
ਕਿਹਾ, ਸਿਆਸਤ 'ਚ ਗ਼ਲਤੀ-ਦਰ-ਗ਼ਲਤੀ ਕਰਨ ਵਾਲਿਆਂ ਨੂੰ ਲੋਕ ਕਦੇ ਵੀ ਮੁਆਫ਼ ਨਹੀਂ ਕਰਦੇ
ਸੰਗਰੂਰ : ਖੇਤੀ ਬਿੱਲਾਂ ਨੂੰ ਲੈ ਕੇ ਕਿਸਾਨਾਂ ਦੇ ਸੰਘਰਸ਼ ਦੇ ਨਾਲ-ਨਾਲ ਪੰਜਾਬ ਦੀਆਂ ਰਾਜਨੀਤਕ ਧਿਰਾਂ ਵਿਚਾਲੇ ਇਕ-ਦੂਜੇ ਨੂੰ ਘੇਰਨ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਖੇਤੀ ਕਾਨੂੰਨਾਂ ਖਿਲਾਫ਼ ਸਭ ਤੋਂ ਪੱਛੜ ਕੇ ਨਿਤਰੀ ਧਿਰ ਸ਼੍ਰੋਮਣੀ ਅਕਾਲੀ ਦਲ ਹੁਣ ਸਭ ਨੂੰ ਪਛਾੜਣ ਦੇ ਚੱਕਰ 'ਚ ਚਾਰੇ ਪਾਸੇ ਚੌਕੇ-ਛੱਕੇ ਮਾਰ ਰਹੀ ਹੈ। ਦੂਜੇ ਪਾਸੇ ਕਾਂਗਰਸ ਸਮੇਤ ਹੋਰ ਧਿਰਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਗਰਮੀਆਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਆਗੂ ਅਤੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀਆਂ ਸਰਗਰਮੀਆਂ 'ਤੇ ਸਵਾਲ ਖੜ੍ਹੇ ਕੀਤੇ ਹਨ।
Parminder Dhindsa
ਸੁਖਬੀਰ ਸਿੰਘ ਬਾਦਲ ਦੀਆਂ ਵਰਕਰ ਮੀਟਿੰਗਾਂ ਨੂੰ ਸਿਰਫ਼ ਪਾਰਟੀ ਦੀ ਹੋਂਦ ਬਚਾਉਣ ਲਈ ਕੀਤੀ ਜਾ ਰਹੀ ਕੋਸ਼ਿਸ਼ ਕਰਾਰ ਦਿੰਦਿਆਂ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਇਨ੍ਹਾਂ ਮੀਟਿੰਗਾਂ ਦਾ ਖੇਤੀ ਵਿਰੋਧੀ ਕਾਨੂੰਨਾਂ ਨਾਲ ਨੇੜੇ ਦਾ ਵੀ ਵਾਹ-ਵਾਸਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਬਾਦਲ ਦਲ ਵਲੋਂ ਕਿਸਾਨਾਂ ਦੇ ਸੰਘਰਸ਼ ਦੇ ਵਿਪਰੀਤ ਚੱਕਾ ਜਾਮ“ਦੇ ਸੱਦੇ ਨੂੰ ਪੰਜਾਬ ਦੇ ਲੋਕਾਂ ਨੇ ਮੁੱਢੋਂ ਹੀ ਅਣਗੌਲਿਆ ਕਰ ਦਿਤਾ ਸੀ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਪੰਜਾਬ ਦੇ ਲੋਕਾਂ ਨਾਲ ਵਿਸਵਾਸ਼ਘਾਤ ਕਰਦਿਆਂ ਖੇਤੀ ਵਿਰੋਧੀ ਬਿਲਾਂ ਦੇ ਹੱਕ 'ਚ ਸਟੈਂਡ ਲੈਣ ਵਾਲੀ ਪਹਿਲੀ ਗ਼ਲਤੀ ਨਹੀਂ ਸੀ। ਇਹ ਬਾਰਵੀਂ-ਤੇਰਵੀਂ ਬੱਜਰ ਗ਼ਲਤੀ ਸੀ ਜਿਸਦਾ ਖ਼ਮਿਆਜ਼ਾ ਸਮੁੱਚੇ ਪੰਜਾਬੀ ਜਗਤ ਨੂੰ ਭੁਗਤਣਾ ਪੈ ਰਿਹਾ ਹੈ। ਇਨ੍ਹਾਂ ਗ਼ਲਤੀਆਂ ਲਈ ਅਕਾਲੀ ਵਰਕਰ ਸ਼ਰਮਿੰਦਗੀ ਮਹਿਸੂਸ ਕਰ ਰਹੇ ਹਨ ਜਿਨ੍ਹਾਂ ਨੂੰ ਸ਼ਰਮਿੰਦਗੀ 'ਚੋਂ ਕੱਢਣ ਲਈ ਪਾਰਟੀ ਪ੍ਰਧਾਨ ਹੁਣ ਕਿਸਾਨਾਂ ਦੇ ਹੱਕ 'ਚ ਗੱਲਾਂ ਕਰ ਰਹੇ ਹਨ।
Parminder Dhindsa
ਪਰਮਿੰਦਰ ਢੀਂਡਸਾ ਨੇ ਬੇਅਦਬੀ, ਡੇਰਾ ਮੁਖੀ ਨੂੰ ਮੁਆਫ਼ੀ, ਫੈਡਰਲ ਢਾਂਚੇ ਅਤੇ ਕਿਸਾਨ ਵਿਰੋਧੀ ਆਰਡੀਨੈੱਸਾਂ ਦੇ ਪਾਸ ਹੋਣ ਤਕ ਦੀਆਂ ਗ਼ਲਤੀਆਂ ਜ਼ਿਕਰ ਕਰਦਿਆਂ ਕਿਹਾ ਕਿ ਕਿਸੇ ਸਿਆਸੀ ਪਰਿਵਾਰ ਨੂੰ ਤਾਂ ਇਕ ਗ਼ਲਤੀ ਸਿਆਸਤ ਤੋਂ ਬਾਹਰ ਹੋਣ ਦਾ ਰਸਤਾ ਦਿਖਾ ਦਿੰਦੀ ਹੈ ਪਰ ਜਿਸ ਪਰਿਵਾਰ ਨੇ ਇਕ ਦਰਜਨ ਤੋਂ ਵੱਧ ਬੱਜਰ ਗਲਤੀਆਂ ਕੀਤੀਆਂ ਹੋਣ, ਉਸ ਪਾਰਟੀ ਅਤੇ ਉਸ ਦੇ ਆਗੂਆਂ ਦੀ ਸਥਿਤੀ ਬਾਰੇ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੀ ਲੋਕਾਂ 'ਚ ਕੀ ਸਥਿਤੀ ਹੈ।
Sukhbir Singh Badal with Parkash Singh Badal
ਢੀਂਡਸਾ ਨੇ ਦੋਸ਼ ਲਾਇਆ ਕਿ ਕਾਂਗਰਸ ਅਤੇ ਅਕਾਲੀ ਦਲ ਬਾਦਲ-ਭਾਜਪਾ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਪੰਜਾਬ ਦਾ ਨੌਜਵਾਨ ਅਤੇ ਕਿਸਾਨ ਆਪਣੀ ਜ਼ਿੰਦਗੀ ਜਿਉਣ ਦੇ ਅਧਿਕਾਰ ਦੀ ਲੜਾਈ ਲੜ ਰਿਹਾ ਹੈ । ਇਸ ਆਰ-ਪਾਰ ਦੀ ਲੜਾਈ ਉੱਪਰ ਸਿਆਸਤ ਕਰਨ ਵਾਲੇ ਆਗੂ ਜੱਗ ਜਾਹਿਰ ਹੋ ਚੁੱਕੇ ਹਨ। ਕਿਸਾਨ ਇਹ ਵੀ ਜਾਣ ਚੁੱਕੇ ਹਨ ਕਿ ਅੰਬਾਨੀ ਅਡਾਨੀ ਨੂੰ ਪੰਜਾਬ ਦਾ ਰਾਹ ਦਿਖਾਉਣ ਵਾਲੇ ਕੌਣ ਹਨ? ਢੀਂਡਸਾ ਨੇ ਕਿਹਾ ਕਿ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਖਿਲਾਫ਼ ਉੱਠੀ ਕਿਸਾਨ ਲਹਿਰ ਨੇ ਜਿਥੇ ਕਿਸਾਨ ਦੇ ਹੱਕਾਂ ਦੀ ਆਵਾਜ਼ ਨੂੰ ਅੰਜ਼ਾਮ ਤਕ ਲੈ ਕੇ ਜਾਣਾ ਹੈ, ਉਥੇ ਸੱਚੀ ਅਤੇ ਝੂਠੀ ਸਿਆਸਤ ਕਰਨ ਵਾਲੇ ਲੋਕਾਂ ਦਾ ਵੀ ਨਿਤਾਰਾ ਕਰ ਦੇਣਾ ਹੈ ਜਿਨ੍ਹਾਂ ਨੇ ਮਾੜੇ ਮਨਸੂਬਿਆਂ ਕਰਕੇ ਕਿਸਾਨਾਂ ਆਹ ਦਿਨ ਦੇਖਣੇ ਪੈ ਰਹੇ ਹਨ।
Parminder Singh Dhindsa
ਕਾਬਲੇਗੌਰ ਹੈ ਕਿ ਇਕ ਪਾਸੇ ਜਿੱਥੇ ਕਿਸਾਨਾਂ ਦੇ ਸੰਘਰਸ਼ ਨੂੰ ਪੰਜਾਬ ਦੀਆਂ ਸਮੁੱਚੀਆਂ ਜਥੇਬੰਦੀਆਂ ਤੋਂ ਇਲਾਵਾ ਹਰ ਵਰਗ ਦੀ ਢੁਕਵਾਂ ਸਾਥ ਮਿਲ ਰਿਹਾ ਹੈ, ਉਥੇ ਹੀ ਪੰਜਾਬ ਦੀਆਂ ਸਿਆਸੀ ਧਿਰਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਇਕ-ਦੂਜੇ ਵੱਲ ਨਿਸ਼ਾਨੇ ਵੀ ਸਾਧੀ ਜਾ ਰਹੀਆਂ ਹਨ। ਖੇਤੀ ਕਾਨੂੰਨਾਂ ਖਿਲਾਫ਼ ਸਭ ਤੋਂ ਪੱਛੜ ਕੇ ਨਿਤਰੀ ਧਿਰ ਸ਼੍ਰੋਮਣੀ ਅਕਾਲੀ ਦਲ ਹੁਣ ਸੱਤਾਧਾਰੀ ਧਿਰ ਨੂੰ ਨਿਸ਼ਾਨਾ ਬਣਾਉਣ ਦੇ ਨਾਲ-ਨਾਲ ਅਪਣੀ ਪੁਰਾਣੀ ਭਾਈਵਾਲ ਭਾਜਪਾ ਨਾਲ ਵੀ ਮਿਹਣੋ-ਮਿਹਣੀ ਹੋ ਰਹੀ ਹੈ। ਅਕਾਲੀ ਦਲ ਦੇ ਅੱਜ ਵਾਲੇ ਤੇਵਰਾਂ ਨੂੰ ਵੇਖ ਕੇ ਉਨ੍ਹਾਂ ਦਾ ਕੁੱਝ ਦਿਨ ਵਾਲਾ ਸਟੈਂਡ ਸੁਪਨਾ ਹੀ ਜਾਪਦਾ ਹੈ। ਭਾਜਪਾ ਨਾਲ ਸਾਂਝ ਨੂੰ ਨਹੁੰ-ਮਾਸ ਦਾ ਰਿਸ਼ਤਾ ਦੱਸਣ ਵਾਲੇ ਅਕਾਲੀ ਆਗੂ ਹੁਣ ਇਸ ਨੂੰ ਅਪਣੀ ਭੁੱਲ ਕਹਿ ਰਹੇ ਹਨ।