
ਜਾਖੜ ਅਤੇ ਕੈਪਟਨ ਦੀ ਮੀਟਿੰਗ ਅੱਜ ਹੋਣ ਦੀ ਸੰਭਾਵਨਾ, ਕੁੱਝ ਵਿਧਾਇਕਾਂ ਦੀ ਨਰਾਜ਼ਗੀ ਮੁੱਖ ਮੰਤਰੀ ਨਾਲ ਨਹੀਂ ਬਲਕਿ ਹਲਕੇ ਦੇ ਕੰਮ ਨਾ ਹੋਣ ਕਾਰਨ ਹੈ : ਜਾਖੜ...
ਚੰਡੀਗੜ੍ਹ (ਐਸ.ਐਸ. ਬਰਾੜ): ਪੰਜਾਬ ਕਾਂਗਰਸ ਦੇ ਨਰਾਜ਼ ਵਿਧਾਇਕਾਂ ਦੇ ਗਿਲੇ ਸ਼ਿਕਵੇ ਦੂਰ ਕਰਨ ਲਈ ਪਾਰਟੀ ਪ੍ਰਧਾਨ ਸੁਨੀਲ ਜਾਖੜ ਅਤੇ ਮੁੱਖ ਮੰਤਰੀ ਦੇ ਦਫ਼ਤਰ ਵਲੋਂ ਕੋਸ਼ਿਸ਼ਾਂ ਆਰੰਭ ਦਿਤੀਆਂ ਗਈਆਂ ਹਨ। ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਨਰਾਜ਼ ਵਿਧਾਇਕਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਲਈ ਸਮਾਂ ਮੰਗਿਆ ਹੈ। ਸੰਭਾਵਨਾ ਹੈ ਕਿ ਕਲ 29 ਨਵੰਬਰ ਨੂੰ ਨਰਾਜ਼ ਵਿਧਾਇਕਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਹੋਵੇਗੀ।
sunil jhakar
ਅਸਲ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੋ ਹਫ਼ਤਿਆਂ ਬਾਅਦ ਵਿਦੇਸ਼ ਤੋਂ ਪਰਤੇ ਹਨ। 26 ਨਵੰਬਰ ਨੂੰ ਉਹ ਦਿੱਲੀ ਤੋਂ ਚੰਡੀਗੜ੍ਹ ਆਏ ਅਤੇ ਅਗਲੇ ਦਿਨ ਲੁਧਿਆਣਾ ਅਪਣੇ ਕੇਸ ਦੀ ਪੇਸ਼ੀ ਲਈ ਚਲੇ ਗਏ। ਅੱਜ ਸਾਰਾ ਦਿਨ ਰਾਜ ਦੇ ਉਚ ਅਧਿਕਾਰੀਆਂ ਨਾਲ ਅਹਿਮ ਮੁੱਦਿਆਂ ਸਬੰਧੀ ਵਿਚਾਰ ਵਟਾਂਦਰਾ ਕਰਦੇ ਰਹੇ। ਪਿਛਲੇ 20 ਦਿਨਾਂ ਤੋਂ ਵੱਡੀ ਗਿਣਤੀ ਵਿਚ ਫ਼ਾਈਲਾਂ ਵੀ ਇਕੱਤਰ ਹੋਈਆਂ ਪਈਆਂ ਹਨ।
Captain Amrinder Singh
ਸਾਰਾ ਦਿਨ ਮੁੱਖ ਮੰਤਰੀ ਸਕੱਤਰੇਤ ਦੇ ਉਚ ਅਧਿਕਾਰੀ ਇਨ੍ਹਾਂ ਫ਼ਾਈਲਾਂ ਦਾ ਨਿਪਟਾਰਾ ਕਰਵਾਉਣ ਵਿਚ ਲੱਗੇ ਰਹੇ। ਰਾਜ ਦੀ ਵਿੱਤੀ ਹਾਲਤ ਬਾਰੇ ਵੀ ਵਿਚਾਰ ਵਟਾਂਦਰੇ ਹੋਏ। ਖ਼ਾਸ ਕਰ ਕੇ ਕਿਸਾਨਾਂ ਦੇ ਧਰਨਿਆਂ ਅਤੇ ਪੁਲਿਸ ਨਾਲ ਸਬੰਧਤ ਕੁੱਝ ਘਟਨਾਵਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਜਿਥੋਂ ਤਕ ਲੋਕ ਸਭਾ ਹਲਕਾ ਪਟਿਆਲਾ ਨਾਲ ਸਬੰਧਤ ਤਿੰਨ ਚਾਰ ਵਿਧਾਇਕਾਂ ਦੀ ਨਰਾਜ਼ਗੀ ਦਾ ਸਬੰਧ ਹੈ।
