
ਪੁਲਿਸ ਟੀਮ ਮੌਕੇ 'ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ।
ਜਲੰਧਰ: ਥਾਣਾ ਰਾਮਾਮੰਡੀ ਅਧੀਨ ਪੈਂਦੇ ਗ੍ਰੀਨ ਵੈਲੀ ਤੋਂ ਇੱਕ ਦਿਲ ਦਹਿਲਾਉਣ ਦੀ ਘਟਨਾ ਸਾਹਮਣੇ ਆਈ ਹੈ। ਜਿੱਥੇ ਜੀ.ਆਰ.ਪੀ. 'ਚ ਤਾਇਨਾਤ ਏ.ਐੱਸ.ਆਈ. ਦੇ 21 ਸਾਲਾ ਲੜਕੇ ਨੇ ਫਾਹਾ ਲੈ ਕੈ ਖ਼ੁਦਕੁਸ਼ੀ ਕਰ ਲਈ ਹੈ। ਦਰਅਸਲ ਨੌਜਵਾਨ ਵਿਦੇਸ਼ ਜਾਣਾ ਚਾਹੁੰਦਾ ਸੀ ਇਸ ਲਈ ਉਸ ਨੇ ਆਈਲੈੱਟਸ ਦਾ ਪੇਪਰ ਦਿੱਤਾ। ਪੇਪਰ 'ਚ ਘੱਟ ਬੈਂਡ ਆਉਣ ਕਾਰਨ ਨੌਜਵਾਨ ਨੇ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਨੌਜਵਾਨ ਦੀ ਪਛਾਣ ਹਰਸ਼ ਕੁਮਾਰ ਪੁੱਤਰ ਰਛਪਾਲ ਰਾਮ ਵਾਸੀ ਗ੍ਰੀਨ ਵੈਲੀ ਜਲੰਧਰ ਵਜੋਂ ਹੋਈ ਹੈ।
ਥਾਣਾ ਰਾਮਾਮੰਡੀ ਦੇ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਨੌਜਵਾਨ ਦੇ ਪਿਤਾ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਉਸ ਦੇ ਲੜਕੇ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ।
ਉਨ੍ਹਾਂ ਦੱਸਿਆ ਕਿ ਪਿਤਾ ਨੇ ਬਿਆਨ ਦਿੱਤਾ ਹੈ ਕਿ ਉਸ ਦਾ ਲੜਕਾ ਆਈਲੈੱਟਸ ਕਰ ਰਿਹਾ ਸੀ, ਜਿਸ ਵਿਚ ਉਸ ਦੇ 5 ਬੈਂਡ ਆਏ ਸਨ ਪਰ ਉਸ ਨੇ ਪਰਿਵਾਰ ਨੂੰ ਝੂਠ ਬੋਲਿਆ ਕਿ ਉਸ ਦੇ 7 ਬੈਂਡ ਆਏ ਹਨ। ਝੂਠ ਫੜੇ ਜਾਣ 'ਤੇ ਪ੍ਰੇਸ਼ਾਨ ਹੋ ਕੇ ਉਸ ਨੇ ਕਮਰੇ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕੀਤੀ ਹੈ। ਦੇਰ ਸ਼ਾਮ ਮ੍ਰਿਤਕ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।