
-ਉਪ ਕੁਲਪਤੀ ਵੱਲੋਂ ਯੂਨੀਵਰਸਿਟੀ ਦੇ ਵਿਸ਼ੇਸ਼ ਸਥਾਪਨਾ ਦਿਵਸ ਮੌਕੇ ਡਾ. ਜੱਗੀ ਵੱਲੋਂ ਪੰਜਾਬੀ ਭਾਸ਼ਾ ਲਈ ਪਾਏ ਯੋਗਦਾਨ ਲਈ ਸ਼ਲਾਘਾ
ਪਟਿਆਲਾ: ਪੰਜਾਬੀ ਯੂਨੀਵਰਸਿਟੀ ਦੇ 60 ਸਾਲ ਪੂਰੇ ਹੋਣ 'ਤੇ ਅੱਜ ਮਨਾਏ ਗਏ ਵਿਸ਼ੇਸ਼ ਸਥਾਪਨਾ ਦਿਵਸ ਮੌਕੇ ਪੰਜਾਬੀ ਦੇ ਉੱਘੇ ਵਿਦਵਾਨ ਡਾ. ਰਤਨ ਸਿੰਘ ਜੱਗੀ ਨੂੰ ਪੰਜਾਬੀ ਭਾਸ਼ਾ, ਸਾਹਿਤ ਤੇ ਸਿੱਖ ਇਤਿਹਾਸ 'ਚ ਪਾਏ ਵਡਮੁੱਲੇ ਯੋਗਦਾਨ ਲਈ ਉਪ ਕੁਲਪਤੀ ਡਾ. ਅਰਵਿੰਦ ਨੇ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਡਾ. ਜੱਗੀ ਦੀ ਸੁਪਤਨੀ ਡਾ. ਗੁਰਸ਼ਰਨ ਕੌਰ ਜੱਗੀ ਤੇ ਸਪੁੱਤਰ ਅਤੇ ਸੂਚਨਾ ਤੇ ਲੋਕ ਸੰਪਰਕ ਅਤੇ ਹਵਾਬਾਜੀ ਵਿਭਾਗਾਂ ਦੇ ਸਕੱਤਰ ਸ. ਮਲਵਿੰਦਰ ਸਿੰਘ ਜੱਗੀ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
Dr. Punjabi University honors Ratan Singh Jaggi
ਗੁਰੂ ਤੇਗ ਬਹਾਦਰ ਹਾਲ ਵਿਖੇ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਉੱਘੀਆਂ ਸਾਹਿਤਕ ਸ਼ਖ਼ਸੀਅਤਾਂ ਦੀ ਹਾਜ਼ਰੀ 'ਚ ਸੰਬੋਧਨ ਕਰਦਿਆ ਡਾ. ਅਰਵਿੰਦ ਨੇ ਕਿਹਾ ਕਿ ਪੰਜਾਬੀ ਭਾਸ਼ਾ ਦਾ ਵਿਕਾਸ ਲਈ ਬਣੀ ਯੂਨੀਵਰਸਿਟੀ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਸਾਹਿਤ ਦੀ ਪ੍ਰਫੁਲਤਾ ਲਈ ਕੰਮ ਕਰਨ ਵਾਲੇ ਡਾ. ਰਤਨ ਸਿੰਘ ਜੱਗੀ ਨੂੰ ਅੱਜ ਯੂਨੀਵਰਸਿਟੀ ਵੱਲੋਂ ਸਨਮਾਨਤ ਕੀਤਾ ਜਾ ਰਿਹਾ ਹੈ।
ਉਪ ਕੁਲਪਤੀ ਨੇ ਕਿਹਾ ਕਿ ਡਾ. ਜੱਗੀ ਨੇ ਆਪਣੇ ਜੀਵਨ ਦੇ ਲੰਮੇ ਤਜਰਬੇ ਨਾਲ ਸਮਾਜ ਦੀ ਝੋਲੀ 129 ਕਿਤਾਬਾਂ ਦਾ ਬਹੁਮੁੱਲਾ ਖ਼ਜ਼ਾਨਾ ਪਾਇਆ ਹੈ, ਜਿਸ ਵਿੱਚ ਪ੍ਰਾਚੀਨ ਤੋਂ ਲੈਕੇ ਆਧੁਨਿਕ ਸਮੇਂ ਦੀ ਭਗਤੀ ਲਹਿਰ ਅਤੇ ਪੰਜਾਬੀ ਸਾਹਿਤ ਦੀ ਰਚਨਾਵਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਡਾ. ਜੱਗੀ ਨੇ ਕਿਸੇ ਇੱਕ ਭਾਸ਼ਾ ਤੱਕ ਸੀਮਤ ਨਾ ਹੋਕੇ ਸਗੋਂ ਅੰਗਰੇਜ਼ੀ, ਹਿੰਦੀ, ਪੰਜਾਬੀ, ਉਰਦੂ, ਫ਼ਾਰਸੀ ਅਤੇ ਸੰਸਕ੍ਰਿਤ ਭਾਸ਼ਾਵਾਂ 'ਚ ਵੀ ਵਡਮੁੱਲਾ ਕੰਮ ਕੀਤਾ ਹੈ, ਜੋ ਕਿ ਚੋਣਵੇਂ ਵਿਦਵਾਨਾਂ ਦੇ ਹਿੱਸੇ 'ਚ ਹੀ ਆਇਆ ਹੈ।
ਸਮਾਗਮ ਤੋਂ ਪਹਿਲਾਂ ਉਪ ਕੁਲਪਤੀ ਡਾ. ਅਰਵਿੰਦ ਨਾਲ ਹੋਈ ਗ਼ੈਰ-ਰਸਮੀ ਗੱਲਬਾਤ ਦੌਰਾਨ ਡਾ. ਰਤਨ ਸਿੰਘ ਜੱਗੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪੰਜਾਬੀ ਭਾਸ਼ਾ ਤੇ ਸਾਹਿਤ ਦੀ ਪ੍ਰਫੁਲਤਾ ਲਈ ਨਵੇਂ ਸਾਹਿਤਕਾਰਾਂ ਤੇ ਬੁੱਧੀਜੀਵੀਆਂ ਨੂੰ ਉਤਸ਼ਾਹਤ ਕਰਨ ਲਈ ਪੰਜਾਬੀ ਯੂਨੀਵਰਸਿਟੀ ਨੂੰ ਹੋਰ ਹੰਭਲਾ ਮਾਰਨ ਦੀ ਜ਼ਰੂਰਤ ਹੈ, ਜਿਸ ਲਈ ਉਹ ਖ਼ੁਦ ਆਪਣਾ ਸਹਿਯੋਗ ਦੇਣ ਨੂੰ ਤਿਆਰ ਹਨ। ਡਾ. ਜੱਗੀ ਨੇ ਸਨਮਾਨਤ ਹੋਣ ਮਗਰੋਂ ਕਿਹਾ ਕਿ 24 ਸਾਲ ਤੋਂ ਵਧੇਰੇ ਸਮੇਂ ਤੱਕ ਯੂਨੀਵਰਸਿਟੀ 'ਚ ਸੇਵਾਵਾਂ ਨਿਭਾਉਣ ਬਦਲੇ ਮਿਲੇ ਸਨਮਾਨ ਨੇ ਉਨ੍ਹਾਂ ਨੂੰ ਪੰਜਾਬੀ ਭਾਸ਼ਾ ਅਤੇ ਹੋਰ ਮਿਹਨਤ ਨਾਲ ਕੰਮ ਕਰਨ ਲਈ ਪ੍ਰੇਰਿਆ ਹੈ। ਉਨ੍ਹਾਂ ਕਿਹਾ ਕਿ ਉਹ ਭਵਿੱਖ 'ਚ ਵੀ ਪੰਜਾਬੀ ਭਾਸ਼ਾ ਦੀ ਪ੍ਰਫੁਲਤਾ ਲਈ ਕੰਮ ਕਰਦੇ ਰਹਿਣਗੇ।
ਜ਼ਿਕਰਯੋਗ ਹੈ ਕਿ ਡਾ. ਜੱਗੀ ਨੂੰ 1989 'ਚ 'ਤੁਲਸੀ ਰਮਾਇਣ' ਦੇ ਪੰਜਾਬੀ ਭਾਸ਼ਾ 'ਚ ਅਨੁਵਾਦ ਲਈ ਸਾਹਿਤ ਅਕੈਡਮੀ, ਨਵੀਂ ਦਿੱਲੀ, ਇਸੇ ਤਰ੍ਹਾਂ 1996 'ਚ ਪੰਜਾਬ ਸਰਕਾਰ ਵੱਲੋਂ ਸਰਵੋਤਮ ਸਨਮਾਨ ਪੰਜਾਬੀ ਸਾਹਿਤ ਸ਼੍ਰੋਮਣੀ ਅਵਾਰਡ (ਪੰਜਾਬੀ ਸਾਹਿਤ ਰਤਨ ਅਵਾਰਡ), 1996 'ਚ ਯੂ.ਪੀ. ਸਰਕਾਰ ਦੇ ਹਿੰਦੀ ਸੰਮੇਲਣ ਵੱਲੋਂ ਸੌਹਰਦ ਪੁਰਸਕਾਰ, ਪੰਜਾਬੀ ਅਕੈਡਮੀ ਦਿਲੀ ਸਰਕਾਰ ਵੱਲੋਂ 2010 'ਚ ਪਰਮ ਸਾਹਿਤ ਸਤਕਾਰ ਸਨਮਾਨ ਵੀ ਪ੍ਰਾਪਤ ਹੋਇਆ ਸੀ। ਇਸ ਮੌਕੇ ਉੱਘੇ ਸਾਹਿਤਕਾਰ ਪਦਮ ਸ੍ਰੀ ਸੁਰਜੀਤ ਪਾਤਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵੀ.ਸੀ. ਡਾ. ਮਨਜੀਤ ਸਿੰਘ ਕੰਗ ਅਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ।