
‘ਮਜ਼ਬੂਰੀ ਵਜੋਂ ਚੁੱਕਿਆ ਹੋਇਆ ਕਦਮ ਹੈ ਹਰਸਿਮਰਤ ਬਾਦਲ ਦਾ ਅਸਤੀਫ਼ਾ’
ਚੰਡੀਗੜ੍ਹ(ਹਰਦੀਪ ਸਿੰਘ ਭੋਗਲ): ਕੇਂਦਰ ਸਰਕਾਰ ਵੱਲੋਂ ਜਾਰੀ ਖੇਤੀਬਾੜੀ ਸਬੰਧੀ ਆਰਡੀਨੈਂਸਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ। ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਖਿਲਾਫ ਬੀਤੇ ਦਿਨ ਹਰਸਿਮਰਤ ਕੌਰ ਬਾਦਲ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਤੇ ਇਹ ਅਸਤੀਫ਼ਾ ਰਾਤੋ-ਰਾਤ ਸਵਿਕਾਰ ਵੀ ਕਰ ਲਿਆ ਗਿਆ। ਪੰਜਾਬ ਵਿਚ ਸਿਆਸੀ ਧਿਰਾਂ ਹਰਸਿਮਰਤ ਬਾਦਲ ਦੇ ਅਸਤੀਫ਼ੇ ਨੂੰ ਸਿਆਸੀ ਟੋਟਕਾ ਦੱਸ ਰਹੀਆਂ ਹਨ।
Parminder Singh Dhindsa
ਇਸ ਦੇ ਚਲਦਿਆਂ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਨੇ ਪਰਮਿੰਦਰ ਸਿੰਘ ਢੀਂਡਸਾ ਨਾਲ ਗੱਲ਼ਬਾਤ ਕੀਤੀ। ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਹਰਸਿਮਰਤ ਬਾਦਲ ਦਾ ਅਸਤੀਫ਼ਾ ਮਰੇ ਦੇ ਮੂੰਹ ਵਿਚ ਪਾਣੀ ਪਾਉਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਜੇਕਰ ਇਹ ਅਸਤੀਫ਼ਾ ਦੋ ਮਹੀਨੇ ਪਹਿਲਾਂ ਉਸ ਸਮੇਂ ਦਿੱਤਾ ਹੁੰਦਾ, ਜਦੋਂ ਇਹ ਬਿਲ ਕੈਬਨਿਟ ਵਿਚ ਆਇਆ ਸੀ ਤਾਂ ਇਹ ਨੌਬਤ ਨਹੀਂ ਸੀ ਆਉਣੀ। ਉਸ ਸਮੇਂ ਭਾਜਪਾ ਨੂੰ ਮਜਬੂਰਨ ਇਹ ਬਿਲ ਰੋਕਣਾ ਪੈਣਾ ਸੀ ਪਰ ਉਦੋਂ ਇਹਨਾਂ ਨੇ ਕੈਬਨਿਟ ਤੇ ਲੋਕਾਂ ਵਿਚ ਇਹਨਾਂ ਬਿਲਾਂ ਦੀ ਹਮਾਇਤ ਕੀਤੀ ਸੀ।
Harsimrat Kaur Badal
ਉਹਨਾਂ ਕਿਹਾ ਕਿ ਜਦੋਂ ਬਿਲ ਲੋਕ ਸਭਾ ਵਿਚ ਪਾਸ ਹੋ ਗਿਆ ਤਾਂ ਇਸ ‘ਤੋਂ ਬਾਅਦ ਅਸਤੀਫ਼ਾ ਦੇਣ ਦਾ ਕੋਈ ਫਾਇਦਾ ਨਹੀਂ। ਪਰਮਿੰਦਰ ਢੀਂਡਸਾ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਦਾ ਅਸਤੀਫ਼ਾ ਮਜ਼ਬੂਰੀ ਵਜੋਂ ਚੁੱਕਿਆ ਹੋਇਆ ਇਕ ਕਦਮ ਹੈ। ਇਹ ਅਸਤੀਫ਼ਾ ਬੜੇ ਹੀ ਦੁਖੇ ਹਿਰਦੇ ਨਾਲ ਦਿੱਤਾ ਹੋਵੇਗਾ। ਉਹਨਾਂ ਕਿਹਾ ਇਸ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਪ੍ਰਕਾਸ਼ ਸਿੰਘ ਬਾਦਲ, ਜਿਨ੍ਹਾਂ ਦੀ ਉਮਰ 95 ਸਾਲ ਹੋ ਗਈ ਹੈ ਤੇ ਇਸ ਵਿਚ ਕੋਈ ਅਤਿਕਥਨੀ ਨਹੀਂ ਹੈ ਕਿ ਉਹਨਾਂ ਨੇ 60 ਸਾਲ ਕਿਸਾਨਾਂ ਦੇ ਦਿਲਾਂ ‘ਤੇ ਰਾਜ ਕੀਤਾ ਹੈ। ਅੱਜ ਇਹਨਾਂ ਨੇ ਉਹਨਾਂ ਕੋਲੋਂ ਵੀ ਕਿਸਾਨ ਵਿਰੋਧ ਬਿਆਨ ਦਵਾ ਦਿੱਤੇ।
Parkash Badal and Sukhbir Badal
ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਇਹ ਬਿਆਨ ਪ੍ਰਕਾਸ਼ ਬਾਦਲ ਨੇ ਆਪ ਦਿੱਤੇ ਜਾਂ ਉਹਨਾਂ ਕੋਲੋਂ ਦਵਾਏ ਗਏ, ਇਹ ਤਾਂ ਪਾਰਟੀ ਜਾਂ ਉਹ ਖੁਦ ਹੀ ਦੱਸ ਸਕਦੇ ਹਨ। ਪਰਮਿੰਦਰ ਢੀਂਡਸਾ ਨੇ ਦੱਸਿਆ ਕਿ ਸੁਖਦੇਵ ਸਿੰਘ ਢੀਂਡਸਾ ਨੇ ਲਗਭਗ ਡੇਢ ਮਹੀਨਾ ਪਹਿਲਾਂ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਸੀ, ਜਿਸ ਵਿਚ ਉਹਨਾਂ ਕਿਹਾ ਸੀ ਕਿ ਇਹ ਕਾਨੂੰਨ ਕਿਸਾਨ ਵਿਰੋਧੀ ਹਨ ਤੇ ਇਹਨਾਂ ਨੂੰ ਵਾਪਸ ਲਿਆ ਜਾਵੇ। ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਦਾ ਸਟੈਂਡ ਸ਼ੁਰੂ ਤੋਂ ਹੀ ਸਪੱਸ਼ਟ ਹੈ।
Sukhdev Singh Dhindsa
ਖੇਤੀਬਾੜੀ ਬਿਲ ਬਾਰੇ ਕਾਂਗਰਸ ਦੇ ਸਟੈਂਡ ‘ਤੇ ਬੋਲਦਿਆਂ ਢੀਂਡਸਾ ਨੇ ਕਿਹਾ ਕਿ ਜੇਕਰ ਉਹ ਕਮੇਟੀ ਵਿਚ ਸ਼ਾਮਲ ਸੀ ਤਾਂ ਉਹਨਾਂ ਨੇ ਉਸ ਸਮੇਂ ਬਿਲ ਦਾ ਵਿਰੋਧ ਕਿਉਂ ਨਹੀਂ ਕੀਤਾ। ਉਹਨਾਂ ਕਿਹਾ ਕਿ ਆਲ ਪਾਰਟੀ ਮੀਟਿੰਗ ਵਿਚ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਨੇ ਸਹਿਮਤੀ ਜਤਾਈ ਸੀ ਕਿ ਜੋ ਵੀ ਸਰਕਾਰ ਕਰੇਗੀ ਸਾਰੇ ਉਸ ਦਾ ਸਾਥ ਦੇਣਗੇ। ਪੰਜਾਬ ਸਰਕਾਰ ਨੇ ਕਿਹਾ ਸੀ ਕਿ ਉਹ ਵਫਦ ਲੈ ਕੇ ਜਾਣਗੇ ਤੇ ਰੋਸ ਜਤਾਉਣਗੇ। ਪਰ ਕੋਈ ਵਫਦ ਕੇਂਦਰ ਸਰਕਾਰ ਨੂੰ ਮਿਲਣ ਨਹੀਂ ਗਿਆ।
Captain Amarinder Singh
