
ਪੰਜਾਬ ਸਰਕਾਰ ਨੇ ਪਿਛਲੇ ਕਾਂਗਰਸ ਰਾਜ ਦੌਰਾਨ ਵਿਧਾਨ ਸਭਾ ਵਿਚ 154 ਭਰਤੀਆਂ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੀ ਭਤੀਜੀ 50,000 ਰੁਪਏ ਮਾਸਿਕ ਤਨਖਾਹ ’ਤੇ ਵਿਧਾਨ ਸਭਾ ਵਿਚ ਕੁੱਕ ਵਜੋਂ ਨੌਕਰੀ ਕਰਦੀ ਸੀ। ਬਾਅਦ ਵਿਚ ਉਸ ਨੂੰ ਵਿਧਾਨ ਸਭਾ ਵਿਚ ਕਲਰਕ ਵਜੋਂ "ਅਡਜਸਟ" ਕੀਤਾ ਗਿਆ। ਦਰਅਸਲ ਪੰਜਾਬ ਵਿਧਾਨ ਸਭਾ ਭਰਤੀ ਘੁਟਾਲੇ ਵਿਚ ਸਾਬਕਾ ਸਪੀਕਰ ’ਤੇ ਅਪਣੀ ਭਤੀਜੀ ਨੂੰ ਕੁੱਕ ਵਜੋਂ ਨੌਕਰੀ ਦੇਣ ਦੇ ਇਲਜ਼ਾਮ ਲੱਗੇ ਹਨ। ਹਾਲਾਂਕਿ ਸਾਬਕਾ ਸਪੀਕਰ ਦਾ ਕਹਿਣਾ ਹੈ ਕਿ ਵਿਧਾਨ ਸਭਾ ਵਿਚ ਮੇਰਾ ਕੋਈ ਨਜ਼ਦੀਕੀ ਰਿਸ਼ਤੇਦਾਰ ਭਰਤੀ ਨਹੀਂ ਹੋਇਆ ਹੈ। ਜੇਕਰ ਕਿਸੇ ਦੂਰ ਦੇ ਰਿਸ਼ਤੇਦਾਰ ਨੂੰ ਭਰਤੀ ਕੀਤਾ ਗਿਆ ਸੀ ਤਾਂ ਉਹ ਸਿਰਫ਼ ਮੈਰਿਟ ਦੇ ਆਧਾਰ 'ਤੇ ਕੀਤਾ ਗਿਆ ਹੋਵੇਗਾ।
ਸਾਬਕਾ ਡਿਪਟੀ ਸਪੀਕਰ ਦੀ ਭਤੀਜੀ ਸੁਮਨਪ੍ਰੀਤ ਕੌਰ ਦਾ ਇਹ ਮਾਮਲਾ ਇਕਲੌਤਾ ਨਹੀਂ ਹੈ। ਬੀਤੇ ਦਿਨ ਪੰਜਾਬ ਸਰਕਾਰ ਨੇ ਪਿਛਲੇ ਕਾਂਗਰਸ ਰਾਜ ਦੌਰਾਨ ਵਿਧਾਨ ਸਭਾ ਵਿਚ 154 ਭਰਤੀਆਂ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਉਹਨਾਂ ਨੂੰ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸ਼ਿਕਾਇਤ ਮਿਲੀ ਹੈ। ਉਹਨਾਂ ਕਿਹਾ, ‘‘ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।’’
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਦੀ ਸਿਫ਼ਾਰਿਸ਼ ’ਤੇ ਸਭ ਤੋਂ ਵੱਧ ਵਿਅਕਤੀਆਂ ਨੂੰ ਭਰਤੀ ਕੀਤਾ ਗਿਆ, ਜਿਨ੍ਹਾਂ ਵਿਚ ਇਕ ਰਿਸ਼ਤੇਦਾਰ ਵੀ ਸ਼ਾਮਲ ਸੀ। ਹਾਲਾਂਕਿ ਰਾਣਾ ਕੇਪੀ ਸਿੰਘ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ। ਸ਼ਿਕਾਇਤ ਅਨੁਸਾਰ ਬ੍ਰਹਮ ਮਹਿੰਦਰਾ ਅਤੇ ਮਨਪ੍ਰੀਤ ਬਾਦਲ ਸਮੇਤ ਹੋਰ ਸਾਬਕਾ ਮੰਤਰੀ ਅਤੇ ਇੱਥੋਂ ਤੱਕ ਕਿ ਵਿਧਾਨ ਸਭਾ ਦਾ ਸਟਾਫ ਵੀ ਕਥਿਤ ਤੌਰ 'ਤੇ ਨੌਕਰੀਆਂ ਲਈ ਨਾਵਾਂ ਦੀ ਸਿਫ਼ਾਰਸ਼ ਕਰਨ ਅਤੇ ਵਿਧਾਨ ਸਭਾ ਵਿਚ ਲੋਕਾਂ ਨੂੰ ਨਿਯੁਕਤ ਕਰਨ ਵਿਚ ਪਿੱਛੇ ਨਹੀਂ ਰਿਹਾ। ਸ਼ਿਕਾਇਤ ਵਿਚ ਸਾਬਕਾ ਸਕੱਤਰ ਸ਼ਸ਼ੀ ਲਖਨਪਾਲ ਮਿਸ਼ਰਾ, ਸਪੀਕਰ ਦੇ ਸਕੱਤਰ ਰਾਮ ਲੋਕ ਅਤੇ ਕੁਝ ਸਾਬਕਾ ਵਿਧਾਇਕਾਂ ਦੇ ਨਾਵਾਂ ਦਾ ਜ਼ਿਕਰ ਹੈ।
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵੀ ਵਿਧਾਨ ਸਭਾ ਵਿਚ ਕਲਰਕ ਦੀ ਨਿਯੁਕਤੀ ਸਬੰਧੀ ਸ਼ਿਕਾਇਤ ਵਿਚ ਨਾਂ ਆਇਆ ਹੈ। ਚੰਡੀਗੜ੍ਹ ਤੋਂ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਪਵਨ ਬਾਂਸਲ ਨੇ ਵੀ ਕਥਿਤ ਤੌਰ 'ਤੇ ਆਪਣੇ ਜਾਣਕਾਰ ਨੂੰ ਵਿਧਾਨ ਸਭਾ 'ਚ ਨੌਕਰੀ ਦਿਵਾਈ, ਜਦਕਿ ਮੌਜੂਦਾ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ’ਤੇ ਵੀ ਆਪਣੇ ਡਰਾਈਵਰ ਦੀ ਧੀ ਲਈ ਨੌਕਰੀ "ਸੁਰੱਖਿਅਤ" ਰੱਖਣ ਦੇ ਇਲਜ਼ਾਮ ਲੱਗੇ ਹਨ। ਸ਼ਿਕਾਇਤ ਵਿਚ ਇਹ ਵੀ ਕਿਹਾ ਗਿਆ ਹੈ ਕਿ ਵਿਧਾਨ ਸਭਾ ਵਿਚ ਨਿਯੁਕਤੀਆਂ ਦੇ ਬਾਵਜੂਦ, ਕੁਝ ਕਰਮਚਾਰੀ ਗੈਰ ਰਸਮੀ ਤੌਰ 'ਤੇ ਕੰਮ ਕਰਦੇ ਰਹੇ।
ਉਹਨਾਂ ਨੇ ਬਠਿੰਡਾ ਦੇ ਅਜੈ ਕੁਮਾਰ (ਕਲਰਕ ਵਜੋਂ ਭਰਤੀ) ਦੇ ਮਾਮਲੇ ਦਾ ਹਵਾਲਾ ਦਿੱਤਾ, ਜੋ ਕਥਿਤ ਤੌਰ 'ਤੇ ਵਿਧਾਨ ਸਭਾ ਵਿਚ ਨਹੀਂ ਗਿਆ ਪਰ ਮਨਪ੍ਰੀਤ ਬਾਦਲ ਲਈ ਕੰਮ ਕਰਦਾ ਰਿਹਾ। ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਪਿਛਲੀ ਵਿਧਾਨ ਸਭਾ ਨੇ ਅਸਲ ਵਿਚ ਭਰਤੀ ਕਰਨ ਲਈ ਨਿਯਮ ਤਿਆਰ ਕੀਤੇ ਸਨ ਅਤੇ ਇਸ ਮਕਸਦ ਲਈ ਉਚਿਤ ਪ੍ਰਕਿਰਿਆ ਅਪਣਾਈ ਗਈ ਸੀ। ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਦਾ ਕਹਿਣਾ ਹੈ, “ਮੈਂ ਕਦੇ ਵੀ ਅਜਿਹੀ ਕੋਈ ਸਿਫ਼ਾਰਸ਼ ਨਹੀਂ ਕੀਤੀ। ਇਹ ਇੱਕ ਭੈੜੀ ਸਿਆਸੀ ਮੁਹਿੰਮ ਹੈ”। ਉਧਰ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਜੇਕਰ ਇਹਨਾਂ 'ਚੋਂ ਕੋਈ ਵੀ ਦੋਸ਼ ਸਾਬਤ ਹੋ ਜਾਂਦਾ ਹੈ ਤਾਂ ਮੈਂ ਸਿਆਸਤ ਛੱਡ ਦੇਵਾਂਗਾ।