ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਰ ਕੀਮਤ 'ਤੇ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਭੜਕਾਹਟ ਵਿਚ ਨਾ ਆਉਣ।
ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਵਿਚ ਵਾਪਰੀ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਇਹ ਸੂਬੇ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪੂਰੀ ਤਰ੍ਹਾਂ ਨਾਕਾਮੀ ਨੂੰ ਦਰਸਾਉਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਰ ਕੀਮਤ 'ਤੇ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਭੜਕਾਹਟ ਵਿਚ ਨਾ ਆਉਣ। ਉਨ੍ਹਾਂ ਨੇ ਪਟਿਆਲਾ ਦੇ ਲੋਕਾਂ ਨੂੰ ਅਪੀਲ ਕੀਤੀ, “ਪਟਿਆਲਾ ਦਾ ਸਦਭਾਵਨਾ ਅਤੇ ਭਾਈਚਾਰਕ ਸਾਂਝ ਦਾ ਇਤਿਹਾਸ ਹੈ, ਆਓ ਅਸੀਂ ਇਸ ਨੂੰ ਹਰ ਕੀਮਤ 'ਤੇ ਸੁਰੱਖਿਅਤ ਰੱਖਣਾ ਯਕੀਨੀ ਬਣਾਈਏ।"
ਕੈਪਟਨ ਅਮਰਿੰਦਰ ਨੇ ਹੈਰਾਨੀ ਪ੍ਰਗਟ ਕੀਤੀ ਕਿ ਪ੍ਰਸ਼ਾਸਨ ਕਿਵੇਂ ਸਥਿਤੀ ਨੂੰ ਇਸ ਹੱਦ ਤੱਕ ਵਿਗੜਨ ਦੀ ਇਜਾਜ਼ਤ ਦੇ ਸਕਦਾ ਹੈ ਕਿ ਇਹ ਹਿੰਸਾ ਤੱਕ ਪਹੁੰਚ ਗਈ ਹੈ। ਇੱਥੋਂ ਤੱਕ ਕਿ ਇੱਕ ਆਮ ਆਦਮੀ ਵੀ ਅੰਦਾਜ਼ਾ ਲਗਾ ਸਕਦਾ ਸੀ ਅਤੇ ਇਹ ਦੱਸ ਸਕਦਾ ਹੈ ਕਿ ਲੋਕਾਂ ਦੇ ਇੱਕ ਸਮੂਹ ਦੁਆਰਾ ਪ੍ਰਸਤਾਵਿਤ "ਵਿਰੋਧ ਮਾਰਚ" ਹਿੰਸਾ ਦਾ ਕਾਰਨ ਬਣ ਸਕਦਾ ਹੈ, ਉਨ੍ਹਾਂ ਨੇ ਕਿਹਾ, ਇਹ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਨੇ ਕੋਈ ਅਗਾਊਂ ਕਾਰਵਾਈ ਕਿਉਂ ਨਹੀਂ ਕੀਤੀ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜ ਰਹੀ ਹੈ ਅਤੇ ਅੱਜ ਪਟਿਆਲਾ ਵਿੱਚ ਵਾਪਰੀਆਂ ਘਟਨਾਵਾਂ ਇੱਕ ਲੰਬੀ ਲੜੀ ਦਾ ਹੀ ਹਿੱਸਾ ਹਨ। “ਮੁੱਖ ਮੰਤਰੀ ਭਗਵੰਤ ਮਾਨ, ਜਿਸ ਕੋਲ ਗ੍ਰਹਿ ਵਿਭਾਗ ਵੀ ਹੈ, ਕੋਲ ਫੈਸਲੇ ਲੈਣ ਦਾ ਆਪਣਾ ਕੋਈ ਅਧਿਕਾਰ ਨਹੀਂ ਹੈ, ਕਿਉਂਕਿ ਸਾਰੇ ਫੈਸਲੇ ਅਰਵਿੰਦ ਕੇਜਰੀਵਾਲ ਦੁਆਰਾ ਲਏ ਜਾਂਦੇ ਹਨ, ਇਸ ਲਈ ਉਨ੍ਹਾਂ ਤੋਂ ਕੁਝ ਵੀ ਬਿਹਤਰ ਦੀ ਉਮੀਦ ਨਹੀਂ ਕੀਤੀ ਜਾ ਸਕਦੀ”, ਕੈਪਟਨ ਅਮਰਿੰਦਰ ਨੇ ਅੱਗੇ ਕਿਹਾ ਕਿ ਮਾਨ ਨੂੰ ਹਰ ਚੀਜ਼ ਲਈ ਦਿੱਲੀ ਤੋਂ ਪ੍ਰਵਾਨਗੀ ਲੈਣੀ ਪੈਂਦੀ ਹੈ ਅਤੇ ਉਹ ਆਪਣੇ ਆਪ ਐਸੀ ਐਮਰਜੈਂਸੀ ਸਥਿਤੀਆਂ ਨੂੰ ਨਹੀਂ ਸੰਭਾਲ ਸਕਦੇ। ਕੈਪਟਨ ਅਮਰਿੰਦਰ ਨੇ ਟਿੱਪਣੀ ਕੀਤੀ, “ਮਾਨ ਨਾ ਤਾਂ ਪੰਜਾਬ ਨੂੰ ਸੰਭਾਲਣ ਲਈ ਸਮਰੱਥ ਹੈ ਅਤੇ ਨਾ ਹੀ ਕੋਈ ਜ਼ਰੂਰੀ ਫੈਸਲਾ ਲੈਣ ਲਈ ਅਧਿਕਾਰਤ ਹੈ, ਅਤੇ ਇਹ ਪੰਜਾਬ ਲਈ ਬਹੁਤ ਮੰਦਭਾਗੀ ਗੱਲ ਹੈ”।


