
ਕਿਹਾ, ਐਨ.ਡੀ.ਏ. ਨੂੰ ਭਾਜਪਾ ਨੇ ਨਹੀਂ ਸਗੋਂ ਸ਼੍ਰੋਮਣੀ ਅਕਾਲੀ ਦਲ ਬਣਾਇਆ ਸੀ
ਮੋਗਾ : ਖੇਤੀ ਕਾਨੂੰਨਾਂ ਨੂੰ ਲੈ ਕੇ ਭਾਜਪਾ ਦੇ ਪੁਰਾਣੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਵਲੋਂ ਭਾਜਪਾ 'ਤੇ ਤਿੱਖੇ ਹਮਲੇ ਕੀਤੇ ਜਾ ਰਹੇ ਹਨ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਪਣੀ ਮੋਗਾ ਫੇਰੀ ਦੌਰਾਨ ਭਾਜਪਾ ਨੂੰ ਉਸ ਦੇ ਪੁਰਾਣੇ ਦਿਨ ਯਾਦ ਕਰਵਾਉਂਦਿਆਂ ਅਪਣੇ ਅਹਿਸਾਨਾਂ ਦਾ ਮਿਹਣਾ ਮਾਰਿਆ ਹੈ। ਖੇਤੀ ਕਾਨੂੰਨਾਂ ਖਿਲਾਫ਼ ਮੋਗਾ ਵਿਖੇ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਕਿਹਾ ਕਿ ਖੇਤੀ ਕਾਨੂੰਨਾਂ ਦਾ ਅਸਰ ਨਾ ਸਿਰਫ਼ ਪੰਜਾਬ ਕਿਸਾਨੀ 'ਤੇ ਪਵੇਗੀ ਸਗੋਂ ਇਸ ਨਾਲ ਜੁੜੇ ਆੜ੍ਹਤੀਏ, ਖੇਤ ਮਜ਼ਦੂਰ, ਮੰਡੀ ਲੇਬਰ ਤੇ ਵਪਾਰੀਆਂ ਦੇ ਵੀ ਚੁਲ੍ਹੇ ਠੰਢੇ ਹੋ ਜਾਣਗੇ।
Sukhbir Singh Badal
ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਬਣਾਉਣ ਵਾਲਿਆਂ ਨੂੰ ਖੇਤੀਬਾੜੀ ਦਾ ਓ, ਅ ਵੀ ਪਤਾ ਨਹੀਂ। ਉਨ੍ਹਾਂ ਕਿਹਾ ਕਿ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ ਜੋ ਕਿਸਾਨੀ ਨੂੰ ਜੜ੍ਹਾਂ ਤੋਂ ਜਾਣਦੀ ਹੈ। ਸ਼੍ਰੋਮਣੀ ਅਕਾਲੀ ਦਲ 90 ਫ਼ੀਸਦ ਤੋਂ ਵਧੇਰੇ ਪਾਰਟੀ ਦੇ ਵਰਕਰ ਕਿਸਾਨੀ ਨਾਲ ਸਬੰਧਤ ਹਨ। ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਬਾਕੀ ਸੂਬਿਆਂ ਨੇ ਟੂਰਿਜ਼ਮ ਇੰਡਸਟਰੀ, ਆਈਟੀ ਸੈਕਟਰ ਬਣਾਉਣ 'ਤੇ ਜ਼ੋਰ ਦਿਤਾ ਜਦਕਿ ਪੰਜਾਬ ਅਜਿਹਾ ਸੂਬਾ ਰਿਹੈ ਜਿਸ ਨੇ ਖੇਤੀ ਨੂੰ ਪ੍ਰਮੋਟ ਕੀਤਾ।
Sukhbir Singh Badal
ਉਨ੍ਹਾਂ ਕਿਹਾ ਕਿ ਦੁਨੀਆ ਭਰ 'ਚ ਜੇਕਰ ਮਜ਼ਬੂਤ ਮੰਡੀ ਸਿਸਟਮ ਵੇਖਣਾ ਹੋਵੇ ਤਾਂ ਉਹ ਸਿਰਫ਼ ਪੰਜਾਬ 'ਚ ਹੀ ਵੇਖਿਆ ਜਾ ਸਕਦਾ ਹੈ। ਪੰਜਾਬ ਅੰਦਰ ਹਰ ਪੰਜ-ਛੇ ਪਿੰਡਾਂ ਬਾਅਦ ਮੰਡੀ ਨਜ਼ਰ ਆ ਜਾਂਦੀ ਹੈ। ਪੂਰੇ ਪੰਜਾਬ ਅੰਦਰ ਕਿਸਾਨ ਅੱਧੇ ਘੰਟੇ 'ਚ ਹੀ ਅਪਣੀ ਫ਼ਸਲ ਲੈ ਕੇ ਮੰਡੀਆਂ 'ਚ ਪਹੁੰਚ ਜਾਂਦਾ ਹੈ। ਇਸ ਕਾਰਨ ਪ੍ਰਾਈਵੇਟ ਪਲੇਅਰਾਂ ਦੀ ਪੰਜਾਬ ਨੂੰ ਕੋਈ ਜ਼ਰੂਰਤ ਨਹੀਂ ਹੈ।
Sukhbir Singh Badal
ਉਨ੍ਹਾਂ ਭਾਜਪਾ ਨੂੰ ਉਸ ਦੀ ਔਕਾਤ ਯਾਦ ਦਿਵਾਉਂਦਿਆਂ ਕਿਹਾ ਕਿ ਐਨ.ਡੀ.ਈ. ਨੂੰ ਬਣਾਉਣ ਵਾਲੀ ਬੀਜੇਪੀ ਨਹੀਂ ਬਲਕਿ ਸ਼੍ਰੋਮਣੀ ਅਕਾਲੀ ਦਲ ਹੈ। ਐਨਡੀਏ ਬਣਨ ਸਮੇਂ ਬੀਜੇਪੀ ਕੋਲ ਕੇਵਲ ਦੋ ਹੀ ਐਮ.ਪੀ. ਸਨ। ਇਸ ਦੇ ਬਾਵਜੂਦ ਅਕਾਲੀ ਦਲ ਨੇ ਭਾਜਪਾ ਨੂੰ ਹਮੇਸ਼ਾ ਸਤਿਕਾਰਤ ਸਥਾਨ ਦਿਤਾ। ਪੰਜਾਬ 'ਚ ਹੁੰਦੀਆਂ ਰੈਲੀਆਂ ਦੌਰਾਨ ਸਾਡੇ ਨਾਲ 20 ਹਜ਼ਾਰ ਬੰਦੇ ਹੁੰਦੇ ਸੀ ਜਦਕਿ ਭਾਜਪਾ ਕੋਲ ਇਹ ਗਿਣਤੀ 2 ਹਜ਼ਾਰ ਵੀ ਨਹੀਂ ਸੀ ਟਪਦੀ। ਇਸ ਦੇ ਬਾਵਜੂਦ ਰੈਲੀ ਦਾ ਨਾਮ ਅਕਾਲੀ-ਭਾਜਪਾ ਨੇ ਵੱਡਾ ਇਕੱਠ ਕੀਤਾ, ਵੱਜਦਾ ਸੀ।
Sukhbir Singh Badal
ਕਾਬਲੇਗੌਰ ਹੈ ਕਿ ਅਕਾਲੀ-ਭਾਜਪਾ ਗਠਜੋੜ 22 ਸਾਲ ਤੋਂ ਵਧੇਰੇ ਸਮੇਂ ਤੋਂ ਚੱਲਦਾ ਰਿਹਾ ਹੈ। ਸ਼ੁਰੂਆਤ 'ਚ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਸ਼ੰਕੇ ਵੀ ਖੜ੍ਹੇ ਹੁੰਦੇ ਰਹੇ ਹਨ। ਦੋਵਾਂ ਧਿਰਾਂ ਵਿਚਾਲੇ ਵੱਡੇ ਵਿਚਾਰਧਾਰਕ ਵਖਰੇਵੇਂ ਹੋਣ ਦੇ ਬਾਵਜੂਦ ਅਕਾਲੀ ਦਲ ਹਮੇਸ਼ਾ ਇਸ ਨੂੰ ਨਹੁੰ-ਮਾਸ ਦਾ ਰਿਸਤਾ ਦੱਸਦਾ ਰਿਹਾ ਹੈ। ਅਕਾਲੀ ਦਲ ਨੇ ਭਾਜਪਾ ਨਾਲ ਅਜਿਹੇ ਸਮੇਂ ਸਾਂਝ ਪਾਈ ਸੀ ਜਦੋਂ ਭਾਜਪਾ ਲਈ ਛੋਟੇ ਤੋਂ ਛੋਟਾ ਸਹਾਰਾ ਵੀ ਵੱਡੀ ਨਿਆਮਤ ਘੱਟ ਨਹੀਂ ਸੀ। ਅਕਾਲੀ ਦਲ ਦੀ ਭਾਜਪਾ ਨਾਲ ਨੇੜਤਾ ਉਸ ਸਮੇਂ ਹੋਈ ਸੀ ਜਦੋਂ 13 ਦਿਨ ਚੱਲੀ ਵਾਜਪਾਈ ਸਰਕਾਰ ਆਖ਼ਰੀ ਸਾਹ ਗਿਣ ਰਹੀ ਸੀ। ਉਸ ਸਮੇਂ ਅਕਾਲੀ ਦਲ ਨੇ ਵਾਜਪਾਈ ਸਰਕਾਰ ਨੂੰ ਬਿਨਾਂ ਸ਼ਰਤ ਦੇ ਅਪਣਾ ਸਮਰਥਨ ਦਿਤਾ ਸੀ, ਜਿਸ ਤੋਂ ਇਸ ਗਠਜੋੜ ਦਾ ਮੁੱਢ ਬੱਝਿਆ ਸੀ।