
ਖੇਡ ਮੰਤਰੀ ਨੇ ਖਿਡਾਰੀਆਂ ਨੂੰ ਖੇਡ ਦਿਵਸ ਦੀ ਦਿੱਤੀ ਮੁਬਾਰਕਬਾਦ
ਚੰਡੀਗੜ੍ਹ: ਕੌਮੀ ਖੇਡ ਦਿਵਸ ਦੀ ਸਾਰੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਪੰਜਾਬ ਦੇ ਖੇਡਾਂ ਤੇ ਯੁਵਕ ਸੇਵਾਵਾਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਕਿਹਾ ਕਿ ਇਹ ਦਿਨ ਜਿੱਥੇ ਨੌਜਵਾਨਾਂ ਨੂੰ ਖ਼ੁਦ ਨੂੰ ਖੇਡਾਂ ਪ੍ਰਤੀ ਸਮਰਪਿਤ ਕਰਨ ਦੀ ਪ੍ਰੇਰਨਾ ਦਿੰਦਾ ਹੈ, ਉਥੇ ਹਾਕੀ ਦੇ ਮਹਾਂਨਾਇਕ ਧਿਆਨ ਚੰਦ ਦੇ ਖੇਡ ਪ੍ਰਤੀ ਜਨੂੰਨ ਨੂੰ ਵੀ ਚੇਤਾ ਕਰਵਾਉਂਦਾ ਹੈ।
Rana Gumeet Singh Sodhi
ਇੱਥੇ ਜਾਰੀ ਪ੍ਰੈੱਸ ਬਿਆਨ ਵਿਚ ਰਾਣਾ ਸੋਢੀ ਨੇ ਕਿਹਾ ਕਿ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ ਮੌਕੇ 29 ਅਗਸਤ ਨੂੰ ਦੇਸ਼ ਭਰ ਵਿਚ ਕੌਮੀ ਖੇਡ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਦਾ ਜਨਮ 1905 ਵਿਚ ਇਲਾਹਾਬਾਦ ਵਿਖੇ ਹੋਇਆ। ਉਨ੍ਹਾਂ 1928, 1932 ਤੇ 1936 ਦੀਆਂ ਉਲੰਪਿਕ ਖੇਡਾਂ ਵਿਚ ਭਾਰਤ ਲਈ ਸੋਨੇ ਦੇ ਤਮਗ਼ੇ ਜਿੱਤੇ। ਉਨ੍ਹਾਂ 1926 ਤੋਂ 1949 ਤੱਕ ਦੇ ਆਪਣੇ ਖੇਡ ਕਰੀਅਰ ਵਿਚ ਕੁੱਲ 570 ਗੋਲ ਕੀਤੇ, ਜੋ ਇਕ ਰਿਕਾਰਡ ਹੈ।
Wizard Major Dhyan Chand
ਉਨ੍ਹਾਂ ਦੀ ਯਾਦ ਵਿਚ ਦੇਸ਼ ਦੇ ਹੋਣਹਾਰ ਖਿਡਾਰੀਆਂ ਨੂੰ ਅੱਜ ਦੇ ਦਿਨ ਐਵਾਰਡ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਖੇਡ ਮੰਤਰੀ ਨੇ ਅੱਜ ਦੇ ਦਿਨ ਅਰਜੁਨਾ, ਧਿਆਨ ਚੰਦ ਤੇ ਤੇਨਜ਼ਿੰਗ ਨੋਰਗੇ ਐਵਾਰਡ ਹਾਸਲ ਕਰਨ ਵਾਲਿਆਂ ਖ਼ਾਸ ਤੌਰ ’ਤੇ ਪੰਜਾਬ ਦੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪੰਜਾਬ ਦੇ ਐਵਾਰਡ ਜੇਤੂ ਖਿਡਾਰੀਆਂ ਦਾ 14 ਸਤੰਬਰ ਨੂੰ ਚੰਡੀਗੜ੍ਹ ਵਿਖੇ ਸਨਮਾਨ ਕੀਤਾ ਜਾਵੇਗਾ।
Hockey
ਜ਼ਿਕਰਯੋਗ ਹੈ ਕਿ ਪੰਜਾਬ ਵਿੱਚੋਂ ਹਾਕੀ ਖਿਡਾਰੀ ਆਕਾਸ਼ਦੀਪ ਸਿੰਘ ਨੂੰ ਇਸ ਸਾਲ ਅਰਜੁਨਾ ਐਵਾਰਡ ਮਿਲਿਆ ਹੈ, ਜਦੋਂ ਕਿ ਕੁਲਦੀਪ ਸਿੰਘ ਭੁੱਲਰ (ਅਥਲੈਟਿਕਸ), ਅਜੀਤ ਸਿੰਘ (ਹਾਕੀ), ਮਨਪ੍ਰੀਤ ਸਿੰਘ (ਕਬੱਡੀ), ਮਨਜੀਤ ਸਿੰਘ (ਰੋਇੰਗ), ਸੁਖਵਿੰਦਰ ਸਿੰਘ (ਫੁਟਬਾਲ) ਅਤੇ ਲੱਖਾ ਸਿੰਘ (ਮੁੱਕੇਬਾਜ਼ੀ) ਨੂੰ ਮੇਜਰ ਧਿਆਨ ਚੰਦ ਐਵਾਰਡ ਲਈ ਚੁਣਿਆ ਗਿਆ। ਇਸੇ ਤਰ੍ਹਾਂ ਕਰਨਲ ਸਰਫ਼ਰਾਜ਼ ਸਿੰਘ ਨੂੰ ਤੇਨਜ਼ਿੰਗ ਨੋਰਗੇ ਨੈਸ਼ਨਲ ਐਡਵੈਂਚਰ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ।