
ਭਾਜਪਾ ਦੇ ਸੰਸਦ ਮੈਂਬਰਾਂ, ਵਿਧਾਇਕਾਂ, ਨੁਮਾਇੰਦਿਆਂ ਦੇ ਦਫ਼ਤਰਾਂ ਅੱਗੇ ਕਾਨੂੰਨਾਂ ਦੀਆਂ ਕਾਪੀਆਂ ਸਾੜਨਗੇ ਕਿਸਾਨ
ਚੰਡੀਗੜ੍ਹ (ਭੁੱਲਰ) : ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ 'ਚ ਫ਼ੈਸਲਾ ਕੀਤਾ ਗਿਆ ਕਿ 5 ਜੂਨ ਨੂੰ 'ਸੰਪੂਰਨ ਕ੍ਰਾਂਤੀ ਦਿਵਸ' ਵਜੋਂ ਮਨਾਇਆ ਜਾਵੇਗਾ | ਪਿਛਲੇ ਸਾਲ ਇਸੇ ਦਿਨ ਖੇਤੀ-ਕਾਨੂੰਨ ਆਰਡੀਨੈਂਸ ਲਿਆਂਦੇ ਗਏ ਸਨ | ਇਸੇ ਦਿਨ ਹੀ 5 ਜੂਨ, 1974 ਨੂੰ ਜੈਪ੍ਰਕਾਸ਼ ਨਾਰਾਇਣ ਨੇ ਸੰਪੂਰਨ ਕ੍ਰਾਂਤੀ ਦਾ ਨਾਹਰਾ ਦਿੰਦਿਆਂ ਦੇਸ਼ ਵਿਚ ਇਕ ਵਿਸ਼ਾਲ ਜਨ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ |
Farmers Protest
ਸੰਯੁਕਤ ਕਿਸਾਨ ਮੋਰਚਾ ਨੇ ਸਾਰੇ ਦੇਸ ਵਾਸੀਆਂ ਨੂੰ ਇਸ ਦਿਨ ਕਿਸਾਨੀ ਅੰਦੋਲਨ ਵਿਚ ਅਪਣਾ ਸਮਰਥਨ ਜਾਰੀ ਰਖਣ ਦੀ ਅਪੀਲ ਕੀਤੀ ਅਤੇ ਭਾਜਪਾ ਸੰਸਦ ਮੈਂਬਰ, ਵਿਧਾਇਕਾਂ ਅਤੇ ਹੋਰ ਨੁਮਾਇੰਦਿਆਂ ਦੇ ਘਰਾਂ ਅੱਗੇ ਖੇਤੀਬਾੜੀ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਦੀ ਅਪੀਲ ਕੀਤੀ | ਮੋਰਚੇ ਨੇ ਸੰਪੂਰਨ ਕ੍ਰਾਂਤੀ ਦਿਵਸ ਸਬੰਧੀ ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਕ ਸੰਪੂਰਨ ਇਨਕਲਾਬ ਲਈ ਪ੍ਰਣ ਲੈਣ | ਕੇਂਦਰ ਦੀ ਮੋਦੀ ਸਰਕਾਰ ਵਿਰੁਧ ਹੋਰ ਵਿਸ਼ਾਲ-ਲਹਿਰ ਖੜੀ ਕਰਨ ਤਾਕਿ ਖੇਤੀ ਕਾਨੂੰਨ ਰੱਦ ਕਰਨ ਲਈ ਸਰਕਾਰ ਨੂੰ ਮਜਬੂਰ ਕੀਤਾ ਜਾ ਸਕੇ |
Farmers to observe June 5 as 'Sampoorna Kranti Divas
