
ਕਿਹਾ, ਭ੍ਰਿਸ਼ਟਾਚਾਰ 'ਤੇ ਪਰਦਾ ਪਾਉਣ ਲਈ ਸਿਰਸਾ ਸਿੱਖਾਂ ਨੂੰ ਗੁਮਰਾਹ ਕਰ ਰਿਹੈ
ਨਵੀਂ ਦਿੱਲੀ : 'ਜਾਗੋ' ਪਾਰਟੀ ਦੇ ਪ੍ਰਧਾਨ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਨੇ ਕਿਹਾ ਹੈ ਕਿ ਦਿੱਲੀ ਗੁਰਦਵਾਰਾ ਕਮੇਟੀ ਦੇ ਜਨਰਲ ਹਾਊਸ ਕੋਲ ਉਨ੍ਹਾਂ ਦੀ ਮੈਂਬਰੀ ਖੋਹਣ ਦਾ ਕੋਈ ਹੱਕ ਨਹੀਂ ਤੇ ਇਹ ਦਿੱਲੀ ਸਿੱਖ ਗੁਰਦਵਾਰਾ ਐਕਟ 1971 ਦੀ ਵੀ ਉਲੰਘਣਾ ਹੈ।
Photo
ਅੱਜ ਇਥੇ ਸੱਦੀ ਪੱਤਰਕਾਰ ਮਿਲਣੀ ਵਿਚ ਜੀ.ਕੇ. ਨੇ ਕਿਹਾ, ਸੰਗਤ ਵਲੋਂ ਚੁਣੇ ਗਏ ਮੈਂਬਰ ਦੀ ਮੈਂਬਰੀ ਰੱਦ ਕਰਨ ਦਾ ਕਮੇਟੀ ਜਨਰਲ ਹਾਊਸ ਕੋਲ ਕੋਈ ਹੱਕ ਹੀ ਨਹੀਂ। ਮੈਂਬਰੀ ਰੱਦ ਕਰਨ ਦੇ ਫ਼ੈਸਲੇ ਨੂੰ ਅਦਾਲਤ ਵਿਚ ਚੁਨੌਤੀ ਦੇਵਾਂਗਾ। ਸਿਰਸਾ ਅਪਣੇ ਭ੍ਰਿਸ਼ਟਾਚਾਰ 'ਤੇ ਪਰਦਾ ਪਾਉਣ ਤੇ ਸਿੱਖਾਂ ਨੂੰ ਗੁਮਰਾਹ ਕਰਨ ਲਈ ਸਾਰਾ ਡਰਾਮਾ ਖੇਡ ਰਹੇ ਹਨ ਜੇ ਮੇਰੇ 'ਤੇ ਗੋਲਕ ਚੋਰੀ ਦਾ ਇਕ ਰੁਪਏ ਦਾ ਦੋਸ਼ ਵੀ ਸਾਬਤ ਹੋ ਗਿਆ ਤਾਂ ਮੈਂ 2 ਰੁਪਏ ਵਾਪਸ ਕਰਾਂਗਾ।
Photo
ਉਨ੍ਹਾਂ ਦਾਅਵਾ ਕੀਤਾ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ ਭਾਜਪਾ ਵਲੋਂ ਨਕਾਰ ਦਿਤਾ ਗਿਆ ਹੈ ਤੇ ਬਾਦਲਾਂ ਕੋਲ ਹੁਣ ਕੋਈ ਮੁੱਦਾ ਨਹੀਂ ਹੈ। ਉਹ ਇਸ ਤਰ੍ਹਾਂ ਲੋਕਾਂ ਦਾ ਧਿਆਨ ਭਟਕਾਉਣ ਲਈ ਅਜਿਹੇ ਭੁਲੇਖਾ ਪਾਊ ਫ਼ੈਸਲੇ ਕਰ ਰਹੇ ਹਨ।
Photo
ਉਨ੍ਹਾਂ ਮੁੜ ਦੁਹਰਾਇਆ ਕਿ 51 ਲੱਖ ਕੈਨੇਡੀਅਨ ਡਾਲਰ ਦਾ ਦਾਨ ਕਮੇਟੀ ਦੇ ਬੈਂਕ ਖਾਤੇ ਵਿਚ ਹੀ ਆਇਆ ਸੀ, ਇਹੋ ਅੱਗੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੰਮਾ ਨੂੰ ਸੇਵਾ ਕਾਰਜਾਂ ਲਈ ਦਿਤੇ ਗਏ ਸਨ ਜਿਸ ਬਾਰੇ ਉਹ ਅਦਾਲਤ ਵਿਚ ਵੀ ਬਿਆਨ ਦੇ ਚੁਕੇ ਹਨ।
Photo
ਉਨ੍ਹਾਂ ਉਲਟਾ ਕਮੇਟੀ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ 'ਤੇ ਭ੍ਰਿਸ਼ਟਾਚਾਰ ਦੇ ਮਾਮਲੇ ਚਲ ਰਹੇ ਹੋਣ ਦਾ ਦਾਅਵਾ ਕੀਤਾ ਤੇ ਕਿਹਾ ਕਿ ਅਪਣੀ ਪ੍ਰਧਾਨਗੀ ਤੇ ਜਨਰਲ ਸਕੱਤਰੀ ਹਾਸਲ ਕਰਨ ਲਈ ਸਿਰਸਾ ਤੇ ਕਾਲਕਾ ਨੇ ਤਕਰੀਬਨ 400 ਕਰੋੜ ਰੁਪਏ ਦੀ ਕੀਮਤ ਵਾਲੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਜੋ ਅਕਾਲ ਤਖ਼ਤ ਸਾਹਿਬ ਦੇ ਦਖ਼ਲ ਪਿਛੋਂ ਮੁੜ ਦਿੱਲੀ ਕਮੇਟੀ ਨੂੰ ਸੌਂਪ ਦਿਤਾ ਗਿਆ ਸੀ, ਉਹ ਮੁੜ ਸੁਖੋ ਖਾਲਸਾ ਪ੍ਰਾਇਮਰੀ ਐਜੂਕੇਸ਼ਨਲ ਸੁਸਾਇਟ ਨੂੰ ਦੇ ਦਿਤਾ ਹੋਇਆ ਹੈ, ਜੋ ਸ.ਅਵਤਾਰ ਸਿੰਘ ਹਿਤ ਦੀ ਪ੍ਰਧਾਨਗੀ ਵਾਲੀ ਸੁਸਾਇਟੀ ਹੈ।
Photo
'ਸਪੋਕਸਮੈਨ' ਨਾਲ ਗੱਲਬਾਤ ਕਰਦੇ ਹੋਏ ਤਖ਼ਤ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਤੇ ਦਿੱਲੀ ਗੁਰਦਵਾਰਾ ਕਮੇਟੀ ਦੇ ਸੀਨੀਅਰ ਮੈਂਬਰ ਸ. ਅਵਤਾਰ ਸਿੰਘ ਹਿਤ ਨੇ ਦਾਅਵਾ ਕੀਤਾ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਹਰੀ ਨਗਰ ਦਿੱਲੀ ਗੁਰਦਵਾਰਾ ਕਮੇਟੀ ਦੀ ਹੀ ਮਲਕੀਅਤ ਹੈ, ਭਾਵੇਂ ਇਹ ਅਲਾਟ ਮੇਰੀ ਚੇਅਰਮੈਨੀ ਵਾਲੀ ਸੁਖੋ ਖ਼ਾਲਸਾ ਪ੍ਰਾਇਮਰੀ ਐਜੂਕੇਸ਼ਨਲ ਸੁਸਾਇਟੀ ਨੂੰ ਹੋਇਆ ਸੀ।