
ਮਾਸਕ ਲਗਾਏ ਬਿਨਾਂ ਘੁੰਮਦੇ ਆਮ ਵੇਖੇ ਜਾ ਸਕਦੇ ਹਨ ਲੋਕ
ਐਸ.ਏ.ਐਸ. ਨਗਰ, 28 ਅਪ੍ਰੈਲ (ਸੁਖਦੀਪ ਸਿੰਘ ਸੋਈਂ) : ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਦੌਰਾਨ ਦੁਕਾਨਾਂ ਅਤੇ ਦਫ਼ਤਰ ਤਾਂ ਬੰਦ ਹਨ ਪਰ ਸੜਕਾਂ 'ਤੇ ਲੋਕਾਂ ਦੀ ਆਵਾਜਾਈ ਕਾਫ਼ੀ ਜ਼ਿਆਦਾ ਹੈ।
ਸ਼ਹਿਰ ਦੇ ਬਾਜ਼ਾਰ ਬੰਦ ਹੋਣ ਕਾਰਨ ਭਾਵੇਂ ਮਾਰਕੀਟਾਂ ਸੁੰਨਸਾਨ ਪਈਆਂ ਹਨ ਪਰ ਰਿਹਾਇਸ਼ੀ ਖੇਤਰਾਂ ਵਿਚ ਲੋਕ ਹੁਣ ਵੀ ਆਮ ਘੁੰਮਦੇ ਦਿਖ ਜਾਂਦੇ ਹਨ ਜਿਹੜੇ ਬੇਪਰਵਾਹ ਹੋ ਕੇ ਪਾਰਕਾਂ ਵਿਚ ਸੈਰ ਵੀ ਕਰਦੇ ਹਨ ਅਤੇ ਬਿਨਾਂ ਮਾਸਕ ਜਾਂ ਦਸਤਾਨਿਆਂ ਦੇ ਆਮ ਘੁੰਮਦੇ ਰਹਿੰਦੇ ਹਨ। ਸ਼ਹਿਰ ਵਿਚ ਘੁੰਮਦੀਆਂ ਸਬਜ਼ੀ ਅਤੇ ਫਲਾਂ ਵਾਲਿਆਂ ਦੀਆਂ ਰੇਹੜੀਆਂ ਵਾਲਿਆਂ ਵਲੋਂ ਵੀ ਕਰਫ਼ਿਊ ਦੇ ਨਿਯਮਾਂ ਦੀ ਖੁਲ੍ਹ ਕੇ ਉਲੰਘਣਾ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਰੇਹੜੀਆਂ ਵਾਲਿਆਂ ਵਿਚੋਂ ਜਿਆਦਾਤਰ ਅਜਿਹੇ ਵੀ ਹਨ ਜਿਨ੍ਹਾਂ ਕੋਲ ਸ਼ਨਾਖ਼ਤੀ ਕਾਰਡ ਤਕ ਨਹੀਂ ਹੁੰਦਾ ਅਤੇ ਨਾ ਹੀ ਇਹ ਲੋਕ ਸਾਮਾਨ ਵੇਚਣ ਵੇਲੇ ਲੋੜੀਂਦੀਆਂ ਸਾਵਧਾਨੀਆਂ ਦੀ ਪਾਲਣਾ ਕਰਦੇ ਹਨ।
ਕਰਫ਼ਿਊ ਦੀ ਉਲੰਘਣਾ ਪ੍ਰਵਾਸੀ ਕਾਲੋਨੀਆਂ ਵਿਚ ਹੋਰ ਵੀ ਜ਼ਿਆਦਾ ਹੈ, ਜਿਥੇ ਜਾ ਕੇ ਅਜਿਹਾ ਲਗਦਾ ਹੀ ਨਹੀਂ ਹੈ ਕਿ ਸਰਕਾਰ ਵਲੋਂ ਕਰਫ਼ਿਊ ਲਗਾਇਆ ਗਿਆ ਹੈ। ਇਨ੍ਹਾਂ ਕਾਲੋਨੀਆਂ ਵਿਚ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਨਹੀਂ ਕੀਤੀ ਜਾਂਦੀ। ਗਲੀਆਂ ਕਿਨਾਰੇ ਲੱਗੀਆਂ ਰੇਹੜੀਆਂ ਫੜ੍ਹੀਆਂ ਤੇ ਖ਼ਰੀਦਦਾਰਾਂ ਦੀ ਭੀੜ ਦਿਖਦੀ ਹੈ ਅਤੇ ਪ੍ਰਸ਼ਾਸਨ ਵਲੋਂ ਕਰਫ਼ਿਊ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਦੇ ਦਾਅਵੇ ਪੂਰੀ ਤਰ੍ਹਾਂ ਹਵਾ ਹਵਾਈ ਲਗਦੇ ਹਨ।