
-ਤਿੰਨ ਈਵੈਂਟਸ ਵਿੱਚ ਤਗ਼ਮੇ ਬਣਾਏ ਯਕੀਨੀ, ਕੋਚ ਸੁਰਿੰਦਰ ਰੰਧਾਵਾ ਨੇ ਲਗਾਈ ਸਹੂਲਤਾਂ ਬਾਰੇ ਗੁਹਾਰ, ਵਿਸ਼ਵ ਪੱਧਰ ਦੀਆਂ ਸਹੂਲਤਾਂ ਦੇ ਬਾਵਜੂਦ ਖਿਡਾਰੀ ਸਹੂਲਤਾਂ ਤੋਂ ਸੱਖਣੇ
ਪਟਿਆਲਾ - ਚੀਨ ਵਿਖੇ ਚੱਲ ਰਹੀਆਂ 'ਵਿਸ਼ਵ ਯੂਨੀਵਰਸਿਟੀ ਖੇਡਾਂ' ਵਿੱਚ ਭਾਰਤ ਨੇ ਸ਼ੁੱਕਰਵਾਰ ਨੂੰ ਤੀਰਅੰਦਾਜ਼ੀ ਦੇ ਖੇਤਰ ਵਿੱਚ ਘੱਟੋ-ਘੱਟ ਤਿੰਨ ਈਵੈਂਟਸ ਦੇ ਤਗ਼ਮਿਆਂ ਦੀ ਜਿੱਤ ਯਕੀਨੀ ਬਣਾ ਲਈ ਹੈ। ਪੰਜਾਬੀ ਯੂਨੀਵਰਸਿਟੀ ਦੇ ਚਾਰ ਖਿਡਾਰੀ ਅਵਨੀਤ ਕੌਰ, ਅਮਨ ਸੈਣੀ, ਸੰਗਮਪ੍ਰੀਤ ਸਿੰਘ ਬਿਸਲਾ ਅਤੇ ਤਨਿਸ਼ਾ ਵਰਮਾ ਇਨ੍ਹਾਂ ਵੱਖ-ਵੱਖ ਈਵੈਂਟਸ ਦੀਆਂ ਟੀਮਾਂ ਵਿੱਚ ਸ਼ੁਮਾਰ ਹਨ।
ਪੰਜਾਬੀ ਯੂਨੀਵਰਸਿਟੀ ਤੋਂ ਤੀਰਅੰਦਾਜ਼ੀ ਦੇ ਕੋਚ ਸੁਰਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਭਾਰਤੀ ਮਹਿਲਾ ਕੰਪਾਊਂਡ ਤੀਰਅੰਦਾਜ਼ੀ ਟੀਮ ਨੇ ਮੇਜ਼ਬਾਨ ਚੀਨ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਇਸ ਭਾਰਤੀ ਟੀਮ ਨੇ ਚੀਨੀ ਟੀਮ ਨੂੰ 229-224 ਨਾਲ ਹਰਾ ਕੇ ਦੱਖਣੀ ਕੋਰੀਆ ਨਾਲ ਆਪਣਾ ਫਾਈਨਲ ਮੈਚ ਖੇਡਣਾ ਪੱਕਾ ਕਰ ਲਿਆ ਹੈ। ਇਸ ਸੈਮੀਫਾਈਨਲ ਜਿੱਤ ਨਾਲ਼ ਭਾਰਤ ਨੂੰ ਘੱਟੋ-ਘੱਟ ਚਾਂਦੀ ਦਾ ਤਗ਼ਮਾ ਮਿਲਣਾ ਯਕੀਨੀ ਹੋ ਗਿਆ ਹੈ।
ਓਧਰ ਦੂਜੇ ਪਾਸੇ ਪੰਜਾਬੀ ਯੂਨੀਵਰਸਿਟੀ ਦੇ ਅਮਨ ਸੈਣੀ, ਸੰਗਮਪ੍ਰੀਤ ਸਿੰਘ ਬਿਸਲਾ ਅਤੇ ਰਿਸ਼ਭ ਯਾਦਵ ਦੀ ਪੁਰਸ਼ ਕੰਪਾਊਂਡ ਟੀਮ,ਜਿਸ ਨੂੰ ਸੈਮੀਫਾਈਨਲ ਵਿੱਚ ਚੀਨ ਹੱਥੋਂ 227-228 ਭਾਵ ਸਿਰਫ਼ ਅੰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਦੀ ਟੀਮ ਹੁਣ ਕਾਂਸੀ ਦੇ ਤਗ਼ਮੇ ਲਈ ਦੱਖਣੀ ਕੋਰੀਆ ਨਾਲ ਭਿੜੇਗੀ।
ਕੰਪਾਊਂਡ ਮਿਕਸ ਟੀਮ ਦੇ ਜੇਤੂ ਅਮਨ ਸੈਣੀ ਅਤੇ ਪ੍ਰਗਤੀ ਫਾਈਨਲ ਵਿੱਚ ਪ੍ਰਵੇਸ਼ ਕਰ ਗਏ ਹਨ ਜੋ ਕੋਰੀਆ ਨਾਲ ਭਿੜਨਗੇ
ਪੁਰਸ਼ਾਂ ਦੇ ਵਿਅਕਤੀਗਤ ਮੁਕਾਬਲੇ ਵਿੱਚ ਅਮਨ ਸੈਣੀ ਨੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਿੰਗਾਪੁਰ ਦੇ ਜਿਆਂਗ ਯਿੰਗ ਈਰ ਨੂੰ 146-140, ਈਰਾਨ ਦੇ ਅਰਮਿਨ ਪਾਕਜ਼ਾਦ ਨੂੰ 146-140 ਅਤੇ ਹਮਵਤਨ ਰਿਸ਼ਭ ਯਾਦਵ ਨੂੰ 147-146 ਨਾਲ ਹਰਾ ਕੇ ਆਖਰੀ ਚਾਰ ਵਿੱਚ ਪ੍ਰਵੇਸ਼ ਕੀਤਾ। ਉਹ ਬਿਸਲਾ ਨਾਲ ਭਿੜੇਗਾ, ਜਿਸ ਨੇ ਹਾਂਗਕਾਂਗ ਦੇ ਚੁਨ ਕਿਟ ਸੁਈ ਨੂੰ 147-142, ਕੋਰੀਆ ਦੇ ਸੇਂਗਯੁਨ ਪਾਰਕ ਨੂੰ 145-142 ਅਤੇ ਫਰਾਂਸ ਦੇ ਨਾਥਨ ਕੈਡਰੋਨੇਟ ਨੂੰ 148-142 ਨਾਲ ਹਰਾਇਆ।
ਮਹਿਲਾ ਵਿਅਕਤੀਗਤ ਮੁਕਾਬਲਿਆਂ ਵਿੱਚ ਅਵਨੀਤ ਕੌਰ ਨੇ ਆਸਟ੍ਰੀਆ ਦੀ ਈਵਾ-ਮਾਰੀਆ ਸੀਡੇਲ ਨੂੰ 146-138, ਚੈੱਕ ਗਣਰਾਜ ਦੀ ਮਾਰਟਿਨਾ ਜ਼ਿਕਮੁੰਡੋਵਾ ਨੂੰ 143-143 (10-9) ਅਤੇ ਹਮਵਤਨ ਪ੍ਰਗਤੀ ਨੂੰ 145-144 ਨਾਲ ਹਰਾ ਕੇ ਮਹਿਲਾ ਵਿਅਕਤੀਗਤ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਉਹ ਚੋਟੀ ਦਾ ਦਰਜਾ ਪ੍ਰਾਪਤ ਕੋਰੀਆਈ ਸੁਆ ਚੋ ਨਾਲ ਭਿੜੇਗੀ।
ਤੀਰਅੰਦਾਜ਼ੀ ਦੇ ਰਿਕਰਵ ਮੁਕਾਬਲਿਆਂ ਵਿੱਚ ਭਾਰਤੀ ਮਹਿਲਾ ਟੀਮ ਸੰਗੀਤਾ, ਤਨੀਸ਼ਾ ਵਰਮਾ ਅਤੇ ਰੀਤਾ ਸਵਾਈਆਨ ਨੇ ਸੈਮੀਫਾਈਨਲ 'ਚ ਚੀਨ ਤੋਂ 4-5 (25-29) ਨਾਲ ਹਾਰਨ ਤੋਂ ਪਹਿਲਾਂ ਮਲੇਸ਼ੀਆ ਨੂੰ 5-1 ਅਤੇ ਚੀਨੀ ਤਾਈਪੇ ਨੂੰ 5-4 (24-23) ਨਾਲ ਹਰਾਇਆ ਸੀ। ਇਹ ਟੀਮ ਕਾਂਸੀ ਦੇ ਤਗ਼ਮੇ ਲਈ ਫਰਾਂਸ ਨਾਲ ਭਿੜੇਗੀ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਦੋ ਪੈਰਾ ਤੀਰਅੰਦਾਜ਼ਾਂ ਹਰਵਿੰਦਰ ਸਿੰਘ ਅਤੇ ਪੂਜਾ ਨੇ ਪੈਰਿਸ ਓਲਿੰਪਿਕ ਲਈ ਕੁਆਲੀਫ਼ਾਈ ਕੀਤਾ ਹੈ।
ਕੋਚ ਸੁਰਿੰਦਰ ਸਿੰਘ ਰੰਧਾਵਾ ਨੇ ਮੌਕੇ ਇਸ ਮੌਕੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਸਹੂਲਤਾਂ ਬਾਰੇ ਗੁਹਾਰ ਲਗਾਈ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ ਦੀਆਂ ਪ੍ਰਾਪਤੀਆਂ ਦੇ ਬਾਵਜੂਦ ਇਹ ਖਿਡਾਰੀ ਸਹੂਲਤਾਂ ਤੋਂ ਸੱਖਣੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜੋ ਕਿ ਖੇਡ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਦਾਅਵੇ ਨਾਲ਼ ਸੱਤਾ ਵਿੱਚ ਆਈ ਹੈ, ਨੂੰ ਅਪੀਲ ਹੈ ਕਿ ਉਹ ਇਨ੍ਹਾਂ ਹੋਣਹਾਰ ਖਿਡਾਰੀਆਂ ਦੀ ਬਾਂਹ ਫੜੇ ਅਤੇ ਲੋੜੀਂਦੀਆਂ ਸਹੂਲਤਾਂ ਅਤੇ ਤਰੱਕੀਆਂ ਦਾ ਪ੍ਰਬੰਧ ਕਰੇ। ਉਨ੍ਹਾਂ ਕਿਹਾ ਕਿ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਉਹ ਖ਼ੁਦ ਵੀ ਅਤੇ ਖਿਡਾਰੀ ਵੀ ਨਿਰਾਸ਼ਾ ਵੱਲ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਖਿਡਾਰੀਆਂ ਅਤੇ ਕੋਚ ਨੂੰ ਬਣਦਾ ਸਤਿਕਾਰ ਮਿਲੇ ਤਾਂ ਉਹ ਇਸ ਤੋਂ ਵੀ ਵੱਡੀਆਂ ਪ੍ਰਾਪਤੀਆਂ ਹਾਸਲ ਕਰ ਸਕਦੇ ਹਨ