
ਮਾਪਿਆਂ ਦਾ ਇਕਲੌਤਾ ਪੁੱਤ ਸੀ ਮ੍ਰਿਤਕ ,ਲੁਧਿਆਣਾ 'ਚ ਕਰਦਾ ਸੀ ਡਿਊਟੀ
Ajnala News : ਪੰਜਾਬ ਅੰਦਰ ਦਿਨੋਂ -ਦਿਨ ਵੱਧ ਰਿਹਾ ਨਸ਼ਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਰਿਹਾ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ ਹਲਕਾ ਅਜਨਾਲਾ ਦੇ ਪਿੰਡ ਕਿਆਮਪੁਰ ਤੋਂ ਇੱਕ 24 ਸਾਲਾ ਨੌਜਵਾਨ ਪੁਲਿਸ ਮੁਲਾਜ਼ਮ ਦੀ ਨਸ਼ੇ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਨਸ਼ੇ ਕਰਨ ਕਰਕੇ ਇਸ ਪੁਲਿਸ ਮੁਲਾਜ਼ਮ ਗੁਰਸੇਵਕ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ। ਜਿਸ ਦੀ ਲਾਸ਼ ਪਿੰਡ ਕਿਆਮਪੁਰ ਨੇੜਿਓਂ ਮਿਲੀ। ਜਿਸ ਸਬੰਧੀ ਪਤਾ ਲੱਗਦੇ ਹੀ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਗੁਰਸੇਵਕ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਗੁਰਸੇਵਕ ਸਿੰਘ ਲੁਧਿਆਣਾ ਵਿੱਚ ਪੁਲਿਸ ਦੀ ਡਿਊਟੀ ਕਰਦਾ ਸੀ ਅਤੇ ਉਹ ਘਰ ਆਇਆ ਹੋਇਆ ਸੀ। ਜਿੱਥੇ ਨਸ਼ੇ ਦਾ ਟੀਕਾ ਲਗਾਉਣ ਕਰਕੇ ਉਸ ਦੀ ਮੌਤ ਹੋ ਗਈ ਹੈ। ਉਹਨਾਂ ਕਿਹਾ ਕਿ ਗੁਰਸੇਵਕ ਸਿੰਘ ਨਸ਼ਾ ਕਰਨ ਦਾ ਆਦੀ ਸੀ ਅਤੇ ਉਸ ਦੀ ਗਲਤ ਸੰਗਤ ਨੇ ਉਸ ਨੂੰ ਨਸ਼ੇ ਵਿੱਚ ਧੱਕ ਦਿੱਤਾ ਸੀ। ਉਹਨਾਂ ਕਿਹਾ ਕਿ ਗੁਰਸੇਵਕ ਸਿੰਘ ਦੇ ਪਿਤਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਪਿਤਾ ਦੀ ਡਿਊਟੀ ਦੀ ਨੌਕਰੀ ਗੁਰਸੇਵਕ ਸਿੰਘ ਨੂੰ ਮਿਲੀ ਸੀ। ਉਹਨਾਂ ਮੰਗ ਕੀਤੀ ਗਈ ਨਸ਼ੇ ਵੇਚਣ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਡੀਐਸਪੀ ਅਜਨਾਲਾ ਰਾਜ ਕੁਮਾਰ ਨੇ ਦੱਸਿਆ ਕਿ ਅਜਨਾਲਾ ਦੇ ਪਿੰਡ ਕਿਆਮਪੁਰ ਨੇੜਿਓਂ ਗੁਰਸੇਵਕ ਸਿੰਘ ਨਾਂ ਦੇ ਪੁਲਿਸ ਮੁਲਾਜ਼ਮ ਦੀ ਡੈਡਬਾਡੀ ਮਿਲੀ ਹੈ ,ਜੋ ਕਿ ਲੁਧਿਆਣਾ ਪੁਲਿਸ ਵਿੱਚ ਕੰਮ ਕਰਦਾ ਸੀ। ਉਹਨਾਂ ਕਿਹਾ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਰੱਖਿਆ ਗਿਆ ਹੈ ਅਤੇ ਪੋਸਟਮਾਰਟਮ ਹੋਣ ਤੋਂ ਬਾਅਦ ਕਾਰਨ ਦਾ ਪਤਾ ਲੱਗ ਸਕੇਗਾ।