ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਵਿਚ ਫਤੇਹ ਕਦਾਲ ਇਲਾਕੇ ਵਿਚ ਸੁਰੱਖਿਆ ਬਲਾਂ ਨੇ ਮੁੱਠਭੇੜ ਵਿਚ 3 ਅਤਿਵਾਦੀਆਂ ਨੂੰ ਢੇਰ ਕਰ ਦਿਤਾ। ਜਿਸ ਵਿਚ ਲਸ਼ਕਰ ਦਾ ਖ਼ਤਰਨਾਕ...
ਸ਼੍ਰੀ ਨਗਰ (ਭਾਸ਼ਾ) : ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਵਿਚ ਫਤੇਹ ਕਦਾਲ ਇਲਾਕੇ ਵਿਚ ਸੁਰੱਖਿਆ ਬਲਾਂ ਨੇ ਮੁੱਠਭੇੜ ਵਿਚ 3 ਅਤਿਵਾਦੀਆਂ ਨੂੰ ਢੇਰ ਕਰ ਦਿਤਾ। ਜਿਸ ਵਿਚ ਲਸ਼ਕਰ ਦਾ ਖ਼ਤਰਨਾਕ ਅਤਿਵਾਦੀ ਮੇਹਰਾਜ ਬਾਂਗਰੂ ਵੀ ਮਾਰਿਆ ਗਿਆ ਹੈ। ਇਸ ਦੇ ਨਾਲ ਸ਼੍ਰੀਨਗਰ ਦਾ ਐਨਕਾਉਂਟਰ ਅਭਿਆਨ ਖਤਮ ਹੋ ਗਿਆ ਹੈ ਅਤੇ ਭਾਲ ਮੁਹਿੰਮ ਜਾਰੀ ਹੈ। ਮੁੱਠਭੇੜ ਵਿਚ ਜਵਾਨ ਕਮਲ ਕਿਸ਼ੋਰ ਸ਼ਹੀਦ ਹੋ ਗਏ ਹਨ। ਮੇਹਰਾਜ ਬਾਂਗਰੂ ਦਾ ਖ਼ਾਤਮਾ ਸੁਰੱਖਿਆ ਬਲਾਂ ਲਈ ਵੱਡੀ ਕਾਮਯਾਬੀ ਦੱਸੀ ਜਾ ਰਹੀ ਹੈ ਜਿਸ ਦੀ ਭਾਲ ਕਾਫ਼ੀ ਸਮਾਂ ਤੋਂ ਜਾਰੀ ਸੀ।
ਬਾਂਗਰੂ ਉਤੇ ਕਤਲ, ਹਥਿਆਰ ਖੋਹਣ ਅਤੇ ਅਤਿਵਾਦੀ ਗਤੀਵਿਧੀਆਂ ਦੇ ਕਈ ਮਾਮਲੇ ਦਰਜ ਸੀ। ਉਹ ਸ਼੍ਰੀਨਗਰ ਵਿਚ ਲਸ਼ਕਰ-ਏ-ਤੋਇਬਾ ਦਾ ਕਮਾਂਡਰ ਸੀ। ਇਸ ਸਾਲ ਮਈ ਵਿਚ ਸੁਰੱਖਿਆ ਬਲਾਂ ਨੇ ਘਾਟੀ ਵਿਚ ਸਰਗਰਮ ਟਾਪ 10 ਕਮਾਂਡਰ ਦੀ ਜੋ ਸੂਚੀ ਜਾਰੀ ਕੀਤੀ ਸੀ ਉਸ ਵਿਚ ਮੇਹਰਾਜ ਬਾਂਗਰੂ ਦਾ ਨਾਮ ਵੀ ਸੀ। ਇਨ੍ਹਾਂ ਨੂੰ ਖੇਤਰ ਤੋਂ ਹਟਾਉਣ ਦੇ ਉਦੇਸ਼ ਨਾਲ ਇਸ ਸੂਚੀ ਨੂੰ ਸਰਵਜਨਿਕ ਕਰ ਦਿਤਾ ਸੀ। ਬਾਂਗਰੂ ਤੋਂ ਬਾਅਦ ਹੁਣ ਸੁਰੱਖਿਆ ਬਲਾਂ ਨੂੰ ਰਿਆਜ ਨਾਇਕੂ, ਜਾਕੀਰ ਮੂਸਾ, ਅਤੇ ਜੰਮੂ-ਕਸ਼ਮੀਰ ਪੁਲਿਸ ਕਸਟਡੀ ਤੋਂ ਭੱਜੇ ਪਾਕਿਸਤਾਨੀ ਅਤਿਵਾਦੀ ਨਾਵੀਦ ਜਟ ਉਰਫ਼ ਅਬੁ ਹੰਜਾਉਲਾ ਦੀ ਤਲਾਸ਼ ਹੈ।
