
ਕਰਫ਼ਿਊ, ਤਾਲਾਬੰਦੀ ਦੇ ਤਸੀਹੇ ਉਪਰੰਤ, ਦਰਜਨਾਂ ਲੋਕਾਂ ਦਾ ਖੁੱਸਿਆ ਰੁਜ਼ਗਾਰ
ਰੂਪਨਗਰ- ਇਤਿਹਾਸਕ ਸ਼ਹਿਰ ਸ਼੍ਰੀ ਚਮਕੌਰ ਸਾਹਿਬ ਵਿਖੇ, ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਤਰਜ 'ਤੇ ਬਹੁਕਰੋੜੀ ਲਾਗਤ ਨਾਲ ਬਣਨ ਵਾਲਾ ਗਲਿਆਰਾ ਬਣਨਾ ਅਰੰਭ ਕਰ ਦਿੱਤਾ ਗਿਆ ਹੈ। ਬੀਤੇ ਦਿਨ ਕੈਬਨਿਟ ਮੰਤਰੀ ਸ ਚਰਨਜੀਤ ਸਿੰਘ ਚੰਨੀ ਨੇ ਇਹ ਸ਼ੁਰੂਆਤ ਕਰਵਾਈ ਸੀ। ਇਸ ਸ਼ੁਰੂਆਤ ਨੇ ਸ਼ਹਿਰ ਦੇ ਸਮੁੱਚੇ ਦੁਕਾਨਦਾਰਾਂ ਨੂੰ ਪ੍ਰੇਸ਼ਾਨੀ ਵਿੱਚ ਪਾ ਦਿੱਤਾ ਹੈ। ਦੁਕਾਨਾਂ ਦੀਆਂ ਦੇਹਲੀਆਂ 'ਤੇ ਵਿਭਾਗ ਦਾ ਘਣ ਚੱਲ ਰਿਹਾ ਹੈ। ਦੁਕਾਨਾ ਦੇ ਸ਼ੈੱਡ ਉਤਰਵਾ ਦਿੱਤੇ ਗਏ ਹਨ ਜਾਂ ਜਬਰੀ ਲਾਹੇ ਜਾ ਰਹੇ ਹਨ।
File
ਖੋਖੇ ਲਾ ਕੇ ਆਪੋ ਆਪਣੀ ਉੱਪਜੀਵਕਾ ਕਮਾਉਣ ਵਾਲੇ ਛੋਟੇ ਦੁਕਾਨਦਾਰ ਤਾਂ ਖਾਸ ਤੌਰ 'ਤੇ ਹੀ ਪ੍ਰਭਾਵਤ ਹੋਏ ਹਨ। ਦਰਜਨਾਂ ਖੋਖੋ ਚੁਕਵਾ ਵੀ ਦਿੱਤੇ ਹਨ, ਦਰਜਨਾ ਤੋੜ ਵੀ ਦਿੱਤੇ ਹਨ। ਪੁਲਿਸ ਦੀ ਛਤਰੀ ਹੇਠ ਇਹ ਤੋੜ ਭੰਨ ਕਰਦਿਆਂ ਅਜਿਹਾ ਪ੍ਰਦਰਸ਼ਨ ਕੀਤਾ ਗਿਆ ਜਿਵੇਂ ਇਹ ਦੁਕਾਨਦਾਰ ਕਿਸੇ ਦੁਸ਼ਮਣ ਦੇਸ਼ ਦੇ ਹੋਣ। ਬਜ਼ੁਰਗ ਸੰਗਤ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਕਈ ਸਾਲ ਪਹਿਲਾਂ ਬੱਸ ਸਟੈਂਡ ਵਿਖੇ ਖੋਖਾ ਰੱਖਿਆ ਹੋਇਆ ਸੀ, ਜਿਸ ਵਿੱਚ ਉਹ ਮਨਿਆਰੀ ਅਤੇ ਖਿਲੌਣੇ ਵੇਚਣ ਦਾ ਕੰਮ ਕਰਦਾ ਸੀ।
File
