
ਅਧਿਆਪਕ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਮੋਗਾ, 28 ਜੁਲਾਈ (ਦੇਵਿੰਦਰ ਔਲਖ/ਅਰੁਣ ਗੁਲਾਟੀ) : ਸਕੂਲ ਦੀ ਛੁੱਟੀ ਤੋਂ ਬਾਅਦ ਅਪਣੀ ਸਕੂਟਰੀ ’ਤੇ ਘਰ ਜਾ ਰਹੇ ਸਕੂਲ ਅਧਿਆਪਕ ਦਾ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿਤਾ। ਜਾਣਕਾਰੀ ਅਨੁਸਾਰ ਮ੍ਰਿਤਕ ਅਧਿਆਪਕ ਬੂਟਾ ਸਿੰਘ ਪੁੱਤਰ ਜੋਰਾ ਸਿੰਘ ਵਾਸੀ ਪਿੰਡ ਚੜਿ੍ਹਕ ਜੋ ਕਿ ਫ਼ੌਜ ਵਿਚ ਤੈਨਾਤ ਸੀ ਤੇ ਰਿਟਾਇਰ ਹੋਣ ਤੋਂ ਬਾਅਦ ਉਹ ਮੋਗਾ ਦੇ ਇਕ ਪ੍ਰਾਈਵੇਟ ਸਕੂਲ ਵਿਚ ਅਧਿਆਪਕ ਲੱਗਾ ਹੋਇਆ ਸੀ ਤੇ ਉਹ ਪਿੰਡ ਚੜਿੱਕ ਵਿਖੇ ਅਪਣੇ ਘਰ ਵਿਚ ਇਕੱਲਾ ਰਹਿੰਦਾ ਸੀ। ਉਸ ਦਾ ਅਪਣੀ ਪਤਨੀ ਨਾਲ ਘਰੇਲੂ ਝਗੜਾ ਚਲ ਰਿਹਾ ਸੀ ਤੇ ਉਹ ਕਾਫ਼ੀ ਸਮੇਂ ਤੋਂ ਅਪਣੇ ਲੜਕੇ ਨਾਲ ਫ਼ਰੀਦਕੋਟ ਵਿਖੇ ਅਲੱਗ ਰਹਿ ਰਹੀ ਸੀ ਤੇ ਉਸ ਦੀ ਇਕ ਲੜਕੀ ਕੈਨੇਡਾ ਵਿਖੇ ਰਹਿ ਰਹੀ ਹੈ। ਅਧਿਆਪਕ ਬੂਟਾ ਸਿੰਘ ਵੀਰਵਾਰ ਨੂੰ ਸਕੂਲ ਵਿਚ ਛੁੱਟੀ ਹੋਣ ਤੋਂ ਬਾਅਦ ਅਪਣੀ ਸਕੂਟਰੀ ’ਤੇ ਪਿੰਡ ਨੂੰ ਜਾ ਰਿਹਾ ਸੀ ਜਦ ਪਿੰਡ ਬੁੱਧ ਸਿੰਘ ਵਾਲਾ ਦੇ ਨਜ਼ਦੀਕ ਇਕ ਭੱਠੇ ਕੋਲ ਪੁੱਜਾ ਤਾਂ ਇਸ ਦੌਰਾਨ ਇਕ ਕਾਰ ਨੇ ਉਸ ਨੂੰ ਫੇਟ ਮਾਰ ਕੇ ਡੇਗ ਦਿਤਾ ਤੇ ਬਾਅਦ ਵਿਚ ਕਾਰ ਵਿਚੋਂ ਨਿਕਲੇ ਕੁੱਝ ਅਣਪਛਾਤੇ ਵਿਅਕਤੀ ਨੇ ਉਸ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਲਹੂ-ਲੁਹਾਣ ਕਰ ਕੇ ਫ਼ਰਾਰ ਹੋ ਗਏ, ਜਿਸ ਨੂੰ ਜ਼ਖ਼ਮੀ ਹਾਲਤ ਵਿਚ ਇਲਾਜ ਲਈ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਘਟਨਾ ਦਾ ਪਤਾ ਚਲਦਿਆਂ ਹੀ ਸਕੂਲ ਦਾ ਸਟਾਫ਼ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਪੁੱਜਣਾ ਸ਼ੁਰੂ ਹੋ ਗਿਆ।