
ਭਾਜਪਾ ਪ੍ਰਧਾਨ ਨੂੰ ਅਜਿਹੀ ਗੁੰਮਰਾਹਕੁੰਨ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ- ਦਲਜੀਤ ਚੀਮਾ
ਚੰਡੀਗੜ੍ਹ: ਭਾਜਪਾ ਪ੍ਰਧਾਨ ਜੇਪੀ ਨੱਢਾ ਦੇ ਬਿਆਨ ਦਾ ਜਵਾਬ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਉਹਨਾਂ ਨੇ ਕਿਸਾਨਾਂ ਦੇ ਹੱਕਾਂ ਲਈ ਭਾਜਪਾ ਨਾਲੋਂ ਨਾਤਾ ਤੋੜਿਆ ਹੈ। ਅਕਾਲੀ ਦਲ ਨੇ ਕਿਹਾ ਕਿ ਭਾਜਪਾ ਪ੍ਰਧਾਨ ਜੇਪੀ ਨੱਢਾ ਦਾ ਬਿਆਨ ਤੱਥ ਵਿਹੂਣਾ ਅਤੇ ਅਸਲ ਸੱਚ ਤੋਂ ਕੋਹਾਂ ਦੂਰ ਹੈ।
Shiromani Akali Dal
ਸੀਨੀਅਰ ਅਕਾਲੀ ਆਗੂ ਡਾ.ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਲੋਕ ਬਾਖ਼ੂਬੀ ਜਾਣਦੇ ਹਨ ਕਿ ਕਿਸਾਨਾਂ ਦੇ ਹੱਕਾਂ ਦੇ ਰਖਵਾਲੇ ਸ਼੍ਰੋਮਣੀ ਅਕਾਲੀ ਦਲ ਨੇ 'ਅੰਨਦਾਤੇ ਕਿਸਾਨਾਂ' ਦੇ ਹਿਤਾਂ ਨੂੰ ਮੁੱਖ ਰੱਖਦੇ ਹੋਏ ਐਨਡੀਏ ਸਰਕਾਰ ਨਾਲੋਂ ਗਠਜੋੜ ਤੋੜਿਆ ਹੈ। ਉਹਨਾਂ ਕਿਹਾ ਕਿ ਭਾਜਪਾ ਪ੍ਰਧਾਨ ਨੂੰ ਅਜਿਹੀ ਗੁੰਮਰਾਹਕੁੰਨ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਸੱਚ ਨੂੰ ਕਦੇ ਝੁਠਲਾਇਆ ਨਹੀਂ ਜਾ ਸਕਦਾ।
JP Nadda
ਡਾਕਟਰ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 100 ਸਾਲ ਪੁਰਾਣੀ ਪਾਰਟੀ ਹੈ। ਜਿਸ ਨੂੰ ਇੰਦਰਾ ਗਾਂਧੀ ਵੀ ਦਬਾ ਨਹੀਂ ਸਕੀ ਤਾਂ ਹੁਣ ਦੀ ਕਾਂਗਰਸ ਅਕਾਲੀ ਦਲ 'ਤੇ ਕਿਵੇਂ ਦਬਾਅ ਬਣਾ ਸਕਦੀ ਹੈ। ਉਹਨਾਂ ਕਿਹਾ ਕਿ ਭਾਜਪਾ ਪ੍ਰਧਾਨ ਨੂੰ ਅਸਲੀ ਤੱਥ ਲੋਕਾਂ ਸਾਹਮਣੇ ਪੇਸ਼ ਕਰਨੇ ਚਾਹੀਦੇ ਹਨ। ਦੱਸ ਦਈਏ ਕਿ ਬੀਤੇ ਦਿਨ ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਕਾਂਗਰਸ ਦੇ ਦਬਾਅ ਹੇਠ ਆਉਣ ਦਾ ਦੋਸ਼ ਲਗਾਇਆ ਸੀ।