ਜੰਮੂ-ਕਸ਼ਮੀਰ ਪੁਲਿਸ ਦੇ ਡੀਜੀਪੀ ਦਿਲਬਾਗ ਸਿੰਘ ਨੇ ਦੱਸਿਆ ਕਿ ਇਥੇ ਅਤਿਵਾਦੀਆਂ ਦੀ ਹਾਜ਼ਰੀ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਸ਼ਹਿਰ ਦੇ ਭੀੜ-ਭਾੜ ਵਾਲੇ ਫਤੇਹ ਕਦਾਲ ਇਲਾਕੇ ਵਿਚ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਸੀ। ਮੇਹਰਾਜ ਬਾਂਗਰੂ ਤੋਂ ਇਲਾਵਾ ਬਾਕੀ ਦੋਵਾਂ ਅਤਿਵਾਦੀਆਂ ਦੀ ਪਹਿਚਾਣ ਫਹਦ ਵਜਾ ਅਤੇ ਰਈਸ ਦੇ ਰੂਪ ਵਿਚ ਹੋਈ ਹੈ। ਰਈਸ ਉਸ ਘਰ ਦੇ ਮਾਲਿਕ ਦਾ ਪੁੱਤਰ ਸੀ, ਜਿਥੇ ਇਹ ਮੁੱਠਭੇੜ ਹੋਈ ਸੀ। ਹੁਣ ਪੁਲਿਸ ਦੀ ਲਿਸਟ ਵਿਚ ਘਾਟੀ ਵਿਚ ਹਿਜਬੁਲ ਕਮਾਂਡਰਾਂ ਦਾ ਮੁਖੀ ਰਿਆਜ ਨਾਇਕੂ ਸਭ ਤੋਂ ਖ਼ਤਰਨਾਕ ਅਤਿਵਾਦੀ ਹੈ
ਜਿਸ ਨੂੰ ਏ++ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਉਸ ਨੂੰ ਪ੍ਰੋ-ਪਾਕਿਸਤਾਨ ਪ੍ਰਾਪੇਗੈਂਡਾ ਅਤੇ ਪਾਕਿਸਤਾਨ ਸਮਰਥਿਤ ਮੰਨਿਆ ਜਾਂਦਾ ਹੈ। ਉਸ ਨੇ ਕਈ ਵੀਡੀਓ ਵੀ ਜਾਰੀ ਕੀਤੇ ਸੀ ਜਿਸ ਵਿਚ ਉਹ ਪੁਲਿਸ ਕਰਮਚਾਰੀਆਂ ਨੂੰ ਅਤਿਵਾਦ ਵਿਰੋਧੀ ਆਪਰੇਸ਼ਨ ਤੋਂ ਦੂਰ ਰਹਿਣ ਦੀ ਧਮਕੀ ਦੇ ਰਿਹਾ ਸੀ। ਨਾਇਕੂ ਨੂੰ ਹਿਜਬੁਲ ਦੇ ਓਵਰ ਗਰਾਉਂਡ ਵਰਕਰ (ਓਜੀਡਬਲਿਊ) ਦਾ ਬਹੁਤ ਸਮਰਥਨ ਹਾਸਲ ਹੈ। ਉਥੇ ਹੀ ਅਨਸਰ ਗਜਾਵਟ-ਉਲ-ਹਿੰਦ ਆਫ ਅਲਕਾਇਦਾ ਦਾ ਚੀਫ ਕਮਾਂਡਰ ਜਾਕੀਰ ਮੂਸਾ ਕਾਫ਼ੀ ਘੱਟ ਸਮੇਂ ਵਿਚ ਕਸ਼ਮੀਰ ਦੇ ਨੌਜਵਾਨਾਂ ਵਿਚ ਲੋਕਾਂ ਨੂੰ ਪਿਆਰਾ ਹੋ ਗਿਆ ਹੈ। ਉਸ ਨੂੰ ਵੀ ਸਮਰਥਨ ਮਿਲਿਆ ਹੋਇਆ ਹੈ।