
ਜੰਡਿਆਲਾ ਗੁਰੂ ਸ਼ਹਿਰ ਹਰ ਰੋਜ਼ ਕਿਸੇ ਨਾ ਕਿਸੇ ਅਪਰਾਧਿਕ ਮਾਮਲੇ ਨੂੰ ਲੈ ਕੇ ਸੁਰਖੀਆਂ ਵਿਚ ਰਹਿੰਦਾ ਹੈ। ਅੱਜ ਵੀ ਉਥੇ ਦਰਸ਼ਨੀ ਗੇਟ ਦੇ ਕੋਲ ਨਸ਼ਾ...
ਅੰਮ੍ਰਿਤਸਰ (ਪੀਟੀਆਈ) : ਜੰਡਿਆਲਾ ਗੁਰੂ ਸ਼ਹਿਰ ਹਰ ਰੋਜ਼ ਕਿਸੇ ਨਾ ਕਿਸੇ ਅਪਰਾਧਿਕ ਮਾਮਲੇ ਨੂੰ ਲੈ ਕੇ ਸੁਰਖੀਆਂ ਵਿਚ ਰਹਿੰਦਾ ਹੈ। ਅੱਜ ਵੀ ਉਥੇ ਦਰਸ਼ਨੀ ਗੇਟ ਦੇ ਕੋਲ ਨਸ਼ਾ ਤਸਕਰਾਂ ਅਤੇ ਪੁਲਿਸ ਦੇ ਵਿਚ ਮੁੱਠਭੇੜ ਹੋ ਗਈ। ਇਸ ਵਿਚ ਦੋਵਾਂ ਪੱਖਾਂ ਨੇ ਇਕ ਦੂਜੇ ‘ਤੇ ਫਾਇਰਿੰਗ ਕਰ ਦਿਤੀ। ਪੁਲਿਸ ਸੂਤਰਾਂ ਤੋਂ ਜਾਣਕਾਰੀ ਮੁਤਾਬਕ ਪਤਾ ਲੱਗਿਆ ਹੈ ਕਿ ਚੌਕੀ ਇਨਚਾਰਜ ਜੰਡਿਆਲਾ ਗੁਰੂ ਸਬ ਇੰਸਪੈਕਟਰ ਸਤਿੰਦਰਪਾਲ ਸਿੰਘ ਨੇ ਅਪਣੀ ਪੁਲਿਸ ਪਾਰਟੀ ਦੇ ਨਾਲ ਵਾਲਮੀਕ ਚੌਕ ਵਿਚ ਨਾਕਾ ਲਗਾਇਆ ਹੋਇਆ ਸੀ।
ਉਨ੍ਹਾਂ ਨੇ ਸਫ਼ੈਦ ਰੰਗ ਦੀ ਆਲਟੋ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ। ਕਾਰ ਸਵਾਰਾਂ ਨੇ ਪੁਲਿਸ ਪਾਰਟੀ ‘ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿਤੀ। ਜਵਾਬੀ ਫਾਇਰਿੰਗ ਵਿਚ 3 ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ। ਇਹਨਾਂ ਦੀ ਪਹਿਚਾਣ ਸਰਬਜੀਤ ਸਿੰਘ ਪੁੱਤਰ ਅਰਜਨ ਸਿੰਘ ਨਿਵਾਸੀ ਪਿੰਡ ਨਾਗੋਕੇ ਥਾਣਾ ਵੈਰੋਵਾਲ ਜ਼ਿਲ੍ਹਾ ਤਰਨਤਾਰਨ, ਵਿਕਾਸ ਪੁੱਤਰ ਜੈ ਪ੍ਰਕਾਸ਼ ਨਿਵਾਸੀ ਜੰਡਿਆਲਾ ਗੁਰੂ ਅਤੇ ਜਸਕਰਨ ਸਿੰਘ ਪੁੱਤਰ ਤਜਿੰਦਰ ਸਿੰਘ ਨਿਵਾਸੀ ਜੰਡਿਆਲਾ ਗੁਰੂ ਦੇ ਰੂਪ ਵਿਚ ਹੋਈ ਹੈ।
ਫਾਇਰਿੰਗ ਵਿਚ ਦੋਸ਼ੀ ਸਰਬਜੀਤ ਸਿੰਘ ਦੀ ਬਾਂਹ ‘ਤੇ ਗੋਲੀ ਵੱਜੀ ਹੈ। ਦੋਸ਼ੀ ਨਸ਼ੇ ਦੇ ਆਦੀ ਹਨ। ਉਹ ਇਥੋਂ ਨਸ਼ਾ ਲੈਣ ਲਈ ਆਏ ਸਨ। ਪੁਲਿਸ ਨੇ ਇਨ੍ਹਾਂ ਤੋਂ 10 ਗਰਾਮ ਹੀਰੋਇਨ ਤੋਂ ਇਲਾਵਾ 1 ਪਿਸਟਲ ਵੀ ਬਰਾਮਦ ਕੀਤਾ ਹੈ।