
ਕਾਂਗਰਸੀ ਆਗੂਆਂ ਦਾ ਹਰਸਿਮਰਤ ਬਾਦਲ 'ਤੇ ਪਲਟਵਾਰ
ਚੰਡੀਗੜ੍ਹ: ਕੇਂਦਰੀ ਮੰਤਰੀ ਹਰਸਿਮਰਤ ਬਾਦਲ ਵੱਲੋਂ ਕਥਿਤ ਬੀਜ ਘੋਟਾਲੇ ਬਾਰੇ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਉਣ ਦੀ ਮੰਗ ਉਤੇ ਪਲਟਵਾਰ ਕਰਦਿਆਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਹਰਸਿਮਰਤ ਜੇ ਸੱਚੇ ਦਿਲੋਂ ਪੰਜਾਬ ਤੇ ਪੰਜਾਬੀਆਂ ਦੀ ਹਿਤੈਸ਼ੀ ਹੈ ਤਾਂ ਡਰੱਗ ਤਸਕਰੀ ਕੇਸ ਵਿੱਚ ਆਪਣੇ ਭਰਾ ਬਿਕਰਮ ਮਜੀਠੀਆ ਦੀ ਬੰਦ ਪਈ ਜਾਂਚ ਮੁੜ ਸ਼ੁਰੂ ਕਰਵਾਏ ਤਾਂ ਜੋ ਪੰਜਾਬ ਦੀ ਜਵਾਨੀ ਬਰਬਾਦ ਕਰਨ ਵਾਲਿਆਂ ਦਾ ਚਿਹਰਾ ਨੰਗਾ ਹੋ ਸਕੇ।
Harsimrat Kaur Badal
ਇਥੇ ਪਾਰਟੀ ਹੈਡਕੁਆਟਰ ਤੋਂ ਜਾਰੀ ਸਾਂਝੇ ਪ੍ਰੈਸ ਬਿਆਨ ਵਿੱਚ ਕਾਂਗਰਸੀ ਵਿਧਾਇਕਾਂ ਦਰਸ਼ਨ ਸਿੰਘ ਬਰਾੜ, ਬਰਿੰਦਰਮੀਤ ਸਿੰਘ ਪਾਹੜਾ, ਕੁਲਬੀਰ ਸਿੰਘ ਜ਼ੀਰਾ, ਰਵਿੰਦਰ ਸਿੰਘ ਆਵਲਾ, ਦਵਿੰਦਰ ਸਿੰਘ ਘੁਬਾਇਆ (ਸਾਰੇ ਐਮ.ਐਲ.ਏਜ਼) ਤੇ ਪ੍ਰੀਤਮ ਸਿੰਘ ਕੋਟਭਾਈ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਪੰਜਾਬ ਦੇ ਹਿੱਤਾਂ ਨੂੰ ਛਿੱਕੇ ਟੰਗ ਕੇ ਕੇਂਦਰ ਵਿੱਚ ਮੰਤਰੀ ਬਣਾਈ ਹਰਸਿਮਰਤ ਬਾਦਲ ਦੀ ਯਾਦਸ਼ਾਤ ਵੀ ਬੜੀ ਕਮਜ਼ੋਰ ਹੈ।
Sukhbir Singh Badal And Parkash Singh Badal
ਅੱਜ ਉਹ ਕਥਿਤ ਬੀਜ ਘੋਟਾਲੇ ਵਿੱਚ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਉਣ ਦੀ ਮੰਗ ਕਰ ਰਹੀ ਹੈ ਪਰ ਇਹ ਭੁੱਲ ਗਈ ਹੈ ਕਿ ਆਪਣੇ ਭਰਾ ਬਿਕਰਮ ਮਜੀਠੀਆ ਖਿਲਾਫ ਡਰੱਗ ਤਸਕਰੀ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਜਾਂਚ ਨੂੰ ਆਪਣਾ ਰਸੂਖ ਵਰਤ ਤੇ ਬੰਦ ਕਰਵਾਇਆ ਸੀ।
Enforcement Directorate
ਹਰਸਿਮਰਤ ਦੇ ਦੋਹਰੇ ਮਾਪਦੰਡ ਨੂੰ ਉਜਾਗਰ ਕਰਦਿਆਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਪਿਛਲੇ ਛੇ ਸਾਲਾਂ ਤੋਂ ਹਰਸਿਮਰਤ ਨੇ ਕੇਂਦਰੀ ਮੰਤਰੀ ਦੇ ਤੌਰ 'ਤੇ ਪੰਜਾਬ ਨੂੰ ਇਕ ਪੈਸੇ ਦਾ ਵੀ ਫਾਇਦਾ ਨਹੀਂ ਕੀਤਾ। ਉਲਟਾ ਹਰਸਿਮਰਤ ਨੇ ਆਪਣੇ ਭਰਾ ਦੀ ਈ.ਡੀ.ਜਾਂਚ ਬੰਦ ਕਰਵਾਈ ਅਤੇ ਪੰਜਾਬ ਖਿਲਾਫ ਹਰ ਕੇਂਦਰ ਸਰਕਾਰ ਦੇ ਫੈਸਲੇ ਵਿੱਚ ਵਧ-ਚੜ੍ਹ ਕੇ ਭੂਮਿਕਾ ਨਿਭਾਈ।
Bikram Singh Majithia
ਕਾਂਗਰਸੀ ਆਗੂਆਂ ਨੇ ਕਿਹਾ ਕਿ ਅਕਾਲੀ ਦਲ 'ਤੇ ਕਾਬਜ਼ ਬਾਦਲ-ਮਜੀਠੀਆ ਪਰਿਵਾਰ ਆਪਣੀ ਖੁੱਸਿਆ ਸਿਆਸੀ ਵੱਕਾਰ ਮੁੜ ਬਹਾਲ ਕਰਨ ਲਈ ਨਿੱਤ ਦਿਨ ਬਿਨਾਂ ਸਿਰ ਪੈਰ ਦੇ ਕਾਂਗਰਸੀ ਆਗੂਆਂ ਉਤੇ ਤੱਥ ਰਹਿਤ ਦੋਸ਼ ਲਾਉਂਦਾ ਰਹਿੰਦਾ ਹੈ। ਉਹਨਾਂ ਕਿਹਾ ਕਿ ਅਜਿਹੀਆਂ ਕੋਝੀਆਂ ਹਰਕਤਾਂ ਨਾਲ ਅਕਾਲੀ ਦਲ ਆਪਣਾ ਗੁਆਚਿਆ ਲੋਕ ਆਧਾਰ ਨਹੀਂ ਬਹਾਲ ਕਰ ਸਕੇਗਾ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਬਾਦਲਾਂ ਦੇ ਝੂਠ ਅਤੇ ਫਰੇਬ ਤੋਂ ਭਲੀਭਾਂਤ ਜਾਣੂੰ ਹਨ ਅਤੇ ਉਹਨਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਗੇ।