
ਕਿਸਾਨੀ ਸੰਘਰਸ਼ਾਂ ਦੌਰਾਨ ਰਾਜਨੀਤਕ ਪਾਰਟੀਆਂ ਦੇ ਤੱਪੜ ਰੁਲੇ!
ਮਹਿੰਗੇ ਭਾਅ ਸੌਦਾ ਵੇਚਣ ਵਾਲੇ ਵਪਾਰੀਆਂ ਨਾਲ ਨਜਿੱਠਣ ਲਈ ਪਿੰਡਾਂ ਵਿਚ ਕਿਸਾਨ ਕਮੇਟੀਆ ਬਣਨੀਆਂ ਸ਼ੁਰੂ
ਸੰਗਰੂਰ, 28 ਅਕਤੂਬਰ (ਬਲਵਿੰਦਰ ਸਿੰਘ ਭੁੱਲਰ) : ਕੇਂਦਰ ਦੀ ਭਾਜਪਾ ਸਰਕਾਰ ਵਲੋਂ ਕਿਸਾਨੀ ਵਿਰੁਧ ਬਣਾਏ ਨਵੇਂ ਖੇਤੀ ਕਾਨੂੰਨਾਂ ਦਾ ਪਿਛਲੇ ਇਕ ਮਹੀਨੇ ਤੋਂ ਵਿਰੋਧ ਕਰਦਿਆਂ ਪੰਜਾਬ ਦੇ ਕਿਸਾਨ ਸੂਬਾਈ ਅਤੇ ਕੇਂਦਰੀ ਰਾਜਨੀਤਕ ਪਾਰਟੀਆਂ ਦੀ ਰੱਦੀ ਤੇ ਭੱਦੀ ਕਾਰਗੁਜ਼ਾਰੀ ਤੋਂ ਬਹੁਤ ਜ਼ਿਆਦਾ ਅੱਕ ਅਤੇ ਥੱਕ ਚੁੱਕੇ ਹਨ। ਭਾਵੇਂ ਕਿ ਪੰਜਾਬ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਨੇ ਅਪਣਾ ਹਰ ਹੀਲਾ ਵਰਤ ਕੇ ਕਿਸਾਨਾਂ ਦੇ ਵਿਹੜੇ ਵਿਚ ਮੰਜਾ ਡਾਹੁਣ ਦਾ ਯਤਨ ਕੀਤਾ ਹੈ ਪਰ ਕਾਮਯਾਬ ਨਾ ਹੋ ਸਕੇ।
ਕਿਸਾਨੀ ਸੰਘਰਸ਼ਾਂ ਦੌਰਾਨ ਪੰਜਾਬ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਤੱਪੜ ਰੁਲ੍ਹੇ ਪਏ ਹਨ ਤੇ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਹੁਣ ਕੀ ਕਰੀਏ, ਜਿਸ ਕਾਰਨ ਪੰਜਾਬ ਦੇ ਇਹ ਆਮ ਲੋਕ ਹਰ ਬੀਤੇ ਦਿਨ ਰਾਜਨੀਤਕ ਪਾਰਟੀਆਂ ਨਾਲੋਂ ਮਾਨਸਿਕ ਦੂਰੀਆਂ ਵਧਾਉਂਦੇ ਜਾ ਰਹੇ ਹਨ। ਡੀ.ਸੀ. ਦਫ਼ਤਰ ਸੰਗਰੂਰ ਦੇ ਮੁੱਖ ਗੇਟ 'ਤੇ ਪਿਛਲੇ 10-12 ਦਿਨਾਂ ਤੋਂ ਧਰਨੇ 'ਤੇ ਬੈਠੇ ਅਤੇ ਰੇਲਵੇ ਸਟੇਸ਼ਨ ਸੰਗਰੂਰ ਵਿਖੇ ਰੇਲਵੇ ਲਾਈਨਾਂ ਤੇ ਧਰਨਿਆਂ ਵਿਚ ਪਿਛਲੇ ਇਕ ਮਹੀਨੇ ਤੋਂ ਲਗਾਤਾਰ ਸ਼ਾਮਲ ਹੁੰਦੇ ਆ ਰਹੇ ਕੁੱਝ ਕਿਸਾਨਾਂ ਨਾਲ ਜਦੋਂ ਸਪੋਕਸਮੈਨ ਵਲੋਂ ਗੱਲਬਾਤ ਕੀਤੀ ਗਈ ਕਿ ਕਿਹੜੀਆਂ-ਕਿਹੜੀਆਂ ਰਾਜਨੀਤਕ ਪਾਰਟੀਆਂ ਉਨ੍ਹਾਂ ਦੇ ਰੋਸ ਧਰਨਿਆਂ ਵਿਚ ਆ ਕੇ ਹਾਅ ਦਾ ਨਾਅਰਾ ਮਾਰ ਰਹੀਆਂ ਹਨ ਤਾਂ ਉਨ੍ਹਾਂ ਵਿਚੋਂ ਕੁੱਝ ਚੇਤਨ ਅਤੇ ਪੜ੍ਹੇ-ਲਿਖੇ ਕਿਸਾਨਾਂ ਨੇ ਕਿਹਾ ਕਿ ਕਿਸਾਨੀ ਮਾਮਲੇ ਵਿਚ ਸੂਬੇ ਦੀਆਂ ਲਗਭਗ ਸਾਰੀਆਂ ਪਾਰਟੀਆਂ ਪੂਰੀ ਤਰ੍ਹਾਂ ਫੇਲ ਅਤੇ ਨਪੁੰਸਕ ਸਾਬਤ ਹੋਈਆਂ ਹਨ। ਇਹ ਸਾਰੀਆਂ ਪਾਰਟੀਆਂ ਜਦੋਂ ਸੱਤਾ ਤੋਂ ਬਾਹਰ ਹੁੰਦੀਆਂ ਹਨ ਤਾਂ ਕਿਸਾਨਾਂ ਦੇ ਹੱਕਾਂ ਦੀ ਲੜਾਈ ਲੜਨ ਦੇ ਦਿਖਾਵੇ ਕਰਦੀਆਂ ਹਨ ਪਰ ਜਦੋਂ ਇਹ ਕੁਰਸੀ 'ਤੇ ਬਿਰਾਜਨਮਾਨ ਹੋ ਜਾਂਦੀਆਂ ਹਨ ਤਾਂ ਕਿਸਾਨੀ ਹਿਤ ਭੁੱਲ ਜਾਂਦੀਆਂ ਹਨ ਪਰ ਹੁਣ ਕਿਸਾਨ ਭਾਈਚਾਰਾ ਪਹਿਲਾਂ ਵਰਗਾ ਅਣਭੋਲ ਅਤੇ ਲਾਈਲੱਗ ਨਹੀਂ ਰਿਹਾ। ਰੋਸ ਧਰਨਿਆਂ ਵਿਚ ਬੈਠ ਕੇ ਇਨ੍ਹਾਂ ਕਿਸਾਨਾਂ ਨੇ ਬੁਲਾਰਿਆਂ ਤੋਂ ਬਹੁਤ ਕੁੱਝ ਸਿਖਿਆ ਹੈ।
ਇਕ ਹੋਰ ਕਿਸਾਨ ਨੇ ਕਿਹਾ ਕਿ ਅਗਰ ਕਿਸਾਨ ਅਪਣੀ ਆਈ 'ਤੇ ਆ ਜਾਣ ਤਾਂ ਸਰਕਾਰਾਂ ਵੀ ਇਨ੍ਹਾਂ ਦਾ ਕੱਖ ਨਹੀਂ ਵਿਗਾੜ ਸਕਦੀਆਂ। ਉਸ ਨੇ ਦਸਿਆ ਕਿ ਪਿਛਲੇ ਇਕ ਮਹੀਨੇ ਦੌਰਾਨ ਪੰਜਾਬ ਦੇ ਲੋਕਾਂ ਦੇ ਕਰੋੜਾਂ ਰੁਪਏ ਇਕੱਲੇ ਟੋਲ ਪਲਾਜ਼ਿਆਂ ਤੋਂ ਹੀ ਬਚੇ ਹਨ। ਉਸ ਨੇ ਦਸਿਆ ਕਿ ਸਰਕਾਰਾਂ ਉਨ੍ਹਾਂ ਦੀ ਦੂਹਰੀ ਲੁੱਟ ਕਰਦੀਆਂ ਆ ਰਹੀਆਂ ਹਨ ਕਿਉਂਕਿ ਪਹਿਲਾਂ ਤਾਂ ਉਨ੍ਹਾਂ ਨੂੰ ਨਵੀਂ ਮੋਟਰ ਗੱਡੀ ਜਾਂ ਸਕੂਟਰ ਮੋਟਰਸਾਈਕਲ ਖਰੀਦਣ ਵੇਲੇ ਉੱਕਾ-ਪੁੱਕਾ ਰੋਡ ਟੈਕਸ ਤਾਰਨਾ ਪੈਂਦਾ ਅਤੇ ਬਾਕੀ ਉਨ੍ਹਾਂ ਨੂੰ ਟੋਲ ਪਲਾਜ਼ਿਆਂ ਵਾਲੇ ਲੁੱਟਦੇ ਰਹਿੰਦੇ ਹਨ।