ਅੱਜ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਜਾਣੇ ਜਾਂਦੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੀ ਬਰਸੀ ਹੈ | ਸੰਯੁਕਤ ਕਿਸਾਨ ਮੋਰਚਾ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹੈ ਅਤੇ ਖੇਤੀ ਸੈਕਟਰ, ਕਿਸਾਨਾਂ ਅਤੇ ਪਿੰਡਾਂ ਦੇ ਵਿਕਾਸ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਸਲਾਮ ਕਰਦਾ ਹੈ | ਚੌਧਰੀ ਚਰਨ ਸਿੰਘ ਸੱਚਮੁਚ ਦੇਸ਼ ਨੂੰ 'ਆਤਮਨਿਰਭਰ' ਬਣਾਉਣਾ ਚਾਹੁੰਦੇ ਸਨ, ਜਿਸ ਵਿਚ ਕਿਸਾਨ-ਮਜ਼ਦੂਰ ਅਤੇ ਪਿੰਡ ਦੇ ਲੋਕ ਖ਼ੁਸ਼ਹਾਲੀ ਨਾਲ ਰਹਿ ਸਕਣ | ਅੱਜ ਕੇਂਦਰ ਦੀ ਮੋਦੀ ਸਰਕਾਰ ਆਤਮਨਿਰਭਰ ਭਾਰਤ ਦਾ ਝੂਠਾ ਨਾਅਰਾ ਦੇ ਕੇ ਕਾਰਪੋਰੇਟਾਂ ਦੀ ਸਰਕਾਰ ਸਾਬਤ ਹੋ ਰਹੀ ਹੈ, ਜਿਥੇ ਉਹ ਕਿਸਾਨਾਂ ਅਤੇ ਮਜ਼ਦੂਰਾਂ ਦੀ ਗੱਲ ਹੀ ਨਹੀਂ ਸੁਣਦੀ |
PM Modi
ਕਿਸਾਨ ਆਗੂਆਂ ਨੇ ਦਿੱਲੀ ਵਿਖੇ ਕਿਸਾਨ ਘਾਟ ਪਹੁੰਚ ਕੇ ਚੌਧਰੀ ਜੀ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ |ਪੰਜਾਬ ਤੋਂ ਕਿਸਾਨਾਂ ਦੇ ਜਥਿਆਂ ਦਾ ਸਿੰਘੂ ਅਤੇ ਟਿਕਰੀ ਆਉਣਾ ਜਾਰੀ ਹੈ, ਅੱਜ ਵੀ ਦੋਆਬੇ ਤੋਂ ਕਿਸਾਨਾਂ ਦਾ ਇਕ ਵਿਸ਼ਾਲ ਜਥਾ ਸਿੰਘੂ ਪਹੁੰਚਿਆ ਅਤੇ ਕਿਸਾਨਾਂ ਨੇ ਖੇਤੀ ਕਾਨੂੰਨ ਰੱਦ ਕਰਵਾਉਣ ਤਕ ਸੰਘਰਸ਼ ਜਾਰੀ ਰੱਖਣ ਦਾ ਪ੍ਰਣ ਕੀਤਾ |
ਪੰਜਾਬ ਤੋਂ ਵੈੱਬ ਚੈੱਨਲ 'ਅੱਖ਼ਰ' ਲਈ ਕੰਮ ਕਰਦੇ ਪੱਤਰਕਾਰ ਰਵੀ ਦੇ ਅਚਾਨਕ ਵਿਛੋੜੇ 'ਤੇ ਸੰਯੁਕਤ ਕਿਸਾਨ ਮੋਰਚਾ ਦੁਖ ਦਾ ਇਜ਼ਹਾਰ ਕਰਦਾ ਹੈ | ਨੌਜਵਾਨ ਪੱਤਰਕਾਰ ਰਵੀ ਸ਼ੁਰੂ ਤੋਂ ਹੀ ਦਿੱਲੀ ਦੇ ਕਿਸਾਨ ਮੋਰਚੇ ਲਈ ਕੰਮ ਕਰ ਰਿਹਾ ਸੀ | ਇਹ ਨਾ ਸਿਰਫ਼ ਉਸ ਦੇ ਪਰਵਾਰ ਲਈ ਘਾਟਾ ਹੈ, ਸਗੋਂ ਕਿਸਾਨੀ-ਸੰਘਰਸ਼ ਲਈ ਵੀ ਵੱਡਾ ਘਾਟਾ ਹੈ |