
ਉਹਨਾਂ ਕਿਹਾ ਕਿ ਭਾਜਪਾ ਅਜਿਹੀ ਪਾਰਟੀ ਹੈ, ਜੋ ਉਹ ਕਹਿੰਦੀ ਹੈ ਉਹ ਕਰਦੀ ਹੈ। ਜੇ ਭਾਜਪਾ ਦੀ ਸਰਕਾਰ ਬਣੇਗੀ ਤਾਂ ਪੰਜਾਬ ਹੋਰ ਖੁਸ਼ਹਾਲ ਹੋ ਜਾਵੇਗਾ।
ਚੰਡੀਗੜ੍ਹ (ਅਮਨਪ੍ਰੀਤ ਕੌਰ): ਹਾਲ ਹੀ ਵਿਚ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਏ ਫਤਹਿਜੰਗ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਪੰਜਾਬ ਸਿਰ ਚੜ੍ਹੇ ਕਰਜ਼ੇ ਨੂੰ ਖਤਮ ਕਰਨ ਲਈ ਪੰਜਾਬ ਵਿਚ ਭਾਜਪਾ ਦੀ ਸਰਕਾਰ ਦਾ ਹੋਣਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਭਾਜਪਾ ਅਜਿਹੀ ਪਾਰਟੀ ਹੈ, ਜੋ ਉਹ ਕਹਿੰਦੀ ਹੈ ਉਹ ਕਰਦੀ ਹੈ। ਜੇ ਭਾਜਪਾ ਦੀ ਸਰਕਾਰ ਬਣੇਗੀ ਤਾਂ ਪੰਜਾਬ ਹੋਰ ਖੁਸ਼ਹਾਲ ਹੋ ਜਾਵੇਗਾ।
Fatehjang Singh Bajwa
ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਫਤਹਿਜੰਗ ਬਾਜਵਾ ਨੇ ਕਿਹਾ ਕਿ ਉਹਨਾਂ ਨੇ ਅਤੇ ਉਹਨਾਂ ਦੇ ਪਿਤਾ ਨੇ ਅਪਣੀ ਪੂਰੀ ਜ਼ਿੰਦਗੀ ਕਾਂਗਰਸ ਦੀ ਸੇਵਾ ਕੀਤੀ ਅਤੇ ਦੇਸ਼ ਲਈ ਉਹਨਾਂ ਦੇ ਪਿਤਾ ਨੇ ਬਹੁਤ ਵੱਡੀ ਕੁਰਬਾਨੀ ਦਿੱਤੀ। ਬਾਜਵਾ ਨੇ ਕਿਹਾ ਕਿ ਇੰਨੀਆਂ ਸੇਵਾਵਾਂ ਦੇਣ ਦੇ ਬਾਵਜੂਦ ਅੱਜ ਪਾਰਟੀ ਦਾ ਕੋਈ ਸਿਰ ਪੈਰ ਨਹੀਂ ਹੈ। ਇਹ ਦੇਖ ਕੇ ਬਹੁਤ ਦੁੱਖ ਲੱਗਦਾ ਹੈ। ਸਮਝ ਨਹੀਂ ਲੱਗ ਰਿਹਾ ਕਿ ਕਾਂਗਰਸ ਕਿਸ ਪਾਸੇ ਜਾ ਰਹੀ ਹੈ। ਉਹਨਾਂ ਕਿਹਾ ਕਿ ਕਾਂਗਰਸ ਦਾ ਨੁਕਸਾਨ ਕਿਸੇ ਹੋਰ ਨੇ ਨਹੀਂ ਕਾਂਗਰਸ ਨੇ ਹੀ ਕਰਨਾ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਪੰਜਾਬ ਨੂੰ ਵਿੱਤੀ ਸੰਕਟ ਤੋਂ ਬਚਾਉਣ ਲਈ ਅਤੇ ਪੰਜਾਬ ਵਿਚ ਕਾਨੂੰਨ-ਵਿਵਸਥਾ ਨੂੰ ਬਹਾਲ ਕਰਨ ਲਈ ਇਹ ਫੈਸਲਾ ਲਿਆ ਕਿ ਪੰਜਾਬ ਨੂੰ ਸਿਰਫ ਇਕ ਹੀ ਪਾਰਟੀ ਬਚਾ ਸਕਦੀ ਹੈ, ਉਹ ਹੈ ਭਾਰਤੀ ਜਨਤਾ ਪਾਰਟੀ।
