
ਖ਼ਾਲਿਸਤਾਨ ਪੱਖੀ ਅਤੇ ਭਾਰਤ ਵਿਰੋਧੀ ਸਮੱਗਰੀ ਸਮੇਤ ਤਿੰਨ ਜਣੇ ਕਾਬੂ
ਪਟਿਆਲਾ, ਬਨੂੜ, 28 ਦਸੰਬਰ (ਦਲਜਿੰਦਰ ਸਿੰਘ, ਅਵਤਾਰ ਸਿੰਘ) : ਪਟਿਆਲਾ ਪੁਲਿਸ ਨੇ ਦੋ ਵਿਅਕਤੀਆਂ ਨੂੰ ਇਕ ਔਰਤ ਸਮੇਤ ਭਾਰੀ ਮਾਤਰਾ ਵਿਚ ਖ਼ਾਲਿਸਤਾਨ ਪੱਖੀ ਅਤੇ ਭਾਰਤ ਵਿਰੋਧੀ ਸਮੱਗਰੀ ਸਣੇ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ।
ਐਸ.ਐਸ.ਪੀ. ਪਟਿਆਲਾ ਹਰਚਰਨ ਸਿੰਘ ਭੁੱਲਰ ਨੇ ਇਸ ਸਬੰਧੀ ਵਿਸਥਾਰ ’ਚ ਜਾਣਕਾਰੀ ਦਿੰਦਿਆਂ ਦਸਿਆ ਕਿ 26 ਦਸੰਬਰ ਨੂੰ ਡੀ.ਐਸ.ਪੀ. ਸਰਕਲ ਰਾਜਪੁਰਾ ਗੁਰਬੰਸ ਸਿੰਘ ਬੈਂਸ ਦੀ ਅਗਵਾਈ ਹੇਠ ਮੁੱਖ ਅਫ਼ਸਰ ਥਾਣਾ ਬਨੂੰੜ ਇੰਸਪੈਕਟਰ ਤੇਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਨੇੜੇ ਬੰਨੋ ਮਾਈ ਮੰਦਰ ਮੇਨ ਰੋੜ ਬਨੂੰੜ ਨੇੜੇ ਮੌਜੂਦ ਸੀ ਤਾਂ ਇਤਲਾਹ ਮਿਲੀ ਕਿ ਜਗਮੀਤ ਸਿੰਘ, ਰਵਿੰਦਰ ਸਿੰਘ ਖ਼ਾਲਿਸਤਾਨ ਦੇ ਹੱਕ ਵਿਚ ਪ੍ਰਚਾਰ ਕਰ ਰਹੇ ਹਨ। ਵੱਖ-ਵੱਖ ਧਾਰਮਕ ਸਥਾਨਾਂ ਅਤੇ ਹੋਰ ਸਰਵਜਨਕ ਥਾਵਾਂ ’ਤੇ ਜਾ ਕੇ ਲੋਕਾਂ ਨੂੰ ਖ਼ਾਲਿਸਤਾਨ ਬਣਾਉਣ ਲਈ ਰੈਫ਼ਰੈਂਡਮ ਕਰਾਉਣ ਲਈ ਵੋਟਿੰਗ ਲਈ ਉਕਸਾ ਕੇ ਵੋਟਿੰਗ ਲਈ ਰਜਿਸਟ੍ਰੇਸ਼ਨ ਫ਼ਾਰਮ ਵੰਡ ਰਹੇ ਹਨ। ਇਨ੍ਹਾਂ ਨੂੰ ਇਹ ਪੋਸਟਰ ਤੇ ਹੋਰ ਪ੍ਰਿੰਟਿੰਗ ਸਮਗਰੀ ਜਗਮੀਤ ਸਿੰਘ ਦੀ ਮਾਤਾ ਜਸਵੀਰ ਕੌਰ ਮੁਹੱਈਆ ਕਰਵਾ ਰਹੀ ਹੈ। ਪੁਲਿਸ ਨੇ ਦੋਸ਼ੀਆਂ ਵਿਰੁਧ ਮੁਕੱਦਮਾ ਨੰਬਰ 144 ਧਾਰਾ 153-ਏ, 505 (2),505 (3), 120-ਬੀ-ਆਈ. ਪੀ. ਸੀ. ਥਾਣਾ ਬਨੂੰੜ ਦਰਜ ਕਰ ਕੇ ਨਾਕਾਬੰਦੀ ਕਰ ਕੇ ਦੋਸ਼ੀਆਂ ਜਗਮੀਤ ਸਿੰਘ ਅਤੇ ਰਵਿੰਦਰ ਸਿੰਘ ਨੂੰ ਬੱਸ ਸਟੈਂਡ ਬਨੂੰੜ ਨੇੜੇ ਤੋਂ ਗ੍ਰਿਫ਼ਤਾਰ ਕਰ ਲਿਆ ਅਤੇ ਇਨ੍ਹਾਂ ਦੇ ਕਬਜ਼ੇ ’ਚੋਂ ਭਾਰੀ ਮਾਤਰਾ ਵਿਚ ਪ੍ਰਿੰਟ ਅਤੇ ਹੋਰ ਪ੍ਰਚਾਰ ਸਮੱਗਰੀ ਬਰਾਮਦ ਕੀਤੀ।