ਉਹਨਾਂ ਕਿਹਾ ਹੁਣ ਸਾਰੇ ਅਪਣੀਆਂ ਕਮਜ਼ੋਰੀਆਂ ਨੂੰ ਲੁਕਾਉਣ ਲਈ ਇਕ ਦੂਜੇ ‘ਤੇ ਇਲਜ਼ਾਮ ਲਗਾ ਰਹੇ ਨੇ ਤੇ ਅਪਣਾ ਪੱਲਾ ਝਾੜ ਰਹੇ ਹਨ। ਢੀਂਡਸਾ ਨੇ ਕਿਹਾ ਕਿ ਜੇਕਰ ਇਹ ਬਿਲ ਅੱਜ ਲਾਗੂ ਹੋਏ ਹਨ ਤਾਂ ਇਸ ਵਿਚ ਇਹਨਾਂ ਸਾਰਿਆਂ ਦੀ ਭੂਮਿਕਾ ਹੈ। ਅਕਾਲੀ-ਭਾਜਪਾ ਗਠਜੋੜ ਬਾਰੇ ਬੋਲਦਿਆਂ ਢੀਂਡਸਾ ਨੇ ਕਿਹਾ ਕਿ ਹੁਣ ਇਹ ਗਠਜੋੜ ਤੋੜਨ ਦੇ ਬਹਾਨੇ ਲੱਭ ਰਹੇ ਹਨ ਕਿਉਂਕਿ ਹਰਸਿਮਰਤ ਬਾਦਲ ਦਾ ਰਾਤੋ-ਰਾਤ ਅਸਤੀਫ਼ਾ ਮਨਜ਼ੂਰ ਕਰਕੇ ਐਨਡੀਏ ਨੇ ਇਹਨਾਂ ਨੂੰ ਇਹਨਾਂ ਦੀ ਥਾਂ ਦਿਖਾ ਦਿੱਤੀ ਹੈ।
SAD-BJP alliance
ਉਹਨਾਂ ਕਿਹਾ ਬਲਵਿੰਦਰ ਸਿੰਘ ਭੂੰਦੜ ਹੁਣ ਕਹਿ ਰਹੇ ਨੇ ਕਿ ਗਠਜੋੜ ਤੋੜ ਦੇਣਾ ਚਾਹੀਦਾ ਹੈ ਤਾਂ ਇਹ ਗੱਲ ਉਹਨਾਂ ਨੇ ਦੋ ਮਹੀਨੇ ਪਹਿਲਾਂ ਕਿਉਂ ਨਹੀਂ ਕਹੀ। ਉਹਨਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਹਾਲਾਤ ਦੇਖ ਕੇ ਬਹੁਤ ਦੁਖ ਹੁੰਦਾ ਹੈ। ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਖੇਤੀਬਾੜੀ ਬਿਲ ਕਿਸੇ ਵੀ ਤਰ੍ਹਾਂ ਕਿਸਾਨਾਂ ਦੇ ਹੱਕ ਵਿਚ ਨਹੀਂ ਹੈ। ਉਹਨਾਂ ਕਿਹਾ ਜੋ ਗੱਲਾਂ ਪ੍ਰਧਾਨ ਮੰਤਰੀ ਬੋਲ ਰਹੇ ਹਨ ਜੇਕਰ ਉਹ ਸੱਚ ਹਨ ਤਾਂ ਉਹਨਾਂ ਗੱਲਾਂ ਨੂੰ ਕਾਨੂੰਨ ਵਿਚ ਸ਼ਾਮਲ ਨਹੀਂ ਕੀਤਾ ਗਿਆ। ਜੇਕਰ ਇਹ ਬਿਲ ਕਿਸਾਨਾਂ ਦੇ ਹੱਕ ਵਿਚ ਹੁੰਦੇ ਤਾਂ ਕਿਸਾਨ ਇਸ ਦਾ ਵਿਰੋਧ ਕਿਉਂ ਕਰਦੇ।
Punjab Farmer
ਅਖੀਰ ਵਿਚ ਢੀਂਡਸਾ ਨੇ ਕਿਹਾ ਕਿ ਪੰਜਾਬ ਦੀ ਸਾਰੀ ਆਰਥਿਕਤਾ ਕਿਸਾਨੀ ਨਾਲ ਜੁੜੀ ਹੋਈ ਹੈ। ਜੀਡੀਪੀ ਵਿਚ ਕਿਸਾਨੀ ਦਾ ਹਿੱਸਾ ਦਿਨੋ ਦਿਨ ਘਟਦਾ ਜਾ ਰਿਹਾ ਹੈ। 60 ਤੋਂ 70 ਫੀਸਦੀ ਖੇਤੀਬੜੀ ਨਾਲ ਜੁੜੇ ਹੋਏ ਹਨ। ਜੇਕਰ ਖੇਤੀਬਾੜੀ ਨਹੀਂ ਬਚੇਗੀ ਤਾਂ ਸੁਭਾਵਿਕ ਹੈ ਕਿ ਉਹਨਾਂ ਲੋਕਾਂ ਦੀ ਆਮਦਨ ਅਤੇ ਜੀਵਨ ਦਾ ਪੱਧਰ ਪ੍ਰਭਾਵਿਤ ਹੋਵੇਗਾ। ਉਹਨਾਂ ਕਿਹਾ ਜੇਕਰ ਇਹ ਬਿਲ ਲਾਗੂ ਹੋ ਗਏ ਤਾਂ ਭਵਿੱਖ ਵਿਚ ਹਨੇਰਾ ਹੀ ਹੋਵੇਗਾ।
ਉਹਨਾਂ ਨੇ ਪੰਜਾਬ ਦੀਆਂ ਸਾਰੀਆਂ ਧਿਰਾਂ ਅਤੇ ਵੱਖ-ਵੱਖ ਕਿਸਾਨ ਯੂਨੀਅਨਾਂ ਨੂੰ ਅਪੀਲ ਕੀਤੀ ਕਿ ਇਸ ਮੁੱਦੇ ‘ਤੇ ਸਿਆਸਤ ਛੱਡ ਕੇ ਜੇਕਰ ਇਕੱਠੇ ਹੋਕੇ ਹੰਭਲਾ ਮਾਰਿਆ ਜਾਵੇ ਤਾਂ ਇਹ ਬਿਲ ਰੱਦ ਹੋ ਸਕਦੇ ਹਨ ਕਿਉਂਕਿ ਹਾਲੇ ਵੀ ਇਹ ਬਿਲ ਰਾਜ ਸਭਾ ਵਿਚ ਪਾਸ ਨਹੀਂ ਹੋਏ ਤੇ ਉਮੀਦ ਦੀ ਕਿਰਨ ਬਾਕੀ ਹੈ।