
ਲੱਖਾਂ ਦੀ ਹੈਰੋਇਨ ਤੋਂ ਇਲਾਵਾ 55 ਹਜ਼ਾਰ ਰੁਪਏ ਡਰੱਗ ਮਨੀ ਵੀ ਹੋਈ ਬਰਾਮਦ
ਮੋਗਾ: ਨਸ਼ਿਆਂ ਵਿਰੁਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਸੀ.ਆਈ.ਏ. ਸਟਾਫ਼ ਮੋਗਾ ਵਲੋਂ ਲੱਖਾਂ ਦੀ ਹੈਰੋਇਨ ਤੇ 55 ਹਜ਼ਾਰ ਰੁਪਏ ਸਣੇ ਇਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਗਿਆ ਹੈ। ਵਿਅਕਤੀ ਦੀ ਪਹਿਚਾਣ ਧਰਮਿੰਦਰ ਸਿੰਘ ਉਰਫ਼ ਫ਼ੌਜੀ ਨਿਵਾਸੀ ਪਿੰਡ ਖਲਚੀਆਂ ਕਦੀਮ (ਫਿਰੋਜ਼ਪੁਰ) ਵਜੋਂ ਹੋਈ ਹੈ। ਪੁਲਿਸ ਵਲੋਂ ਉਕਤ ਵਿਅਕਤੀ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ।
Arrest
ਇਸ ਸਬੰਧੀ ਸੀ.ਆਈ.ਏ. ਸਟਾਫ਼ ਮੋਗਾ ਦੇ ਇੰਚਾਰਜ ਇੰਸਪੈਕਟਰ ਤ੍ਰਿਲੋਚਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦ ਉਹ ਡੀ.ਐਸ.ਪੀ. ਧਰਮਕੋਟ ਰਛਪਾਲ ਸਿੰਘ ਦੀ ਅਗਵਾਈ ’ਚ ਪੁਲਿਸ ਮੁਲਾਜ਼ਮਾਂ ਨਾਲ ਇਲਾਕੇ ਵਿਚ ਗਸ਼ਤ ਕਰਦੇ ਹੋਏ ਜਲਾਲਾਬਾਦ ਪੂਰਬੀ ਤ੍ਰਿਕੋਣੀ ਕੋਲ ਪਹੁੰਚੇ ਤਾਂ ਨਾਕਾਬੰਦੀ ਦੌਰਾਨ ਇਕ ਕਾਰ ਨੂੰ ਰੋਕਿਆ, ਜਿਸ ਨੂੰ ਧਰਮਿੰਦਰ ਖ਼ੁਦ ਚਲਾ ਰਿਹਾ ਸੀ। ਸ਼ੱਕ ਦੇ ਆਧਾਰ ’ਤੇ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 260 ਗ੍ਰਾਮ ਹੈਰੋਇਨ ਤੇ 55 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ। ਹੈਰੋਇਨ ਦੀ ਕੀਮਤ 12-13 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ।
Heroin
ਉਨ੍ਹਾਂ ਦੱਸਿਆ ਕਿ ਕਥਿਤ ਨਸ਼ਾ ਤਸਕਰ ਦਾ ਪਿਤਾ ਦੇਸਰਾਜ ਅਤੇ ਉਸ ਦਾ ਭਰਾ ਪਹਿਲਾਂ ਹੀ ਹੈਰੋਇਨ ਸਮੱਗਲਿੰਗ ਦੇ ਮਾਮਲੇ ਵਿਚ ਫਿਰੋਜ਼ਪੁਰ ਜੇਲ੍ਹ ’ਚ ਬੰਦ ਹਨ। ਧਰਮਿੰਦਰ ਸਿੰਘ ਫ਼ੌਜੀ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ ਵਿਚ ਹੈਰੋਇਨ ਸਪਲਾਈ ਕਰਦਾ ਸੀ ਅਤੇ ਅੱਜ ਵੀ ਉਹ ਇਲਾਕੇ ਵਿਚ ਹੈਰੋਇਨ ਸਪਲਾਈ ਕਰਨ ਲਈ ਆਇਆ ਹੋਇਆ ਸੀ।