Fatehjang Singh Bajwa
ਉਹਨਾਂ ਕਿਹਾ ਕਿ ਕਾਂਗਰਸ ਦੀ ਲੀਡਰਸ਼ਿਪ ਵਿਚ ਕਮੀ ਰਹੀ ਹੈ ਕਿ ਉਹਨਾਂ ਨੇ ਪੰਜਾਬ ਵਿਚ ਕਾਂਗਰਸ ਨੂੰ ਚੰਗੀ ਤਰ੍ਹਾਂ ਕੰਟਰੋਲ ਨਹੀਂ ਕੀਤਾ। ਪਾਰਟੀ ਵਿਚ ਸੀਨੀਅਰ ਆਗੂਆਂ ਦੀ ਕੋਈ ਸੁਣਵਾਈ ਨਹੀਂ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਟਿਕਟ ਲਈ ਪਾਰਟੀ ਨਹੀਂ ਛੱਡੀ, ਉਹਨਾਂ ਨੇ ਅਪਣੇ ਅਸੂਲਾਂ ਉੱਤੇ ਕਾਇਮ ਰਹਿਣ ਲਈ ਹੀ ਇਹ ਫੈਸਲਾ ਲਿਆ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਪਾਰਟੀ ਲੀਡਰਸ਼ਿਪ ਇਕੱਠੀ ਹੋ ਕੇ ਚੋਣ ਨਹੀਂ ਲੜਦੀ, ਉਦੋਂ ਤੱਕ ਉਹ ਚੋਣ ਨਹੀਂ ਜਿੱਤ ਸਕਦੀ। ਫਤਹਿਜੰਗ ਬਾਜਵਾ ਨੇ ਕਿਹਾ ਕਿ ਲੋਕ ਭਾਜਪਾ ਨੂੰ ਕਿਉਂ ਸਵੀਕਾਰ ਨਹੀਂ ਕਰਨਗੇ, ਉਹਨਾਂ ਕਿਹਾ ਜੇਕਰ ਪ੍ਰਧਾਨ ਮੰਤਰੀ ਮੋਦੀ ਪੰਜਾਬ ਲਈ ਕੋਈ ਵੱਡਾ ਫੈਸਲਾ ਲੈਂਦੇ ਨੇ ਤਾਂ ਲੋਕ ਉਹਨਾਂ ਨੂੰ ਜ਼ਰੂਰ ਅਪਨਾਉਣਗੇ।
Fatehjang Singh Bajwa
ਉਹਨਾਂ ਕਿਹਾ ਕਿ ਚੰਨੀ ਸਰਕਾਰ ਸਿਰਫ ਐਲਾਨ ਹੀ ਕਰ ਰਹੀ ਹੈ, ਐਲ਼ਾਨ ਕਰਨ ਅਤੇ ਉਸ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਵਿਚ ਬਹੁਤ ਅੰਤਰ ਹੈ। ਪੀਐਮ ਨਰਿੰਦਰ ਮੋਦੀ ਨੇ ਖੇਤੀ ਕਾਨੂੰਨ ਰੱਦ ਕੀਤੇ ਅਤੇ ਕਿਸਾਨਾਂ ਕੋਲੋਂ ਮਾਫੀ ਵੀ ਮੰਗੀ। ਉਹਨਾਂ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦਾ ਬਹੁਤ ਵੱਡਾ ਫੈਸਲਾ ਲਿਆ। ਹਲਕਾ ਕਾਦੀਆਂ ਤੋਂ ਚੋਣ ਲੜਨ ਬਾਰੇ ਉਹਨਾਂ ਕਿਹਾ ਕਿ ਪਾਰਟੀ ਜੋ ਫੈਸਲਾ ਲਵੇਗੀ, ਉਹ ਉਸ ਨੂੰ ਸਵੀਕਾਰ ਕਰਨਗੇ, ਉਹਨਾਂ ਨੂੰ ਜਿੱਥੋਂ ਚੋਣ ਲੜਨ ਲਈ ਕਿਹਾ ਜਾਵੇਗਾ, ਉਹ ਉੱਥੋਂ ਲੜਨਗੇ। ਇਸ ਦੇ ਨਾਲ ਹੀ ਉਹਨਾਂ ਸੰਕੇਤ ਦਿੱਤੇ ਕਿ ਆਉਣ ਵਾਲੇ ਦਿਨਾਂ ਵੀ ਕਈ ਵੱਡੇ ਚਿਹਰੇ ਭਾਜਪਾ ਵਿਚ ਸ਼ਾਮਲ ਹੋਣਗੇ।