ਉਨ੍ਹਾਂ ਦਸਿਆ ਕਿ ਤੀਜੀ ਦੋਸ਼ਣ ਜਸਵੀਰ ਕੌਰ ਜੋ ਦੋਸ਼ੀਆਂ ਉਕਤਾਨ ਨੂੰ ਰੈਫਰੈਂਡਮ ਵੋਟਿੰਗ ਰਜਿਸਟ੍ਰੇਸ਼ਨ ਫ਼ਾਰਮ ਦੇਣ ਲਈ ਪੁਰਾਣਾ ਸੇਲ ਟੈਕਸ ਬੈਰੀਅਰ ਖੜੀ ਸੀ, ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ ਪ੍ਰਿੰਟ ਪ੍ਰਚਾਰ ਸਮਗਰੀ ਬਰਾਮਦ ਕੀਤੀ ਗਈ ਹੈ। ਮੁੱਢਲੀ ਪੁਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਗਰੋਹ ਦੀ ਸਰਗਨਾ ਜਸਵੀਰ ਕੌਰ ਹੈ, ਜਿਸ ਦਾ ਪਤੀ ਕੁਲਦੀਪ ਸਿੰਘ ਜੋ ਪੰਜਾਬ ਰੋਡਵੇਜ਼ ਚੰਡੀਗੜ੍ਹ ਵਿਖੇ ਸੁਪਰਡੈਂਟ ਦੀ ਨੌਕਰੀ ਕਰਦਾ ਹੈ। ਕੁਲਦੀਪ ਸਿੰਘ ਅਖੰਡ ਕੀਰਤਨੀ ਜਥੇ ਵਿਚ ਸੇਵਾ ਕਰਨ ਲਈ ਅਪਣੇ ਪਰਵਾਰ ਸਮੇਤ ਗੁਰਦੁਆਰਾ ਸਾਹਿਬ ਸ੍ਰੀ ਫ਼ਤਿਹਗੜ੍ਹ ਸਾਹਿਬ ਜਾਂਦਾ ਸੀ, ਜਿਥੇ ਦੋਸ਼ੀ ਰਵਿੰਦਰ ਸਿੰਘ ਵੀ ਸੇਵਾ ਕਰਦਾ ਸੀ। ਰਵਿੰਦਰ ਸਿੰਘ ਅਤੇ ਜਗਮੀਤ ਸਿੰਘ ਦੇ ਆਪਸ ਵਿਚ ਵਿਚਾਰ ਮਿਲਣ ਕਰ ਕੇ ਦੋਸਤੀ ਹੋ ਗਈ ਅਤੇ ਦੋਵੇਂ ਹੀ ਇਸ ਗ਼ੈਰ-ਕਨੂੰਨੀ ਗਤੀਵਿਧੀਆਂ ਵਿਚ ਸਰਗਰਮ ਹੋ ਗਏ।
ਉਨ੍ਹਾਂ ਦਸਿਆ ਕਿ ਦੋਸ਼ਣ ਜਸਵੀਰ ਕੌਰ ਦਾ ਪਰਵਾਰਕ ਪਿਛੋਕੜ ਵੀ ਅਤਿਵਾਦ ਨਾਲ ਜੁੜਿਆ ਹੋਇਆ ਹੈ। ਜਸਵੀਰ ਕੌਰ ਦਾ ਜੇਠ ਮਨਜੀਤ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਦਰਗਾਪੁਰ ਜ਼ਿਲ੍ਹਾ ਗੁਰਦਾਸਪੁਰ ਅਤਿਵਾਦ ਦੇ ਸਮੇਂ ਅਤਿਵਾਦੀ ਜਥੇਬੰਦੀ ਬੱਬਰ ਖ਼ਾਲਸਾ ਇੰਟਰਨੈਸ਼ਨਲ (ਸੁਖਦੇਵ ਬੱਬਰ ਗਰੁੱਪ) ਦਾ ਏਰੀਆ ਕਮਾਂਡਰ ਰਿਹਾ ਹੈ ਅਤੇ ਅਤਿਵਾਦ ਦੌਰਾਨ ਮਾਰਿਆ ਗਿਆ ਸੀ। ਜਸਵੀਰ ਕੌਰ ਹੁਣ ਅਪਣੇ ਪੁੱਤਰ ਅਤੇ ਹੋਰ ਮੇਲ-ਮਿਲਾਪੀਆਂ ਨੂੰ ਭਾਰਤ ਦੇਸ਼ ਦੀ ਪ੍ਰਭੂਸੱਤਾ, ਏਕਤਾ ਅਤੇ ਅਖੰਡਤਾ ਵਿਰੁਧ ਕੰਮ ਕਰਨ ਲਈ ਪ੍ਰੇਰਿਤ ਕਰ ਰਹੀ ਹੈ।
ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ 6 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਮੁਕੱਦਮਾ ਦੀ ਤਫ਼ਤੀਸ਼ ਜਾਰੀ ਹੈ ਅਤੇ ਆਉਣ ਵਾਲੇ ਸਮੇਂ ਇਨ੍ਹਾਂ ਨਾਲ ਹੋਰ ਕੌਣ-ਕੌਣ ਇਸ ਜੁਰਮ ਵਿਚ ਭਾਈਵਾਲ ਹੈ ਅਤੇ ਕੌਣ-ਕੌਣ ਦੇਸ਼ ਅਤੇ ਵਿਦੇਸ਼ ਤੋਂ ਇਨ੍ਹਾਂ ਦੀ ਮਦਦ ਕਰ ਰਿਹਾ ਹੈ, ਬਾਰੇ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।