ਪ੍ਰੰਤੂ ਨਗਰ ਪੰਚਾਇਤ ਦੇ ਅਧਿਕਾਰੀਆਂ ਵੱਲੋਂ ਕੋਈ ਨੋਟਿਸ ਦਿੱਤੇ ਬਿਨ੍ਹਾਂ ਅੱਜ ਉਸ ਦਾ ਖੋਖਾ ਜੇਸੀਬੀ ਮਸ਼ੀਨ ਨਾਲ ਤੋੜ ਦਿੱਤਾ ਗਿਆ, ਜਿਸ ਤੇ ਉਸ ਦਾ 25 ਹਜ਼ਾਰ ਰੁਪਏ ਦੇ ਕਰੀਬ ਨੁਕਸਾਨ ਹੋ ਗਿਆ। ਇਸ ਤੋਂ ਇਲਾਵਾ ਸੰਧੂਆਂ ਚੌਂਕ ਵਿੱਚ ਗੋਪਾਲੀ ਟਾਇਰਾਂ ਵਾਲੇ ਨੇ ਦੱਸਿਆ ਕਿ ਉਸ ਨੇ ਖੋਖਾ ਖਾਲੀ ਕਰ ਦਿੱਤਾ ਸੀ ਅਤੇ ਸਿਰਫ ਖੋਖੇ ਵਿੱਚ ਇੰਝਣ ਤੇ ਹਵਾ ਵਾਲੀ ਮਸ਼ੀਨ ਹੀ ਚੁੱਕਣ ਤੋਂ ਰਹਿੰਦੀ ਸੀ, ਪ੍ਰੰਤੂ ਪੰਚਾਇਤ ਦੇ ਅਧਿਕਾਰੀਆਂ ਨੇ ਉਸ ਦਾ ਖੋਖਾ ਮਸ਼ੀਨ ਨਾਲ ਮਿੰਟਾਂ ਵਿੱਚ ਹੀ ਤੋੜ ਦਿੱਤਾ, ਜਦੋਂ ਕਿ ਉਸ ਨੇ ਦੋ ਘੰਟੇ ਵਿੱਚ ਖੋਖਾ ਚੁੱਕਣ ਲਈ ਬੇਨਤੀ ਕੀਤੀ ਪਰ ਕਿਸੇ ਨੇ ਉਸ ਦੀ ਇੱਕ ਨਾ ਸੁਣੀ।
File
ਅੱਥਰੂ ਕਰਦਿਆਂ ਇੱਕ ਦੁਕਾਨਦਾਰ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਰੁਜ਼ਗਾਰ ਨੂੰ ਤਾਂ ਪਹਿਲਾਂ ਹੀ ਕੋਰੋਨਾ ਕਹਿਰ ਨੇ ਤੋੜ ਕੇ ਰੱਖ ਦਿੱਤਾ ਸੀ ਪਰ ਹੁਣ ਤਾਂ ਉਹ ਕਿਸੇ ਪਾਸੇ ਦੇ ਵੀ ਨਹੀਂ ਰਹੇ। ਉਹ ਪੁੱਛ ਰਿਹਾ ਸੀ ਕਿ ਉਹ ਆਪਣੇ ਘਰ ਦਾ ਗੁਜ਼ਾਰਾ ਕਿਵੇਂ ਕਰੇ ਅਤੇ ਕਰਜ਼ੇ ਦੀਆਂ ਕਿਸਤਾਂ ਕਿਵੇ ਭਰੇ। ਇੱਕ ਹੋਰ ਦੁਕਾਨਦਾਰ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਤਾਂ ਯੂਗਾਂਡਾ ਦੇ ਨਿਰਦਈ ਹਾਕਮ 'ਈਦੀ ਅਮੀਨ' ਵੀ ਨਹੀਂ ਸੀ ਕੀਤੀ। ਦੁਕਾਨਦਾਰਾਂ ਅਨੁਸਾਰ ਉਹ ਵਿਕਾਸ ਦੇ ਹੱਕ ਵਿੱਚ ਹਨ ਪਰ ਉਨ੍ਹਾਂ ਨੂੰ ਆਪੋ ਆਪਣਾ ਕਾਰੋਬਾਰ ਸਮੇਟਣ ਦਾ ਮੌਕਾ ਦੇਣਾ ਚਾਹੀਦਾ ਸੀ, ਢਾਹੁਣ ਅਤੇ ਖੋਖੇ ਹਣਾਉਣ ਦਾ ਮੌਕਾ ਹੀ ਨਹੀਂ ਦੇਣਾ ਚਾਹੀਦਾ ਸੀ ਸਗੋਂ ਉਨ੍ਹਾਂ ਦੇ ਰੁਜ਼ਗਾਰ ਦਾ ਵੀ ਪ੍ਰਬੰਧ ਕਰਨ ਚਾਹੀਦਾ ਸੀ।
File
ਦੁਕਾਨਦਾਰਾਂ ਦਾ ਰੋਸ ਹੈ ਕਿ ਅਜਿਹਾ ਕਰਨ ਤੋਂ ਪਹਿਲਾਂ ਜਿੱਥੇ ਉਨ੍ਹਾਂ ਨੂੰ ਭਰੋਸੇ ਵਿੱਚ ਲੈਣਾ ਚਾਹੀਦਾ ਸੀ ਉੱਥੇ ਮੁਨਿਆਦੀ ਵੀ ਕਰਾਉਣੀ ਚਾਹੀਦੀ ਸੀ। ਦਰਜਨਾਂ ਪ੍ਰਭਾਵਤ ਦੁਕਾਨਦਾਰਾਂ ਨੇ ਇਹ ਦੋਸ਼ ਵੀ ਲਾਇਆ ਕਿ ਉਨ੍ਹਾਂ ਦੀਆਂ ਦੁਕਾਨਾਂ ਨੂੰ ਰਾਜਸੀ ਪੱਖੋਂ ਵੀ ਨਿਸ਼ਾਨਾ ਬਣਾਇਆ ਗਿਆ ਹੈ ਜਦੋਂ ਕਿ ਹਾਕਮ ਪਾਰਟੀ ਨਾਲ ਸਬੰਧਤ ਦੁਕਾਨਦਾਰਾਂ ਨੂੰ ਆਪੋ ਆਪਣਾ ਸਮਾਨ ਸਾਂਭਣ ਦਾ ਪੂਰਾ ਮੌਕਾ ਦਿੱਤਾ ਗਿਆ ਹੈ। ਦੁਕਾਨਦਾਰਾਂ ਨੇ ਅਫਸੋਸ ਪ੍ਰਗਟ ਕੀਤਾ ਹੈ ਕਿ ਗਲਿਆਰੇ ਦੇ ਨਾਂ 'ਤੇ ਉਨ੍ਹਾਂ ਨਾਲ ਜੱਗੋਂ ਤੇਰਵੀਂ ਕੀਤੀ ਜਾ ਰਹੀ ਹੈ ਕਿਉਂਕਿ ਸ਼ਹਿਰ ਦੇ ਦੁਕਾਨਦਾਰਾਂ 'ਤੇ ਇੱਕੋ ਵਾਰ ਵਿਭਾਗੀ ਆਫਤ ਟੁੱਟ ਪਈ ਹੈ।
File
ਮੰਗ ਕੀਤੀ ਗਈ ਹੈ ਕਿ ਖੋਖਿਆਂ ਵਾਲੇ ਜਿਨ੍ਹਾਂ ਛੋਟੇ ਦੁਕਾਨਦਾਰਾਂ ਨੂੰ ਉਜਾੜਿਆ ਗਿਆ ਹੈ, ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ ਅਤੇ ਉਨ੍ਹਾਂ ਲਈ ਰੁਜ਼ਗਾਰ ਦਾ ਢੁਕਵਾਂ ਪ੍ਰਬੰਧ ਕੀਤਾ ਜਾਵੇ। ਦੂਜੇ ਪਾਸੇ ਨਗਰ ਪੰਚਾਇਤ ਦੇ ਕਾਰਜਸਾਧਕ ਅਫਸਰ ਰਜਨੀਸ਼ ਸੂਦ ਨੇ ਦੱਸਿਆ ਕਿ ਇਨ੍ਹਾਂ ਖੋਖਾ ਮਾਲਕਾਂ ਨੂੰ ਕਈ ਦਿਨਾਂ ਤੋਂ ਹਦਾਇਤਾਂ ਕੀਤੀਆਂ ਸਨ ਕਿ ਉਹ ਆਪੋ-ਆਪਣੇ ਖੋਖੇ ਚੁੱਕ ਲੈਣ, ਨਹੀਂ ਤਾਂ ਸਰਕਾਰ ਦੇ ਹੁਕਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਕਾਰਵਾਈ ਅਧੀਨ ਜਿਹੜੇ ਮਾਲਕਾਂ ਵੱਲੋਂ ਖੋਖੇ ਨਹੀਂ ਚੁੱਕੇ ਗਏ, ਉਨ੍ਹਾਂ ਨੂੰ ਹੀ ਕਾਰਵਾਈ ਅਧੀਨ ਲਿਆਂਦਾ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।