Parneet Kaur
ਇਸ ਸਬੰਧੀ ਸ੍ਰੀਮਤੀ ਪ੍ਰਨੀਤ ਕੌਰ ਨੇ ਉਨ੍ਹਾਂ ਦੀ ਨਰਾਜ਼ਗੀ ਦੂਰ ਕਰਨ ਲਈ ਪਹਿਲਾਂ ਹੀ ਕਾਰਵਾਈ ਆਰੰਭ ਦਿਤੀ ਸੀ। ਕਾਂਗਰਸ ਦੇ ਇਕ ਸੀਨੀਅਰ ਨੇਤਾ ਦਾ ਕਹਿਣਾ ਹੈ ਕਿ ਕੁੱਝ ਵਿਧਾਇਕਾਂ ਦੀ ਨਰਾਜ਼ਗੀ ਮੁੱਖ ਮੰਤਰੀ ਨਾਲ ਨਹੀਂ ਬਲਕਿ ਉਨ੍ਹਾਂ ਦੇ ਹਲਕਿਆਂ ਵਿਚ ਵਿਕਾਸ ਦੇ ਕੰਮ ਨਾ ਹੋਣ ਕਾਰਨ ਉਹ ਨਰਾਜ਼ ਹਨ।
ਪਿਛਲੇ ਦਿਨ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਜਾਖੜ ਨਾਲ ਗੱਲ ਹੋਈ ਤਾ ਉਨ੍ਹਾਂ ਕਿਹਾ ਕਿ ਇਨ੍ਹਾਂ ਵਿਧਾਇਕਾਂ ਦੇ ਸ਼ਿਕਵੇ ਦੂਰ ਕਰਾਉਣ ਲਈ ਅਗਲੇ ਦੋ ਦਿਨਾਂ ਵਿਚ ਮੁੱਖ ਮੰਤਰੀ ਨਾਲ ਇਨ੍ਹਾਂ ਦੀ ਮੀਟਿੰਗ ਕਰਵਾਈ ਜਾਵੇਗੀ।
Congress
ਉਨ੍ਹਾਂ ਦੇ ਹਲਕਿਆਂ ਦੇ ਜੋ ਕੰਮ ਰੁਕੇ ਹੋਏ ਹਨ, ਨੂੰ ਪੂਰਾ ਕਰਵਾਉਣ ਲਈ ਲੋੜੀਂਦੀ ਕਾਰਵਾਈ ਹੋਵੇਗੀ। ਉਨ੍ਹਾਂ ਸਪਸ਼ਟ ਕੀਤਾ ਕਿ ਇਨ੍ਹਾਂ ਦੀ ਨਰਾਜ਼ਗੀ ਮੁੱਖ ਮੰਤਰੀ ਨਾਲ ਨਹੀਂ ਬਲਕੀ ਵਿਕਾਸ ਦੇ ਕੰਮ ਅਫ਼ਸਰਾਂ ਵਲੋਂ ਨਾ ਕਰਨ ਨਾਲ ਹੈ। ਮੁੱਖ ਮੰਤਰੀ ਸਕੱਤਰੇਤ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਰਾਜ਼ ਵਿਧਾਇਕਾਂ ਨੂੰ ਨਾਲ ਲੈ ਕੇ ਅਗਲੇ ਦਿਨ ਮੁੱਖ ਮੰਤਰੀ ਨਾਲ ਮੀਟਿੰਗ ਕਰਨਗੇ।
captain
ਮੁੱਖ ਮੰਤਰੀ ਦੇ ਦਫ਼ਤਰ ਵਲੋਂ ਵੀ ਨਰਾਜ਼ ਵਿਧਾਇਕਾਂ ਨਾਲ ਫ਼ੋਨ 'ਤੇ ਵੀ ਰਾਬਤਾ ਕਾਇਮ ਕੀਤਾ ਗਿਆ। ਇਥੇ ਇਹ ਦਸਣਾਯੋਗ ਹੋਵੇਗਾ ਕਿ ਸ. ਨਿਰਮਲ ਸਿੰਘ ਵਿਧਾਇਕ ਨੇ ਵੀ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਨਰਾਜ਼ਗੀ ਨਿਜੀ ਨਹੀਂ ਬਲਕਿ ਹਲਕੇ ਦੇ ਕੰਮ ਨਾ ਹੋਣ ਕਾਰਨ ਹੈ।