
ਵਧਾਈ ਦੇਣ ਵਾਲਿਆਂ ਦੀ ਲਾਈਨਾਂ ਲੱਗੀਆਂ
ਚੰਡੀਗੜ੍ਹ : ਪਿਛਲੇ ਹਫ਼ਤੇ ਸ਼ੁਕਰਵਾਰ ਨੂੰ ਬਾਅਦ ਦੁਪਹਿਰ 3 ਵਜੇ ਮੁੱਖ ਸਕੱਤਰ ਦਾ ਅਹੁਦਾ ਸੰਭਾਲਣ ਉਪਰੰਤ ਸੀਨੀਅਰ ਆਈ.ਏ.ਐਸ. ਅਧਿਕਾਰੀ ਬੀਬੀ ਵਿੰਨੀ ਮਹਾਜਨ ਦਾ ਅੱਜ ਸਿਵਲ ਸਕੱਤਰੇਤ ਦਾ ਛੇਵੀਂ ਮੰਜਲ 'ਤੇ ਪੂਰਾ ਦਿਨ ਬਹੁਤ ਗਹਿਮਾਗਹਿਮੀ ਵਾਲਾ ਤਿੰਨ ਬੈਠਕਾਂ ਨਾਲ ਭਰਪੂਰ ਜੋਸ਼ ਨਾਲ ਬੀਤਿਆ। ਅੱਜ ਸਵੇਰੇ ਦਸ ਵਜੇ ਤੋਂ ਹੀ ਆਈ.ਏ.ਐਸ. ਅਧਿਕਾਰੀਆਂ, ਪੁਲਿਸ ਤੇ ਹੋਰ ਅਧਿਕਾਰੀਆਂ ਸਮੇਤ ਮਿਲਣ ਵਾਲਿਆਂ ਤੇ ਮੁਬਾਰਕਬਾਦ ਦੇਣ ਵਾਲਿਆਂ ਦਾ ਗੁਲਦਸਤਿਆਂ ਸਮੇਤ ਤਾਂਤਾ ਲੱਗਾ ਰਿਹਾ।
Vini Mahajan
ਇਨ੍ਹਾਂ ਮੁਲਾਕਾਤਾਂ ਦੌਰਾਨ ਵਿੰਨੀ ਮਹਾਜਨ ਖ਼ੁਦ ਸਵਾ 12 ਵਜੇ ਵਿਧਾਨ ਸਭਾ ਕੰਪਲੈਕਸ 'ਚ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਵੀ ਮਿਲਣ ਗਏ। ਉੁਨ੍ਹਾਂ ਨਾਲ 15 ਕੁ ਮਿੰਟ ਦੀ ਬੈਠਕ ਦੌਰਾਨ, ਮੁੱਖ ਸਕੱਤਰ ਨੇ ਵਿਧਾਨ ਸਭਾ ਸੈਸ਼ਨਾਂ ਬਾਰੇ ਚਰਚਾ ਕੀਤੀ ਜਿਨ੍ਹਾਂ 'ਚ ਬਿੱਲਾਂ ਦੀਆਂ ਡਰਾਫ਼ਟ ਕਾਪੀਆਂ ਸਮੇਂ ਤੋਂ ਪਹਿਲਾਂ ਸਪਲਾਈ ਕਰਵਾਉਣ ਬਾਰੇ ਅਤੇ ਹੋਰ ਅਹਿਮ ਨੁਕਤੇ ਸ਼ਾਮਲ ਸਨ। ਅੱਜ ਬਾਅਦ ਦੁਪਹਿਰ 'ਰੋਜ਼ਾਨਾ ਸਪੋਕਸਮੈਨ' ਨਾਲ ਕੀਤੀ ਗੱਲਬਾਤ ਦੌਰਾਨ ਪੰਜਾਬ ਦੀ ਇਸ ਪਹਿਲੀ ਮਹਿਲਾ ਮੁੱਖ ਸਕੱਤਰ ਨੇ ਦਸਿਆ ਕਿ ਕਿਵੇਂ ਉਹ ਸਰਕਾਰੀ ਅਧਿਕਾਰੀਆਂ ਤੇ ਹੋਰ ਸਟਾਫ਼ ਕੋਲੋਂ ਸੁਚਾਰੂ ਢੰਗ ਨਾਲ ਕੰਮ ਕਰਵਾਉਣ ਲਈ ਦਿਨ-ਰਾਤ ਜੀਅਤੋੜ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਭਲਕੇ ਤਿੰਨ ਵਜੇ ਮੰਤਰੀ ਮੰਡਲ ਦੀ ਬੈਠਕ 'ਚ ਚਰਚਾ ਲਈ ਰੱਖੇ ਮੁੱਦਿਆਂ 'ਤੇ ਅੱਜ ਰਾਤ ਅਤੇ ਸਵੇਰੇ ਅਧਿਕਾਰੀਆਂ ਨਾਲ ਵੀਡੀਉ ਰਾਹੀਂ ਚਰਚਾ ਕੀਤੀ ਜਾਵੇਗੀ।
Vini Mahajan
ਆਸ ਹੈ ਕਿ ਮੰਤਰੀ ਮੰਡਲ ਦੀ ਸਿਵਲ ਸਕੱਤਰੇਤ ਦੀ ਦੂਜੀ ਮੰਜਲ ਦੇ ਕਮੇਟੀ ਰੂਮ 'ਚ ਹੋਣ ਵਾਲੀ ਬੈਠਕ 'ਚ ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਕੋਪ ਦੀ ਲੋਅ 'ਚ ਤਾਲਾਬੰਦੀ 'ਚ ਹੋਰ ਢਿੱਲ ਦੇਣ ਬਾਰੇ ਫ਼ੈਸਲਾ ਲਿਆ ਜਾਵੇਗਾ ਬੀਤੇ ਕਲ ਐਤਵਾਰ ਨੂੰ ਵੀ ਇਸ ਸਬੰਧੀ ਮੁੱਖ ਸਕੱਤਰ ਮੈਡਮ ਨੇ 22 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਵੀਡੀਉ ਰਾਹੀਂ ਤਿੰਨ ਘੰਟੇ ਗੱਲਬਾਤ ਕੀਤੀ ਸੀ ਅਤੇ ਜ਼ੋਰ ਇਸ ਨੁਕਤੇ 'ਤੇ ਦਿਤਾ ਸੀ ਕਿ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਜੋ 2.4 ਪ੍ਰਤੀਸ਼ਤ ਪੰਜਾਬ 'ਚ ਹੈ ਉਸ ਨੂੰ ਕੰਟਰੋਲ ਕੀਤਾ ਜਾਵੇ।
Vini Mahajan
ਇਸ ਬੈਠਕ 'ਚ ਵਿੰਨੀ ਮਹਾਜਨ ਨੇ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਸਮੇਤ ਕੰਟਰੋਲ ਕਮੇਟੀ ਦੇ ਚੇਅਰਮੈਨ ਡਾ. ਕੇ.ਕੇ. ਤਲਵਾੜ, ਹੋਰ ਮਾਹਰਾਂ ਨਾਲ ਵੀ ਚਰਚਾ ਕੀਤੀ ਸੀ। ਮੁੱਖ ਸਕੱਤਰ ਬੀਬੀ ਵਿੰਨੀ ਮਹਾਜਨ ਨੇ ਦਸਿਆ ਕਿ ਪਿਛਲੇ 100 ਦਿਨਾਂ 'ਚ ਕੀਮਤੀ ਜਾਨਾਂ ਜਾਣ ਨਾਲ ਦੁੱਖ ਤੇ ਅਫ਼ਸੋਸ ਬਹੁਤ ਹੈ ਪਰ ਪੰਜਾਬ ਦੇ ਇਸ ਭਿਆਨਕ ਮਹਾਂਮਾਰੀ ਨੂੰ ਕੰਟਰੋਲ ਕਰਨ ਲਈ ਸਰਕਾਰੀ ਤੇ ਨਿਜੀ ਹਸਪਤਾਲ ਪੂਰਾ ਜ਼ੋਰ ਲਾ ਰਹੇ ਹਨ।
Vini Mahajan
ਉਨ੍ਹਾਂ ਸਪਸ਼ਟ ਕਿਹਾ ਕਿ ਪੰਜਾਬ ਦੇ ਡਾਕਟਰ ਨਰਸਿੰਗ ਸਟਾਫ਼, ਕੋਰੋਨਾ ਨਾਲ ਜੰਗ ਲੜਨ ਵਾਲੀਆਂ ਸਵੈ-ਸੇਵੀ ਜਥੇਬੰਦੀਆਂ, ਧਾਰਮਕ ਅਦਾਰੇ ਤੇ ਆਮ ਪੰਜਾਬੀ ਵਧਾਈ ਦੇ ਪਾਤਰ ਹਨ। ਇਸ ਦੇ ਨਾਲ-ਨਾਲ ਪੁਲਿਸ ਸੁਰਖਿਆ ਬਲਾਂ ਦੇ ਜਵਾਨ ਪੂਰੀ ਭਗਤੀ-ਭਾਵਨਾ ਨਾਲ ਕੰਮ ਕਰ ਰਹੇ ਹਨ। ਵਿੰਨੀ ਮਹਾਜਨ ਨੇ ਮੰਨਿਆ ਕਿ ਮੁਲਕ ਦੇ ਬਾਕੀ ਸੂਬਿਆਂ ਵਾਂਗ ਪੰਜਾਬ ਦੀ ਆਰਥਕ ਹਾਲਤ ਨੂੰ ਕਰਾਰੀ ਸੱਟ ਵੱਜੀ ਹੈ, ਜਿਸ ਨੂੰ ਮੁੜ ਕੇ ਲੀਹ 'ਤੇ ਲਿਆਉਣ ਵਾਸਤੇ, ਇੰਡਸਟਰੀ, ਛੋਟੇ ਉਦਯੋਗ, ਫ਼ੈਕਟਰੀਆਂ, ਵਿਦਿਅਕ ਤੇ ਟ੍ਰੇਨਿੰਗ ਅਦਾਰੇ, ਹੋਲੀ-ਹੋਲੀ ਖੋਲ੍ਹੇ ਜਾਣਗੇ ਅਤੇ ਨਾਲ-ਨਾਲ ਕੋਰੋਨਾ ਟੈਸਟਿੰਗ ਲਈ ਪੀ.ਪੀ.ਈ. ਕਿੱਟਾਂ ਤੇ ਹੋਰ ਮੈਡੀਕਲ ਸਮਾਨ ਦਾ ਪ੍ਰਬੰਧ ਵੀ ਵਧਾਇਆ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ ।