
ਗੁੰਮ ਹੋਏ 328 ਪਾਵਨ ਸਰੂਪਾਂ ਨੂੰ ਲੈ ਕੇ ਕੀਤਾ ਗਿਆ ਵਿਰੋਧ
ਸੰਗਰੂਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅੱਜ ਸਿੱਖ ਜਥੇਬੰਦੀਆਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਦਰਅਸਲ ਸੁਖਬੀਰ ਸਿੰਘ ਬਾਦਲ ਅੱਜ ਅਕਾਲੀ ਆਗੂਆਂ ਦੇ ਇਕੱਠ ਨੂੰ ਸੰਬੋਧਨ ਕਰਨ ਸੰਗਰੂਰ ਪਹੁੰਚੇ ਸਨ। ਇਸ ਦੌਰਾਨ ਸੰਗਰੂਰ ਦੇ ਨਾਨਕਿਆਣਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਸਿੱਖ ਜਥੇਬੰਦੀਆਂ ਨੇ ਉਹਨਾਂ ਦਾ ਵਿਰੋਧ ਕੀਤਾ।
Sukhbir Badal
ਇਸ ਦੌਰਾਨ ਵਿਰੋਧ ਕਰਨ ਆ ਰਹੇ ਸਿੱਖ ਕਾਰਕੁਨਾਂ ਦੇ ਜਥੇ ਨੂੰ ਪੁਲਿਸ ਨੇ ਥੋੜੀ ਦੂਰੀ ‘ਤੇ ਹੀ ਰੋਕ ਲਿਆ। ਇਸ ਮੌਕੇ ਸਿੱਖਾਂ ਵੱਲੋਂ ਸੁਖਬੀਰ ਬਾਦਲ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਸਿੱਖਾਂ ਵੱਲੋਂ ਇਹ ਵਿਰੋਧ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ 328 ਪਾਵਨ ਸਰੂਪਾਂ ਨੂੰ ਲੈ ਕੇ ਕੀਤਾ ਗਿਆ।
SGPC
ਵਿਰੋਧ ਕਰ ਰਹੇ ਸਿੱਖਾਂ ਨੇ ਅਪਣੇ ਹੱਥਾਂ ਵਿਚ ਕਾਲੀਆਂ ਝੰਡੀਆਂ ਫੜੀਆਂ ਹੋਈਆਂ ਸਨ। ਇਸ ਤੋਂ ਇਲਾਵਾ ਉਹਨਾਂ ਨੇ ਤਖਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ਉੱਤੇ ‘328 ਪਾਵਨ ਸਰੂਪ ਕਿੱਥੇ ਹਨ ਅਤੇ ਕਿਵੇਂ ਹਨ?’ ਅਤੇ ‘ਬਾਦਲ ਪਰਿਵਾਰ ਤਂ ਸ਼੍ਰੋਮਣੀ ਕਮੇਟੀ ਮੁਕਤ ਕਰਾਵਾਂਗੇ’ ਆਦਿ ਨਾਅਰੇ ਲਿਖੇ ਹੋਏ ਸਨ।
Shiromani Akali Dal
ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ 328 ਪਾਵਨ ਸਰੂਪਾਂ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇਸ ਮੁੱਦੇ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਕੋਲੋਂ ਜਵਾਬ ਮੰਗਿਆ ਜਾ ਰਿਹਾ ਹੈ। ਇਸ ਦੇ ਚਲਦਿਆਂ ਅਕਾਲੀ ਆਗੂਆਂ ਨੂੰ ਕਈ ਥਾਵਾਂ ‘ਤੇ ਸਿੱਖ ਜਥੇਬੰਦੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।