
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅਦਾਲਤ ਦੇ ਫੈਸਲੇ ਅਨੁਸਾਰ ਜੋਧਪੁਰ ਦੇ 40 ਨਜ਼ਰਬੰਦਾਂ ਨੂੰ ਮੁਆਵਜ਼ੇ ਦੇ ਬਰਾਬਰ 325 ਹੋਰ ਨਜ਼ਰਬੰਦਾਂ ਨੂੰ ਵੀ ਮੁਆਵਜ਼ਾ........
ਚੰਡੀਗੜ੍ਹ : ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅਦਾਲਤ ਦੇ ਫੈਸਲੇ ਅਨੁਸਾਰ ਜੋਧਪੁਰ ਦੇ 40 ਨਜ਼ਰਬੰਦਾਂ ਨੂੰ ਮੁਆਵਜ਼ੇ ਦੇ ਬਰਾਬਰ 325 ਹੋਰ ਨਜ਼ਰਬੰਦਾਂ ਨੂੰ ਵੀ ਮੁਆਵਜ਼ਾ ਦੇਣ ਦਾ ਭਰੋਸਾ ਦਿਵਾਇਆ ਹੈ। ਉਨ੍ਹਾਂ ਨੇ ਇਸ ਸਬੰਧ ਵਿੱਚ ਕੇਂਦਰ ਸਰਕਾਰ ਨੂੰ ਵੀ ਮਨਾਉਣ ਦਾ ਵਾਅਦਾ ਕੀਤਾ ਹੈ। ਜਿਲ੍ਹਾ ਅਦਾਲਤ ਅੰਮ੍ਰਿਤਸਰ ਵੱਲੋਂ 40 ਨਜ਼ਰਬੰਦਾ ਨੂੰ ਮੁਆਵਜ਼ਾ ਦੇਣ ਦੇ ਦਿੱਤੇ ਗਏ ਫੈਸਲੇ ਦੇ ਸਬੰਧ ਵਿੱਚ ਤਕਰੀਬਨ 4.5 ਕਰੋੜ ਰੁਪਏ ਦੇ ਮੁਆਵਜ਼ੇ ਵਿੱਚੋਂ ਸੂਬੇ ਦੇ 50 ਫ਼ੀਸਦੀ ਹਿੱਸੇ ਦੇ ਚੈਕ ਅੱਜ ਇਥੇ ਪੰਜਾਬ ਭਵਨ ਵਿਚ ਹੋਏ ਇਕ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਨਜ਼ਰਬੰਦਾਂ ਦੇ ਹਵਾਲੇ ਕੀਤੇ।
ਸਰਕਾਰ ਵੱਲੋਂ ਦਿੱਤੇ ਗਏ ਚੈਕਾਂ ਦੀ ਕੁੱਲ ਰਾਸ਼ੀ 2,16,44,900 ਰੁਪਏ ਬਣਦੀ ਹੈ। ਨਜ਼ਰਬੰਦਾਂ ਨਾਲ ਉਨ੍ਹਾਂ ਦੇ ਸੰਕਟ ਦੇ ਸਮੇਂ ਦੀਆਂ ਮੁਸੀਬਤਾਂ ਨੂੰ ਸਾਂਝਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਅਦਾਲਤ ਨਹੀਂ ਗਏ ਉਹ ਵੀ ਮੁਆਵਜ਼ੇ ਦੇ ਹੱਕਦਾਰ ਹਨ ਅਤੇ ਉਨ੍ਹਾਂ ਦੀ ਸਰਕਾਰ ਉਨ੍ਹਾਂ ਨੂੰ ਬਰਾਬਰ ਦਾ ਭੁਗਤਾਨ ਕਰੇਗੀ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਬਾਕੀ 325 ਨੂੰ ਇਹ ਮੁਆਵਜ਼ਾ ਦੇਣ ਲਈ ਕੇਂਦਰ ਸਰਕਾਰ ਵੀ ਆਪਣਾ ਹਿੱਸਾ ਪਾਉਣ ਲਈ ਸਹਿਮਤ ਹੋ ਜਾਵੇਗੀ। ਉਨ੍ਹ੍ਰਾਂ ਇਸ ਮੌਕੇ ਕਿਹਾ ਕਿ ਉਨ੍ਹਾਂ ਆਪ ਵੀ ਰੋਸ ਵਜੋਂ ਲੋਕ ਸਭਾ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਸੀ।
