
ਨਕਲੀ ਪਿਸਤੌਲ ਰਾਹੀਂ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਆਏ ਸੀ ਨੌਜਵਾਨ...
ਬਰਨਾਲਾ: ਪਿੰਡ ਘੁੰਨਸ ਦਾ ਮਹੌਲ ਉਸ ਸਮੇਂ ਤਣਾਅਪੂਰਵਕ ਹੋ ਗਿਆ ਜਦੋਂ ਪਿੰਡ ਵਾਸੀਆਂ ਨੇ ਡੇਰਾ ਬਾਬਾ ਅਮਰ ਦਾਸ ਜੀ ਨਜ਼ਦੀਕ 7 ਦੇ ਕਰੀਬ ਸ਼ੱਕੀ ਨੌਜਵਾਨਾਂ ਨੂੰ 1 ਪਿਸਟਲ, 3 ਮੋਟਰਸਾਈਕਲਾਂ ਸਮੇਤ ਫੜ ਕੇ ਪੁਲਿਸ ਦੇ ਹਵਾਲੇ ਕੀਤਾ, ਜਿਸ ਦੀ ਪੁਲਿਸ ਵੱਲੋਂ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
Arrested
ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਬੇਅੰਤ ਸਿੰਘ ਨੇ ਦੱਸਿਆ ਕਿ ਉਹ ਡੇਰੇ ਵਿਖੇ ਨਤਮਸਤਕ ਹੋਣ ਲਈ ਆਇਆ ਸੀ ਤਾਂ ਜਦੋਂ ਉਹ ਛੋਟੇ ਗੇਟ ਵੱਲ ਵਧਿਆ ਤਾਂ ਉਸ ਨੇ ਦੇਖਿਆ ਕਿ ਦਰਜਨ ਦੇ ਕਰੀਬ ਨੌਜਵਾਨ ਜੋ ਡੇਰੇ ਦੀ ਬਣੀ ਕੰਧ ਉਪਰੋਂ ਡੇਰੇ ਅੰਦਰ ਝਾਤੀਆਂ ਮਾਰ ਰਹੇ ਸਨ ਤਾਂ ਉਸਨੇ ਉਕਤ ਨੌਜਵਾਨਾਂ ਤੋਂ ਇੱਥੇ ਖੜ੍ਹਨ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੌਜਵਾਨਾਂ ਨੇ ਕਿਹਾ ਕਿ ਉਹ ਸੰਤਾਂ ਪਾਸੋਂ ਹਥੌਲਾ ਪਵਾਉਣ ਲਈ ਆਏ ਹਨ,ਤਾਂ ਅੱਗੋ ਸਰਪੰਚ ਨੇ ਕਿਹਾ ਕਿ ਸੰਤ ਦੁਪਹਿਰ ਸਮੇਂ ਹਥੌਲਾ ਪਾਉਂਦੇ ਹੀ ਨਹੀਂ, ਜਦ ਸਰਪੰਚ ਨੇ ਆਪਣਾ ਮੋਟਰਸਾਈਕਲ ਦਾ ਸਟੈਂਡ ਲਗਾਇਆ ਤਾਂ ਨੌਜਵਾਨ ਆਪੋ ਆਪਣੇ ਮੋਟਰਸਾਈਕਲਾਂ ਸਣੇ ਫਰਾਰ ਹੋਣ ਲੱਗੇ।
Arrest
ਨੌਜਵਾਨਾਂ ਦੇ ਇਸ ਤਰ੍ਹਾਂ ਫ਼ਰਾਰ ਹੋਣ ਦੀ ਸੂਰਤ 'ਚ ਸਾਬਕਾ ਸਰਪੰਚ ਨੂੰ ਉਨ੍ਹਾਂ ਉਪਰ ਸ਼ੱਕ ਹੋਇਆ ਤਾਂ ਉਸ ਨੇ ਤੁਰੰਤ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਰੌਲਾ ਪਾ ਦਿੱਤਾ,ਜਿਸ ਦਾ ਰੌਲਾ ਸੁਣ ਕੇ ਸੜਕ ਉਪਰੋਂ ਆ ਰਹੇ ਦੋ ਸਾਈਕਲ ਸਵਾਰਾਂ ਅਤੇ ਖੇਤਾਂ 'ਚ ਕੰਮ ਕਰ ਰਹੇ ਕਿਸਾਨਾਂ ਦੀ ਸਹਾਇਤਾ ਨਾਲ ਉਕਤ ਨੌਜਵਾਨ ਮੋਟਰਸਾਈਕਲ ਸਵਾਰਾਂ ਨੂੰ ਘੇਰ ਕੇ ਕਾਬੂ ਕੀਤਾ,ਅਤੇ ਬਾਕੀ ਨੌਜਵਾਨ ਭੱਜਣ 'ਚ ਸਫਲ ਹੋ ਗਏ।ਉਨ੍ਹਾਂ ਤੁਰੰਤ ਇਸਦੀ ਸੂਚਨਾ ਤਪਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਤਪਾ ਪੁਲਿਸ ਦੇ ਮੁਲਾਜ਼ਮਾਂ ਦੇ ਮੌਕੇ ਤੇ ਪੁੱਜਣ ਉਪਰੰਤ ਪਿੰਡ ਵਾਸੀਆਂ ਨੇ ਉਕਤ ਨੌਜਵਾਨਾਂ ਪਾਸੋਂ 1ਨਕਲੀ ਪਿਸਤੋੋਲ,ਤਿੰਨ ਮੋਟਰਸਾਇਕਲ,1 ਸ਼ਰਾਬ ਦੀ ਬੋਤਲ ਅਤੇ ਕੁਝ ਮੋਬਾਇਲ ਬਰਾਮਦ ਕਰ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ।
ਮੌਕੇ ਤੇ ਵੱਡੀ ਤਦਾਦ 'ਚ ਇਕੱਠੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਡੇਰੇ 'ਚ ਪਹਿਲਾਂ ਵੀ ਵਾਰਦਾਤਾਂ ਹੋ ਚੁੱਕੀਆਂ ਹਨ ਜਿਸ ਤੋਂ ਜ਼ਾਹਰ ਹੁੰਦਾ ਹੈ ਕਿ ਇਹ ਨੌਜਵਾਨ ਵੀ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਆਏ ਸਨ। ਜਦ ਇਸ ਮਾਮਲੇ ਸਬੰਧੀ ਫੜੇ ਗਏ ਨੌਜਵਾਨਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਕਿਸੇ ਨੌਜਵਾਨ ਦੇ ਬੁਲਾਉਣ ਤੇ ਪਿੰਡ ਆਏ ਸਨ .ਜੋ ਵੀ ਦੋਸ਼ ਲਾਏ ਜਾ ਰਹੇ ਝੂਠੇ ਤੇ ਬੇਬੁਨਿਆਦ ਹਨ।
ਉੱਧਰ ਦੂਜੇ ਪਾਸੇ ਜਦ ਇਸ ਸਬੰਧੀ ਥਾਣਾ ਮੁਖੀ ਜਗਜੀਤ ਸਿੰਘ ਘੁਮਾਣ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਫੜੇ ਗਏ ਨੌਜਵਾਨਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਉਹ ਕਿਸੇ ਦੀ ਕੁੱਟਮਾਰ ਕਰਨ ਲਈ ਆਏ ਸਨ। ਫਿਲਹਾਲ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਸੋ ਇਸ ਮਾਮਲੇ ਸਬੰਧੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਅਸਲ ਕਹਾਣੀ ਕੀ ਸੀ।