
ਕਮਿਸ਼ਨ ਕੋਲ ਪਹੁੰਚੀ ਲਿਖਤੀ ਸ਼ਿਕਾਇਤ, ਕਾਰਵਾਈ ਨਾ ਕਰਵਾਉਣ ਲਈ ਵੀ ਕਰਨੀ ਪਵੇਗੀ ਕਮਿਸ਼ਨ ਕੋਲ ਪਹੁੰਚ : ਵਿਜੇ ਸਾਂਪਲਾ
ਚੰਡੀਗੜ੍ਹ : ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਕਥਿਤ ਵੀਡੀਉ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਵਿਚ ਹੁਣ ਕੌਮੀ ਘੱਟ ਗਿਣਤੀ ਕਮਿਸ਼ਨ ਨੇ ਅਧਿਕਾਰੀਆਂ ਅਤੇ ਸ਼ਿਕਾਇਤਕਰਤਾ ਨੂੰ ਤਲਬ ਕੀਤਾ ਹੈ। ਕਮਿਸ਼ਨ ਵਲੋਂ ਇਨ੍ਹਾਂ ਨੂੰ 31 ਜੁਲਾਈ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ।
ਇਸ ਮਾਮਲੇ ਵਿਚ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਵੇਂ ਸ਼ਿਕਾਇਤਕਰਤਾ ਨੇ ਅਪਣੀ ਸ਼ਿਕਾਇਤ ਵਾਪਸ ਲੈ ਲਈ ਹੈ ਪਰ ਸਾਡੇ ਕੋਲ ਜੋ ਸ਼ਿਕਾਇਤ ਲਿਖਤੀ ਰੂਪ ਵਿਚ ਆਈ ਸੀ ਉਹ ਜਿਉਂ ਦੀ ਤਿਉਂ ਹੀ ਹੈ। ਵਿਜੇ ਸਾਂਪਲਾ ਦਾ ਕਹਿਣਾ ਹੈ ਕਿ ਕਮਿਸ਼ਨ ਕੋਲ ਪਹੁੰਚੀ ਸ਼ਿਕਾਇਤ ਅਜੇ ਤਕ ਵਾਪਸ ਨਹੀਂ ਲਈ ਗਈ ਹੈ।
ਇਹ ਵੀ ਪੜ੍ਹੋ: ਦੋ-ਦੋ ਸਰਕਾਰੀ ਕੋਠੀਆਂ ਰੱਖਣ ਵਾਲੇ IPS ਅਫ਼ਸਰਾਂ ਨੂੰ ਕਰਨੀਆਂ ਪੈਣਗੀਆਂ ਜੇਬਾਂ ਢਿੱਲੀਆਂ
ਉਨ੍ਹਾਂ ਦਾ ਕਹਿਣਾ ਹੈ ਕਿ ਸ਼ਿਕਾਇਤਕਰਤਾ ਨੇ ਵਿਅਕਤੀਗਤ ਰੂਪ ਵਿਚ ਸ਼ਿਕਾਇਤ ਦਿਤੀ ਸੀ ਇਸ ਲਈ ਪੀੜਤ ਨੂੰ ਕਮਿਸ਼ਨ ਕੋਲ ਪਹੁੰਚ ਕਰ ਕੇ ਹੀ ਅਪਣੀ ਸ਼ਿਕਾਇਤ ਵਾਪਸ ਲੈਣੀ ਪਵੇਗੀ ਕਿਉਂਕਿ ਉਹ ਪੁਲਿਸ ਦੀ ਰੀਪੋਰਟ ਨੂੰ ਨਹੀਂ ਮੰਨਦੇ। ਸਾਂਪਲਾ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਕੀਤੀ ਕਾਰਵਾਈ ਨੂੰ ਅਪਣੇ ਪੱਧਰ ’ਤੇ ਵਿਚਾਰਣਗੇ ਜਿਸ ਲਈ ਸਬੰਧਿਤ ਪੁਲਿਸ ਅਧਿਕਾਰੀਆਂ ਨੂੰ ਹੁਣ ਤਕ ਕੀਤੀ ਕਾਰਵਾਈ ਦੇ ਵੇਰਵੇ ਸਾਂਝੇ ਕਰਨ ਲਈ ਕਿਹਾ ਗਿਆ ਹੈ।
ਦੱਸ ਦੇਈਏ ਕਿ ਸ਼ਿਕਾਇਤਕਰਤਾ ਵਲੋਂ ਅਪਣੀ ਸ਼ਿਕਾਇਤ ਵਾਪਸ ਲੈਂਦਿਆਂ ਕਾਰਵਾਈ ਨਾ ਕਰਵਾਉਣ ਦੀ ਗੱਲ ਕਹੀ ਗਈ ਹੈ। ਜਿਸ ਦੇ ਚਲਦੇ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਨੇ ਸ਼ਿਕਾਇਤਕਰਤਾ ਨੂੰ 31 ਜੁਲਾਈ ਸਵੇਰੇ 11 ਵਜੇ ਪੇਸ਼ ਹੋਣ ਦੇ ਹੁਕਮ ਦਿਤੇ ਹਨ।