1984 ਵਿੱਚ ਨਜ਼ਰਬੰਦ ਪੱਟੀ ਦੇ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਨੇ ਨਜ਼ਰਬੰਦਾਂ ਦੀ ਵਾਰ ਵਾਰ ਬਾਂਹ ਫੜਨ ਲਈ ਕੈਪਟਨ ਅਮਰਿੰਦਰ ਸਿੰਘ ਦਾ ਧਨਵਾਦ ਕੀਤਾ। ਇਸ ਮੌਕੇ ਬੋਲਦੇ ਹੋਏ ਇੱਕ ਨਜ਼ਰਬੰਦ ਜਸਬੀਰ ਸਿੰਘ ਘੁੰਮਣ ਨੇ ਮੁੱਖ ਮੰਤਰੀ ਦੀਆਂ ਕੋਸ਼ਿਸ਼ਾਂ ਦੀ ਸਰਾਹਨਾ ਕੀਤੀ। ਇਸ ਇਸ ਸਾਰੇ ਘਟਨਾਕ੍ਰਮ ਵਿੱਚ ਉਨ੍ਹਾਂ ਨੂੰ 'ਮੈਨ ਆਫ਼ ਦੀ ਮੈਚ' ਦੱਸਿਆ। ਨਜ਼ਰਬੰਦਾਂ ਨੂੰ ਮੁੱਖ ਮੰਤਰੀ ਨੇ ਦੁਪਹਿਰ ਦਾ ਖਾਣਾ ਵੀ ਦਿੱਤਾ। ਉਨ੍ਹਾਂ ਨੇ ਮੁੱਖ ਮੰਤਰੀ ਦਾ ਸਨਮਾਣ ਕੀਤਾ ਅਤੇ ਉਨ੍ਹਾਂ ਨੂੰ ਬਚਾਉਣ ਲਈ ਅੱਗੇ ਆਉਣ ਲਈ ਧਨਵਾਦ ਵੀ ਕੀਤਾ।
ਕੈਪਟਨ ਅਮਰਿੰਦਰ ਸਿੰਘ ਨੇ ਸਰਜੀਕਲ ਸਟ੍ਰਾਈਕ ਦੇ ਮਾਮਲੇ 'ਤੇ ਭਾਰਤੀ ਫੌਜ ਦਾ ਵਾਰ-ਵਾਰ ਸਿਆਸੀਕਰਨ ਕਰਨ ਦੀਆਂ ਕੋਸ਼ਿਸ਼ਾਂ ਕੀਤੇ ਜਾਣ ਲਈ ਕੇਂਦਰ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਹੈ। ਜੋਧਪੁਰ ਦੇ ਨਜ਼ਰਬੰਦਾਂ ਨੂੰ ਮੁਆਵਜ਼ੇ ਦੇ ਚੈੱਕ ਵੰਡਣ ਤੋਂ ਬਾਅਦ ਪੱਤਰਕਾਰਾਂ ਨਾਲ ਗ਼ੈਰ-ਰਸਮੀ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਸਿਆਸੀ ਫਾਇਦਾ ਲੈਣ ਲਈ ਫੌਜ ਦੀ ਵਰਤੋਂ ਕੀਤੇ ਜਾਣ ਦੇ ਹੱਕ ਵਿੱਚ ਨਹੀਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਸ਼ਿਆਂ ਦੇ ਮੁਕੰਮਲ ਸਫਾਏ ਲਈ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ ਅਤੇ ਇਸ ਕਰਕੇ ਨਸ਼ਿਆਂ ਦੇ ਸਮਗਲਰ ਇਸ ਵੇਲੇ ਭਾਰੀ ਦਬਾਅ ਵਿੱਚ ਹਨ।
ਉਨ੍ਹਾਂ ਦੀ ਸਰਕਾਰ ਨੇ ਨਸ਼ਿਆਂ ਦੇ ਸਮਗਲਰਾਂ ਦੀ ਚੂੜੀ ਕੱਸ ਦਿੱਤੀ ਹੈ ਅਤੇ ਇਸ ਵੇਲੇ ਤਕਰੀਬਨ 10,000 ਸਮਗਲਰ ਜੇਲ੍ਹਾਂ ਵਿੱਚ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਇੱਕ ਸਰਗਣਾ ਹੋਂਗ ਕੋਂਗ ਜੇਲ੍ਹ ਵਿੱਚ ਹੈ ਅਤੇ ਉਸ ਦੀ ਹਵਾਲਗੀ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਨਸ਼ਿਆਂ ਦੇ ਤਿੰਨ ਮੁੱਖ ਸਪਲਾਇਰ ਭਾਰਤ ਤੋਂ ਫਰਾਰ ਹੋ ਚੁੱਕੇ ਹਨ।
ਨਸ਼ਿਆਂ ਵਿਰੋਧੀ ਸਰਕਾਰ ਦੀ ਮੁਹਿੰਮ ਦੇ ਨਤੀਜੇ ਵਜੋਂ ਹੈਰੋਇਨ ਦੀਆਂ ਕੀਮਤਾਂ ਅਸਮਾਨ ਨੂੰ ਛੂਹਣ ਲੱਗ ਪਈਆਂ ਹਨ। ਉਨ੍ਹਾਂ ਵਾਅਦਾ ਕੀਤਾ ਕਿ ਉਹ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਪੁਲਿਸ ਮੁਲਾਜ਼ਮਾਂ 'ਤੇ ਬੱਚਿਆਂ ਨੂੰ ਨਸ਼ਿਆਂ ਵਿੱਚ ਧੱਕੇ ਜਾਣ ਦੇ ਲਾਏ ਦੋਸ਼ਾਂ ਦੀ ਜਾਂਚ ਕਰਵਾਉਣਗੇ।