
ਵੀਡੀਉ ਕਾਨਫ਼ਰੰਸ ਰਾਹੀਂ 6 ਡੇਰਾ ਪੇ੍ਰਮੀਆਂ ਦੀ 8 ਜੁਲਾਈ ਤਕ ਵਧਾਈ ਅਦਾਲਤੀ ਹਿਰਾਸਤ
ਕੋਟਕਪੂਰਾ, 28 ਜੂਨ (ਗੁਰਿੰਦਰ ਸਿੰਘ) : ਬੇਅਦਬੀ ਕਾਂਡ ਮਾਮਲੇ ਵਿਚ ਐਸਆਈਟੀ (ਸਿੱਟ) ਵਲੋਂ ਗਿ੍ਰਫ਼ਤਾਰ ਕੀਤੇ 6 ਡੇਰਾ ਪ੍ਰੇਮੀਆਂ ਦੀ ਅਦਾਲਤੀ ਹਿਰਾਸਤ 8 ਜੁਲਾਈ ਤਕ ਵੱਧ ਗਈ ਹੈ। ਅੱਜ ਡੇਰਾ ਪ੍ਰੇਮੀਆਂ ਸੁਖਵਿੰਦਰ ਸਿੰਘ, ਸ਼ਕਤੀ ਸਿੰਘ, ਬਲਜੀਤ ਸਿੰਘ, ਪ੍ਰਦੀਪ ਸਿੰਘ, ਸੁਖਜਿੰਦਰ ਸਿੰਘ ਅਤੇ ਰਣਜੀਤ ਸਿੰਘ, ਜੋ ਕੇਂਦਰੀ ਮਾਡਰਨ ਜੇਲ ਫ਼ਰੀਦਕੋਟ ’ਚ ਨਜ਼ਰਬੰਦ ਹਨ, ਨੂੰ ਵੀਡੀੳ ਕਾਨਫ਼ਰੰਸ ਰਾਹੀਂ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਸਾਰੇ ਡੇਰਾ ਪ੍ਰੇਮੀਆਂ ਨੂੰ 8 ਜੁਲਾਈ ਨੂੰ ਅਦਾਲਤ ਵਿਚ ਪੇਸ਼ ਕਰਨ ਦੇ ਹੁਕਮ ਦਿਤੇ ਹਨ।
ਜਾਣਕਾਰੀ ਅਨੁਸਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਐਸਆਈਟੀ ਨੂੰ ਭੰਗ ਕਰਨ ਤੋਂ ਬਾਅਦ ਪੰਜਾਬ ਸਰਕਾਰ ਨੇ ਆਈ.ਜੀ. ਐਸਪੀਐਸ ਪਰਮਾਰ ਨੂੰ ਉਕਤ ਟੀਮ ਦਾ ਮੁਖੀ ਨਿਯੁਕਤ ਕੀਤਾ ਹੈ। ਆਈ.ਜੀ. ਪਰਮਾਰ ਵਲੋਂ ਪੜਤਾਲ ਦੌਰਾਨ ਸੁਖਵਿੰਦਰ ਸਿੰਘ, ਸ਼ਕਤੀ ਸਿੰਘ, ਬਲਜੀਤ ਸਿੰਘ, ਪ੍ਰਦੀਪ ਸਿੰਘ, ਸੁਖਜਿੰਦਰ ਸਿੰਘ ਅਤੇ ਰਣਜੀਤ ਸਿੰਘ ਨੂੰ 16 ਮਈ ਨੂੰ ਸਰਜੀਕਲ ਸਟਰਾਈਕ ਨਾਂਅ ਦੀ ਇਕ ਮੁਹਿੰਮ ਤਹਿਤ ਗਿ੍ਰਫ਼ਤਾਰ ਕਰ ਕੇ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਪੜਾਅ ਦਰ ਪੜਾਅ ਪੁਲਿਸ ਰਿਮਾਂਡ ਲੈ ਕੇ ਪੁੱਛਗਿੱਛ ਕਰਨ ਉਪਰੰਤ ਸਾਹਮਣੇ ਆਇਆ ਸੀ ਕਿ ਡੇਰਾ ਸਿਰਸਾ ਦੇ ਪੈਰੋਕਾਰਾਂ ਅਰਥਾਤ ਡੇਰਾ ਪ੍ਰੇਮੀਆਂ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਕਥਿਤ ਅਪਮਾਨ ਦਾ ਬਦਲਾ ਲੈਣ ਲਈ ਬੇਅਦਬੀ ਕਾਂਡ ਦੀ ਘਟਨਾ ਨੂੰ ਅੰਜਾਮ ਦਿਤਾ ਸੀ ਅਤੇ ਇਤਰਾਜ਼ਯੋਗ ਪੋਸਟਰ ਸਬੰਧੀ ਫੋਰੈਂਸਿਕ ਲੈਬ ਦੀ ਰੀਪੋਰਟ ਅਜੇ ਤਕ ਨਹੀਂ ਆਈ, ਜਿਸ ਕਰ ਕੇ ਹਾਲੇ ਅਦਾਲਤ ਵਿਚ ਚਲਾਨ ਪੇਸ਼ ਨਹੀਂ ਕੀਤਾ ਗਿਆ।