
ਪੁਲਿਸ ਨੇ 24 ਘੰਟੇ ਤੋਂ ਪਹਿਲਾਂ ਹੀ ਮਾਮਲਾ ਸੁਲਝਾ ਲਿਆ ਹੈ।
ਬਟਾਲਾ: ਗੁਰਦਾਸਪੁਰ ਦੇ ਬਟਾਲਾ 'ਚ ਨੈਸ਼ਨਲ ਹਾਈਵੇ 'ਤੇ ਬਣੇ ਹੋਟਲ 'ਚ ਅਕਾਲੀ ਆਗੂ ਦੀ ਉਸ ਦੇ ਹੀ ਦੋਸਤ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ 24 ਘੰਟੇ ਤੋਂ ਪਹਿਲਾਂ ਹੀ ਮਾਮਲਾ ਸੁਲਝਾ ਲਿਆ ਹੈ। ਜਿਸ ਹਥਿਆਰ ਨਾਲ ਅਕਾਲੀ ਆਗੂ 'ਤੇ ਹਮਲਾ ਕੀਤਾ ਗਿਆ ਸੀ, ਉਹ ਵੀ ਬਰਾਮਦ ਕਰ ਲਿਆ ਗਿਆ ਹੈ। ਪੁਲਿਸ ਨੇ ਦੋਸਤ ਨੂੰ ਗ੍ਰਿਫਤਾਰ ਕਰ ਲਿਆ ਹੈ, ਪਰ ਹੋਟਲ ਮਾਲਕ ਫਰਾਰ ਦੱਸਿਆ ਜਾ ਰਿਹਾ ਹੈ।
ਘਟਨਾ ਪਠਾਨਕੋਟ-ਅੰਮ੍ਰਿਤਸਰ ਹਾਈਵੇ 'ਤੇ ਬਟਾਲਾ ਅਧੀਨ ਪੈਂਦੇ ਪਿੰਡ ਸ਼ੇਖੂਪੁਰਾ 'ਚ ਬਣੇ ਹੋਟਲ ਨਾਲ ਸਬੰਧਤ ਹੈ। ਮ੍ਰਿਤਕ ਦੀ ਪਛਾਣ ਅਕਾਲੀ ਆਗੂ ਅਜੀਤਪਾਲ ਸਿੰਘ (50) ਵਜੋਂ ਹੋਈ ਹੈ। ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਮ੍ਰਿਤਕ ਅਜੀਤਪਾਲ ਅਤੇ ਕਾਤਲ ਦੋਸਤ ਅੰਮ੍ਰਿਤਪਾਲ ਦੋਵੇਂ ਹੋਟਲ 'ਚ ਖਾਣਾ ਖਾ ਰਹੇ ਸਨ। ਇਸ ਦੌਰਾਨ ਉਹਨਾਂ ਵਿਚ ਬਹਿਸ ਹੋ ਗਈ।
ਗੁੱਸੇ 'ਚ ਆ ਕੇ ਅੰਮ੍ਰਿਤਪਾਲ ਨੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਅਜੀਤਪਾਲ ਨੂੰ ਗੋਲੀ ਮਾਰ ਦਿੱਤੀ ਅਤੇ ਖੁਦ ਉਸ ਨੂੰ ਆਪਣੀ ਕਾਰ 'ਚ ਅੰਮ੍ਰਿਤਸਰ ਦੇ ਹਸਪਤਾਲ ਲੈ ਗਿਆ। ਜਿੱਥੇ ਅਜੀਤਪਾਲ ਦੀ ਮੌਤ ਹੋ ਗਈ। ਅੰਮ੍ਰਿਤਪਾਲ ਨੇ ਪੁਲਿਸ ਨੂੰ ਗੁੰਮਰਾਹ ਕਰਨ ਲਈ ਝੂਠੀ ਕਹਾਣੀ ਰਚੀ। ਜਿਸ 'ਚ ਉਸ ਨੇ ਅਣਪਛਾਤੇ ਵਾਹਨ 'ਚ ਆ ਰਹੇ ਲੋਕਾਂ ਵੱਲੋਂ ਉਸ 'ਤੇ ਫਾਇਰਿੰਗ ਕਰਨ ਦੀ ਕਹਾਣੀ ਸੁਣਾਈ। ਪਰ ਜਾਂਚ ਤੋਂ ਬਾਅਦ ਪੁਲਿਸ ਨੇ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰ ਲਿਆ। ਅੰਮ੍ਰਿਤਪਾਲ ਕੋਲੋਂ ਲਾਇਸੈਂਸੀ ਰਿਵਾਲਵਰ ਅਤੇ ਗੱਡੀ ਵੀ ਜ਼ਬਤ ਕੀਤੀ ਗਈ ਹੈ।ਮਾਮਲੇ ਵਿਚ ਸਬੂਤ ਨਸ਼ਟ ਕਰਨ ਵਿਚ ਮਦਦ ਕਰਨ ਵਾਲਾ ਹੋਟਲ ਮਾਲਕ ਗੁਰਮੁਖ ਸਿੰਘ ਫਰਾਰ ਹੈ। ਪੁਲਿਸ ਗੁਰਮੁਖ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ।