
ਭੈਣਾਂ ਨੇ ਸਿਹਰਾ ਬੰਨ ਕੇ ਕੀਤਾ ਵਿਦਾ
Shubhkaran Singh: ਚੰਡੀਗੜ੍ਹ - ਖਨੌਰੀ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ 2 ਦੇ ਨੌਜਵਾਨ ਸ਼ਹੀਦ ਕਿਸਾਨ ਸ਼ੁੱਭਕਰਨ ਸਿੰਘ ਦਾ ਗਮਗੀਨ ਮਾਹੌਲ ਵਿਚ ਸਸਕਾਰ ਕਰ ਦਿੱਤਾ ਗਿਆ ਹੈ। ਸ਼ੁਭਕਰਨ ਦਾ ਸਸਕਾਰ ਕਿਸਾਨੀ ਰੋਹ ਦੇ ਮਹੌਲ ਦੌਰਾਨ ਹੋਇਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ’ਚ ਆਮ ਲੋਕ ,ਸਿਆਸੀ ਨੇਤਾ ,ਪਿੰਡ ਵਾਸੀ ਹਾਜ਼ਰ ਹੋਏ, ਹਰ ਅੱਖ ਨਮ ਹੋਈ। ਸਸਕਾਰ ਮੌਕੇ ਵੱਖ-ਵੱਖ ਜੱਥੇਬੰਦੀਆਂ ਕਿਸਾਨੀ ਝੰਡਿਆਂ ਨਾਲ ਮੌਜੂਦ ਸਨ।
ਸ਼ੁਭਕਰਨ ਦਾ ਸਸਕਾਰ ਗੁਰੂ ਘਰ ਦੀ ਪ੍ਰਬੰਧਕੀ ਕਮੇਟੀ ਅਤੇ ਪੰਚਾਇਤ ਵੱਲੋਂ ਦਾਨ ’ਚ ਦਿੱਤੀ ਜ਼ਮੀਨ ’ਚ ਕੀਤਾ ਗਿਆ ਹੈ। ਪਹਿਲਾਂ ਅੰਤਿਮ ਰਸਮਾਂ ਪਿੰਡ ਦੇ ਰਾਮਬਾਗ ’ਚ ਨਿਭਾਉਣ ਦੀ ਗੱਲ ਕਹੀ ਗਈ ਸੀ ਪਰ ਬਾਅਦ ’ਚ ਫ਼ੈਸਲਾ ਬਦਲ ਦਿੱਤਾ ਗਿਆ। ਇਸ ਜ਼ਮੀਨ ’ਚ ਹੁਣ ਸ਼ੁਭਕਰਨ ਦੀ ਯਾਦਗਾਰ ਵੀ ਬਨਾਉਣ ਦੀ ਗੱਲ ਕਹੀ ਜਾ ਰਹੀ ਹੈ। ਇਸ ਤੋਂ ਪਹਿਲਾਂ ਹਜ਼ਾਰਾਂ ਦੀ ਗਿਣਤੀ 'ਚ ਕਿਸਾਨਾਂ ਦੇ ਕਾਫਲੇ ਨਾਲ ਸ਼ਹੀਦ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ ਫੁੱਲਾਂ ਨਾਲ ਸਜ਼ੀ ਐਂਬੂਲੈਂਸ ’ਚ ਪਿੰਡ ਬੱਲ੍ਹੋ ਵਿਖੇ ਉਨ੍ਹਾਂ ਦੇ ਜੱਦੀ ਘਰ ਲਿਆਂਦੀ ਗਈ।
ਸ਼ੁੱਭ ਦੀ ਅੰਤਿਮ ਯਾਤਰਾ ਦੌਰਾਨ ਸਤਿਨਾਮ-ਵਾਹਿਗਰੂ ਦਾ ਜਾਪ ਕੀਤਾ ਗਿਆ।ਅੰਤਿਮ ਵਿਦਾਈ ਦੇਣ ਤੋਂ ਪਹਿਲਾਂ ਸ਼ਹੀਦ ਦੀਆਂ ਦੋਵਾਂ ਭੈਣਾਂ ਨੇ ਆਪਣੇ ਇਕਲੌਤੇ ਭਰਾ ਦੇ ਸਿਹਰਾ ਸਜਾਇਆ ਤੇ ਅੰਤਿਮ ਵਿਦਾਈ ਦਿੱਤੀ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਸਤਿਕਾਰ ਵਜੋਂ ਸ਼ਹੀਦ ਦੀ ਮ੍ਰਿਤਕ ਦੇਹ 'ਤੇ ਜੱਥੇਬੰਦੀ ਦਾ ਝੰਡਾ ਪਾਇਆ। ਸ਼ਹੀਦ ਦੀ ਮ੍ਰਿਤਕ ਦੇਹ ਨੂੰ ਅਗਨੀ ਉਸ ਦੇ ਪਿਤਾ ਚਰਨਜੀਤ ਸਿੰਘ ਨੇ ਦਿੱਤੀ।
ਪਿੰਡ ਦੀਆਂ ਗਲੀਆਂ ਵਿਚ ਸ਼ਹੀਦ ਦੀ ਸ਼ਹਾਦਤ ਨੂੰ ਦਰਸਾਉਂਦੀਆਂ ਫਲੈਕਸਾਂ ਲਾਈਆਂ ਗਈਆਂ। ਇੱਕ ਪਿੰਡ ਵਾਸੀ ਨੇ ਦੱਸਿਆ ਕਿ ਪਿਛਲੇ 8 ਦਿਨਾਂ ’ਚ ਪਿੰਡ ਦੇ ਕਿਸੇ ਵੀ ਘਰ ਵਿਚ ਢੰਗ ਨਾਲ ਚੁੱਲ੍ਹਾ ਨਹੀਂ ਬਲਿਆ। ਨੌਜਵਾਨ ਸ਼ੁਭਕਰਨ ਕਿਸਾਨੀ ਮੰਗਾਂ ਮਨਵਾਉਣ ਲਈ ਖਨੌਰੀ ਬਾਰਡਰ ’ਤੇ ਚੱਲ ਰਹੇ ਧਰਨੇ ਵਿਚ ਗਿਆ ਹੋਇਆ ਸੀ ਜਿੱਥੇ 21 ਫਰਵਰੀ ਨੂੰ ਕਿਸਾਨਾਂ ਅਤੇ ਹਰਿਆਣਾ ਪੁਲਿਸ ਵਿਚ ਹੋਈ ਤਲਖੀ ਦੌਰਾਨ ਉਸ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਸ਼ੁਭਕਰਨ ਦੀ ਲਾਸ਼ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ’ਚ ਰੱਖਿਆ ਹੋਇਆ ਸੀ ਜਿੱਥੇ ਕਿਸਾਨ ਆਗੂਆਂ ਨੇ ਐਫਆਈਆਰ ਦਰਜ ਕੀਤੇ ਬਿਨਾਂ ਪੋਸਟਮਾਰਟਮ ਨਾਂ ਕਰਵਾਉਣ ਦੀ ਮੰਗ ਰੱਖੀ ਸੀ।
ਬੀਤੀ ਦੇਰ ਰਾਤ ਕਿਸਾਨ ਧਿਰਾਂ ਦੀ ਮੰਗ ਮੰਨੇ ਜਾਣ ਮਗਰੋਂ ਡਾਕਟਰਾਂ ਦੇ ਪੈਨਲ ਨੇ ਪੋਸਟਮਾਰਟਮ ਦੀ ਪ੍ਰਕਿਰਿਆ ਪੂਰੀ ਕੀਤੀ, ਇਸ ਮਗਰੋਂ ਸ਼ੁਭਕਰਨ ਦੀ ਮ੍ਰਿਤਕ ਦੇਹ ਨੂੰ ਖਨੌਰੀ ਬਾਰਡਰ 'ਤੇ ਲਿਆਂਦਾ ਗਿਆ ਜਿੱਥੇ ਕਿਸਾਨ ਆਗੂਆਂ ਅਤੇ ਹਜ਼ਾਰਾਂ ਦੀ ਗਿਣਤੀ ’ਚ ਕਿਸਾਨਾਂ ਨੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਤੇ ਉਸ ਨੂੰ ਅੰਤਿਮ ਵਿਦਾਈ ਦਿੱਤੀ ਗਈ।