ਗੱਲ ਕਰਦਿਆਂ ਇਕ ਹੋਰ ਕਿਸਾਨ ਨੇ ਕਿਹਾ ਕਿ ਕਿਸਾਨਾਂ ਦੀ ਮੱਕੀ ਦਾ ਰੇਟ ਲਗਭਗ 800 ਤੋਂ 1000 ਰੁਪਏ ਪ੍ਰਤੀ ਕੁਇੰਟਲ ਹੈ ਪਰ ਮੱਕੀ ਦਾ ਆਟਾ 35 ਤੋਂ 40 ਰੁਪਏ ਕਿੱਲੋ ਵਿਕ ਰਿਹਾ ਹੈ ਇਹੀ ਹਾਲ ਚਾਵਲ ਦਾ ਵੀ ਹੈ ਕਿਉਂਕਿ ਕਿਸਾਨ ਦਾ ਆਮ ਚਾਵਲ 1880 ਰੁਪਏ ਪ੍ਰਤੀ ਕੁਵਿੰਟਲ ਵਿਕ ਰਿਹਾ ਹੈ ਪਰ ਵਪਾਰੀ ਅਪਣਾ ਸੱਭ ਤੋਂ ਸਸਤਾ ਚਾਵਲ 3500 ਰੁਪਏ ਕਵਿੰਟਲ ਵੇਚ ਰਿਹਾ ਹੈ, ਸਰਕਾਰਾਂ ਇਸ ਮਸਲੇ 'ਤੇ ਚੁੱਪ ਧਾਰੀ ਬੈਠੀਆਂ ਹਨ, ਕੀ ਸਾਡੇ ਐਮ.ਐਲ.ਏ. ਤੇ ਐਮ.ਪੀ. ਪੰਜਾਬ ਦੀ ਤਬਾਹ ਹੋ ਰਹੀ ਕਿਸਾਨੀ ਅਤੇ ਗਰੀਬ ਲੋਕਾਂ ਲਈ ਕੁੱਝ ਵੀ ਨਹੀਂ ਕਰ ਸਕਦੇ? ਉਨ੍ਹਾਂ ਇਹ ਵੀ ਦਸਿਆ ਕਿ ਪੰਜਾਬ ਵਿਚ ਇਹੀ ਹਾਲ ਪਿਆਜ ਅਤੇ ਆਲੂ ਦਾ ਵੀ ਹੈ ਕਿਉਂਕਿ ਵਪਾਰੀ ਇਨ੍ਹਾਂ ਦੋਵਾਂ ਫਸਲਾਂ ਨੂੰ 5-10 ਰੁਪਏ ਪ੍ਰਤੀ ਕਿੱਲੋ ਖਰੀਦ ਕੇ ਸਟੋਰ ਕਰ ਲੈਂਦਾ ਹੈ ਅਤੇ ਕੁਝ ਹੀ ਸਮੇਂ ਬਾਅਦ ਇਨ੍ਹਾਂ ਨੂੰ 40 ਤੋਂ 50 ਰੁਪਏ ਪ੍ਰਤੀ ਕਿੱਲੋ ਵੇਚ ਦਿੰਦਾ ਹੈ।
ਮੌਕੇ 'ਤੇ ਖੜੇ ਇਕ ਹੋਰ ਕਿਸਾਨ ਨੇ ਕਿਹਾ ਕਿ ਵਪਾਰੀਆਂ ਨੂੰ ਰਾਜ ਕਰਦੀਆਂ ਸਰਕਾਰਾਂ ਆਮ ਜਨਤਾ ਨੂੰ ਲੁੱਟਣ ਲਈ ਹਮੇਸ਼ਾ ਖੁਲ੍ਹੀਆਂ ਛੁੱਟੀਆਂ ਦੇ ਕੇ ਰਖਦੀਆਂ ਹਨ ਅਤੇ ਖ਼ੁਦ ਇਨ੍ਹਾਂ ਪਾਸੋਂ ਕਰੋੜਾਂ ਰੁਪਏ ਚੋਣ ਫ਼ੰਡ ਵਜੋਂ ਲੈਂਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਅਪਣੀ ਲੜਾਈ ਆਪ ਲੜਨੀ ਪਵੇਗੀ ਕਿਉਂਕਿ ਰਾਜਨੀਤਕ ਪਾਰਟੀਆਂ ਲੋਕ ਹਿਤੈਸ਼ੀ ਨਹੀਂ ਰਹੀਆਂ। ਉਨ੍ਹਾਂ ਕਿਹਾ ਕਿ ਇਕ ਵਾਰ ਪਿੰਡਾਂ ਵਿਚ ਕਿਸਾਨ ਸੰਘਰਸ਼ ਕਮੇਟੀਆਂ ਬਣ ਜਾਣ ਫਿਰ ਉਹ ਕਮੇਟੀਆਂ ਦੁਕਾਨਦਾਰਾਂ (ਵਪਾਰੀਆਂ) ਵਲੋਂ ਮਹਿੰਗੇ ਭਾਅ ਤੇ ਵੇਚੇ ਜਾ ਰਹੇ ਸੌਦੇ ਦਾ ਹਿਸਾਬ ਲੈਣਗੀਆਂ।