
ਬੀਤੇ ਕੱਲ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੀ ਬਰਸੀ ਮੌਕੇ ਪ੍ਰਕਾਸ਼ ਸਿੰਘ ਬਾਦਲ ਵਲੋਂ ਬਰਨਾਲਾ ਦੇ ਤਾਰੀਫਾਂ ਦੇ ਪੁੱਲ ਬੰਨ੍ਹਣ ਦੀ ਸ਼੍ਰੋਮਣੀ ਅਕਾਲੀ ਦਲ.......
ਕੋਟਕਪੂਰਾ : ਬੀਤੇ ਕੱਲ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੀ ਬਰਸੀ ਮੌਕੇ ਪ੍ਰਕਾਸ਼ ਸਿੰਘ ਬਾਦਲ ਵਲੋਂ ਬਰਨਾਲਾ ਦੇ ਤਾਰੀਫਾਂ ਦੇ ਪੁੱਲ ਬੰਨ੍ਹਣ ਦੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਜਥੇਦਾਰ ਮੱਖਣ ਸਿੰਘ ਨੰਗਲ ਨੇ ਗਿਰਗਟ ਦੇ ਰੰਗ ਬਦਲਣ ਵਾਲੇ ਢੰਗ ਤਰੀਕਿਆਂ ਨਾਲ ਤੁਲਨਾ ਕੀਤੀ ਹੈ। ਉਨਾਂ ਕਿਹਾ ਕਿ ਸੁਰਜੀਤ ਸਿੰਘ ਬਰਨਾਲਾ ਦੀ ਹਮੇਸ਼ਾਂ ਨਿੰਦਿਆ ਕਰਨ ਵਾਲੇ ਤੇ ਬਰਨਾਲਾ ਸਰਕਾਰ ਤੋੜਨ ਲਈ ਤਤਪਰ ਰਹੇ ਬਾਦਲ ਦੇ ਮੂੰਹੋਂ ਉਕਤ ਗੱਲਾਂ ਕਿਸੇ ਹੈਰਾਨੀ ਤੋਂ ਘੱਟ ਨਹੀਂ ਜਾਪਦੀਆਂ।
ਜਥੇਦਾਰ ਨੰਗਲ ਨੇ ਆਖਿਆ ਕਿ ਬਿਨਾ ਸ਼ੱਕ ਸੁਰਜੀਤ ਸਿੰਘ ਬਰਨਾਲਾ ਇਕ ਇਮਾਨਦਾਰ, ਸ਼ਰੀਫ ਅਤੇ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਸਨ ਪਰ ਬਾਦਲ ਪਰਿਵਾਰ ਨੇ ਸਮੇਂ ਸਮੇਂ ਜਿਉਂਦੇ ਜੀਅ ਸੁਰਜੀਤ ਸਿੰਘ ਬਰਨਾਲਾ ਨੂੰ ਜ਼ਲੀਲ ਕਰਨ ਦਾ ਕੋਈ ਮੌਕਾ ਹੱਥੋਂ ਨਾ ਜਾਣ ਦਿਤਾ ਤੇ ਹੁਣ ਮਗਰਮੱਛ ਵਾਲੇ ਹੰਝੂ ਵਹਾਉਣੇ ਵੀ ਗੰਦੀ ਸਿਆਸਤ ਜਾਂ ਸੋਚ ਦਾ ਹਿੱਸਾ ਮੰਨੇ ਜਾ ਸਕਦੇ ਹਨ। ਉਨਾ ਦਸਿਆ ਕਿ ਮੁਰਾਰਜੀ ਡਿਸਾਈ ਦੀ 1979 'ਚ ਸਰਕਾਰ ਕੇਂਦਰ 'ਚ ਟੁੱਟਣ ਤੋਂ ਬਾਅਦ ਦੇਸ਼ ਭਰ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਸੁਰਜੀਤ ਸਿੰਘ ਬਰਨਾਲਾ ਨੂੰ ਕਾਰਜਕਾਰੀ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੀਆਂ ਸਨ
ਪਰ ਬਾਦਲ ਨੇ ਉਕਤ ਕੰਮ ਸਿਰੇ ਨਾ ਚੜਨ ਦਿਤਾ। ਇਸੇ ਤਰਾਂ ਸਤੰਬਰ 1985 'ਚ ਬਾਦਲ ਨੇ ਬਰਨਾਲਾ ਸਰਕਾਰ ਤੋੜਨ ਲਈ 73 ਵਿੱਚੋਂ 27 ਵਿਧਾਇਕਾਂ ਦਾ ਵੱਖਰਾ ਧੜਾ ਬਣਾ ਕੇ ਸਰਕਾਰ ਤੋੜ ਦਿੱਤੀ। ਉਨਾ ਆਖਿਆ ਕਿ ਗੁਰੂ ਗੰ੍ਰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ, ਬਹਿਬਲ ਕਲਾਂ ਅਤੇ ਕੋਟਕਪੂਰੇ ਵਿਖੇ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉੱਪਰ ਢਾਹੇ ਗਏ ਪੁਲਿਸੀਆ ਕਹਿਰ, ਧਾਰਮਿਕ ਤੇ ਮਨੁੱਖੀ ਕਦਰਾਂ-ਕੀਮਤਾਂ ਦੀਆਂ ਧੱਜੀਆਂ ਉਡਾ ਕੇ ਜਨਰਲ ਡਾਇਰ ਨੂੰ ਮਾਤ ਪਾਉਣ ਵਾਲੇ ਬਾਦਲਾਂ ਵਲੋਂ ਬਰਨਾਲੇ ਦੀਆਂ ਸਿਫਤਾਂ ਸੁਣ ਕੇ ਇੰਝ ਪ੍ਰਤੀਤ ਹੁੰਦਾ ਹੈ ਕਿ ਹੁਣ ਬਾਦਲਾਂ ਦੀ ਡਰਾਮੇਬਾਜੀ ਹੁਣ ਬਹੁਤੀ ਦੇਰ ਚੱਲਣ ਵਾਲੀ ਨਹੀਂ।