
ਮੁਕੇਰੀਆਂ ਦੇ ਪਿੰਡ ਕਾਲਾ ਮੰਝ ਦੀ ਰਹਿਣ ਵਾਲੀ ਪਾਰੁਲ ਭਾਰਦਵਾਜ ਨੂੰ ਐਮਆਈ-17 ਰਾਹੀਂ ਉਡਾਨ ਭਰਨ ਵਾਲੀ ਦੇਸ਼ ਦੀ ਪਹਿਲੀ ਮਹਿਲਾ ਪਾਇਲਟ ਬਣਨ ਦਾ ਮਾਣ ਹਾਸਲ ਹੋਇਆ ਹੈ।
ਮੁਕੇਰੀਆਂ: ਹੁਸ਼ਿਆਪੁਰ ਅਧੀਨ ਆਉਂਦੇ ਮੁਕੇਰੀਆਂ ਦੇ ਪਿੰਡ ਕਾਲਾ ਮੰਝ ਦੀ ਰਹਿਣ ਵਾਲੀ ਪਾਰੁਲ ਭਾਰਦਵਾਜ ਨੂੰ ਐਮਆਈ-17 ਹੈਲੀਕਾਪਟਰ ਰਾਹੀਂ ਉਡਾਨ ਭਰਨ ਵਾਲੀ ਦੇਸ਼ ਦੀ ਪਹਿਲੀ ਮਹਿਲਾ ਪਾਇਲਟ ਬਣਨ ਦਾ ਮਾਣ ਹਾਸਲ ਹੋਇਆ ਹੈ। ਪਾਰੁਲ ਦੀ ਇਸ ਪ੍ਰਾਪਤੀ ਨਾਲ ਪੂਰੇ ਦੇਸ਼ ਅਤੇ ਸਮੁੱਚੇ ਪਿੰਡ ਵਾਸੀਆਂ ਵਿਚ ਵੀ ਭਾਰੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਪਾਰੁਲ ਭਾਰਦਵਾਜ ਨੇ ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ 27 ਮਈ ਨੂੰ ਹੈਲੀਕਾਪਟਰ ਐਮਆਈ-17 ਵੀ5 'ਤੇ ਫਲਾਈਟ ਆਫ਼ਿਸਰ ਅਮਨ ਨਿਧੀ ਸਹਿ ਪਾਇਲਟ, ਫਲਾਈਟ ਲੈਫਟੀਨੈਂਟ ਹਿਨਾ ਜੈਸਵਾਲ, ਫਲਾਈਟ ਇੰਜੀਨਿਅਰ ਅਤੇ ਸਕਵਾਇਰਡਨ ਲੀਡਰ ਰਿਚਾ ਅਧਿਕਾਰੀ ਦੇ ਨਾਲ ਪਹਿਲੀ ਉਡਾਨ ਭਰੀ ਸੀ।
Parul Baharadwaj
ਫਲਾਇੰਗ ਲੈਫਟੀਨੈਂਟ ਪਾਰੁਲ ਭਾਰਦਵਾਜ ਦੇ ਪਿਤਾ ਜੋ ਪ੍ਰਵੀਨ ਕੁਮਾਰ ਪੰਜਾਬ ਰੋਡਵੇਜ ਵਿਚ ਤਾਇਨਾਤ ਨੇ ਅਤੇ ਮਾਤਾ ਪ੍ਰਿਯਾ ਭਾਰਦਵਾਜ ਅਪਣੀ ਬੇਟੀ ਦੀ ਪ੍ਰਾਪਤੀ 'ਤੇ ਕਾਫ਼ੀ ਖ਼ੁਸ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰੁਲ ਬਚਪਨ ਤੋਂ ਹੀ ਪੜ੍ਹਾਈ ਵਿਚ ਕਾਫ਼ੀ ਤੇਜ਼ ਸੀ। ਅਪਣੇ ਪਿੰਡ ਦੀ ਬੱਚੀ ਦੀ ਇਸ ਪ੍ਰਾਪਤੀ ਤੋਂ ਪਿੰਡ ਵਾਸੀਆਂ ਵਿਚ ਵੀ ਕਾਫ਼ੀ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਪਿੰਡ ਦੇ ਸਰਪੰਚ ਰਾਜਿੰਦਰ ਕੁਮਾਰ ਰਿੰਕੂ ਦਾ ਕਹਿਣਾ ਹੈ ਕਿ, ‘ਪਾਰੁਲ ਨੇ ਸਾਡੇ ਦੇ ਪਿੰਡ ਦਾ ਨਾਮ ਦੇਸ਼ ਭਰ ਵਿਚ ਰੌਸ਼ਨ ਕੀਤਾ ਹੈ ਅਤੇ ਸਾਨੂੰ ਉਸ 'ਤੇ ਮਾਣ ਹੈ’।
Parul Baharadwaj
ਉਧਰ ਪਾਰੁਲ ਦੇ ਸਕੂਲ ਚੇਅਰਮੈਨ ਪਰਮਜੀਤ ਸਿੰਘ ਨੇ ਵੀ ਪਾਰੁਲ ਦੀ ਤਾਰੀਫ਼ ਕਰਦਿਆਂ ਕਿਹਾ ਕਿ ’ਸਾਨੂੰ ਅਪਣੇ ਸਕੂਲ ਦੀ ਵਿਦਿਆਰਥਣ ਦੀ ਇਸ ਪ੍ਰਾਪਤੀ 'ਤੇ ਮਾਣ ਹੈ’। ਦਸ ਦਈਏ ਕਿ ਪਾਰੁਲ ਭਾਰਦਵਾਜ 20 ਜੂਨ 2015 ਨੂੰ ਭਾਰਤੀ ਹਵਾਈ ਫ਼ੌਜ ਵਿਚ ਭਰਤੀ ਹੋਈ ਸੀ। ਇਸ ਵੱਡੀ ਪ੍ਰਾਪਤੀ ਤੋਂ ਬਾਅਦ ਪਾਰੁਲ ਇਸ ਸਮੇਂ ਵੈਟਸਟਰਨ ਏਅਰ ਕਮਾਂਡਰ ਵਜੋਂ ਗੁਜਰਾਤ ਦੇ ਜਾਮਨਗਰ ਵਿਚ ਤਾਇਨਾਤ ਹੈ।