ਲਈ, ਮਨੁੱਖਤਾ ਦੀ ਰਾਖੀ ਲਈ ਅਤੇ ਜ਼ੁਲਮ ਦੇ ਖਿਲਾਫ ਲੜਨ ਲਈ ਆਪਣੇ ਚਾਰ ਪੁੱਤਰ, ਪਿਤਾ ਤੇ ਸਰਬੰਸ ਵਾਰਨ ਵਾਲੇ ਗੁਰੂ ਸਾਹਿਬ ਨੂੰ ਅਤਿਵਾਦੀ ਦੱਸਿਆ ਗਿਆ ਹੈ।
Manjinder singh sirsa
ਉਹਨਾਂ ਕਿਹਾ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਸਕੂਲ ਖਿਲਾਫ ਆਈ ਪੀ ਸੀ ਦੀਆਂ ਵੱਖ ਵੱਖ ਫੌਜਦਾਰੀ ਧਾਰਾਵਾਂ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਸਿੱਖਾਂ ਨੂੰ ਬਦਨਾਮ ਕਰਨ ਅਤੇ ਲੋਕਾਂ ਖਾਸ ਤੌਰ 'ਤੇ ਬੱਚਿਆਂ ਦੇ ਮਨਾਂ ਵਿਚ ਸਿੱਖਾਂ ਪ੍ਰਤੀ ਜ਼ਹਿਰ ਭਰਨ ਦੀ ਮੁਹਿੰਮ ਵਿੱਢੀ ਗਈ ਹੈ।
Manjinder singh sirsa
ਉਹਨਾਂ ਕਿਹਾ ਕਿ ਸਕੂਲ ਨੇ ਕਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਇਕ ਅਤਿਵਾਦੀ ਗਰੁੱਪ ਵਿਚ ਬਦਲਿਆ ਜਿਸਦਾ ਨਾਂ ਖਾਲਸਾ ਰੱਖਿਆ ਗਿਆ, ਇਸ ਤੋਂ ਇਹ ਪਤਾ ਲੱਗਦਾ ਹੈ ਕਿ ਸਾਰੀ ਸਿੱਖ ਕੌਮ ਨੂੰ ਅਤਿਵਾਦੀ ਦੱਸਣ ਦਾ ਯਤਨ ਹੋ ਰਿਹਾ ਹੈ। ਸ੍ਰੀ ਸਿਰਸਾ ਨੇ ਦਿੱਲੀ ਸਰਕਾਰ ਨੂੰ ਵੀ ਦੱਸਿਆ ਕਿ ਕਲਾਸ ਸਤਵੀਂ ਦੇ ਸੋਸ਼ਲ ਸਾਇੰਸ ਵਿਸ਼ੇ ਦੇ ਪੇਪਰ ਵਿਚ ਇਹ ਸਵਾਲ ਪਾਇਆ ਗਿਆ ਸੀ।
Manjinder singh sirsa
ਉਹਨਾਂ ਕਿਹਾ ਕਿ ਸੇਂਟ ਗਰੇਗੋਰੀਅਸ ਸਕੂਲ ਨੇ ਤੱਥਾਂ ਨੂੰ ਤੋੜ ਮਰੋੜ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਇਸ ਕਾਰਵਾਈ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਵੱਜੀ ਹੈ ਤੇ ਇਸ ਮਾਮਲੇ ਨੂੰ ਤੁਰੰਤ ਹੱਲ ਕੀਤੇ ਜਾਣ ਦੀ ਜ਼ਰੂਰਤ ਹੈ। ਉਹਨਾਂ ਮੰਗ ਕੀਤੀ ਕਿ ਸਕੂਲ ਪ੍ਰਸ਼ਾਸਨ ਦੇ ਖਿਲਾਫ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਸਦੀ ਮਾਨਤਾ ਤੁਰੰਤ ਰੱਦ ਹੋਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿਚ ਅਜਿਹੀ ਗਲਤੀ ਦੁਬਾਰਾ ਨਾ ਦੁਹਰਾਈ ਜਾਵੇ।
Manjinder Singh Sirsa
ਉਹਨਾਂ ਕਿਹਾ ਕਿ ਸਕੂਲ ਅਜਿਹੀ ਥਾਂ ਹਨ ਜਿਥੇ ਧਾਰਮਿਕ ਸਦਭਾਵਨਾ ਦਾ ਪ੍ਰਚਾਰ ਹੁੰਦਾ ਹੈ ਪਰ ਜੋ ਭਾਸ਼ਾ ਵਰਤੀ ਗਈ ਹੈ ਇਹ ਭਾਸ਼ਾ ਵਿਦਿਆਰਥੀਆਂ ਵਿਚ ਨਫਰਤ ਦੀ ਭਾਵਨਾ ਪੈਦਾ ਕਰਦੀ ਹੈ ਜੋ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।.