
ਬਲਾਕ ਮਾਹਿਲਪੁਰ ਦੇ ਪਿੰਡ ਚੱਕ ਨਾਰੀਅਲ ਵਿਖੇ ਇਕ 39 ਸਾਲਾ ਕਿਸਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਮਾਹਿਲਪੁਰ (ਕੁਲਵਿੰਦਰ ਹੈਪੀ): ਬਲਾਕ ਮਾਹਿਲਪੁਰ ਦੇ ਪਿੰਡ ਚੱਕ ਨਾਰੀਅਲ ਵਿਖੇ ਇਕ 39 ਸਾਲਾ ਕਿਸਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਕਰਜ਼ੇ ਤੋਂ ਦੁਖੀ ਕਿਸਾਨ ਹਰਮੇਸ਼ ਸਿੰਘ ਪੁੱਤਰ ਜਗਤ ਸਿੰਘ ਨੇ ਪਿੰਡ ਲਲਵਾਨ ਸਥਿਤ ਅਪਣੇ ਖੇਤਾਂ ਵਿਚ ਟਰਾਂਸਫ਼ਾਰਮਰ ਨਾਲ ਫਾਹਾ ਲੈ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ।
Farmer suicide
ਪ੍ਰਾਪਤ ਜਾਣਕਾਰੀ ਅਨੁਸਾਰ ਸਤਨਾਮ ਕੌਰ ਵਾਸੀ ਚੱਕ ਨਰਿਆਲ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦੇ ਪਤੀ ਨੇ ਖ਼ੇਤੀ ਵਿਚ ਪੈ ਰਹੇ ਘਾਟੇ ਕਾਰਨ ਮਾਹਿਲਪੁਰ ਦੀ ਇਕ ਬੈਂਕ ਤੋਂ ਕਰਜ਼ਾ ਲਿਆ ਸੀ| ਉਸ ਨੇ ਦੱਸਿਆ ਕਿ ਕਿਸ਼ਤਾਂ ਸਮੇਂ ਸਿਰ ਜਮ੍ਹਾਂ ਨਾ ਹੋਣ ਕਾਰਨ ਬੈਂਕ ਵਾਲੇ ਲਗਾਤਾਰ ਉਹਨਾਂ ਦੇ ਘਰ ਚੱਕਰ ਕੱਟ ਰਹੇ ਹਨ ਜਿਸ ਕਾਰਨ ਹਰਮੇਸ਼ ਸਿੰਘ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿਣ ਲੱਗ ਪਿਆ|
Farmer
ਹਰਮੇਸ਼ ਸਿੰਘ ਨੇ ਬੈਂਕ ਤੋਂ ਚਾਰ ਲੱਖ਼ ਰੁਪਏ ਦਾ ਕਰਜ਼ਾ ਲਿਆ ਹੋਇਆ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਰਮੇਸ਼ ਸਿੰਘ ਸਵੇਰੇ ਘਰੋਂ ਰੋਟੀ ਖ਼ਾ ਕੇ ਚਲਾ ਗਿਆ ਅਤੇ ਸਾਰਾ ਦਿਨ ਵਾਪਿਸ ਨਾ ਮੁੜਿਆ। ਸ਼ਾਮ ਨੂੰ ਪਤਾ ਲੱਗਿਆ ਕਿ ਉਸ ਨੇ ਟਿਊਬਵੈੱਲ ਦੇ ਨਾਲ ਲੱਗੇ ਬਿਜਲੀ ਦੇ ਟਰਾਂਸਫ਼ਾਰਮਰ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
Farmer suicide
ਮ੍ਰਿਤਕ ਕਿਸਾਨ ਦੇ ਦੋ ਲੜਕੇ ਹਨ ਜਿਨ੍ਹਾਂ ਦੀ ਉਮਰ 12 ਸਾਲ ਅਤੇ 9 ਸਾਲ ਹੈ। ਥਾਣਾ ਮਾਹਿਲਪੁਰ ਦੀ ਪੁਲਿਸ ਨੇ 174 ਦੀ ਕਾਰਵਾਈ ਕਰਕੇ ਲਾਸ਼ ਪੋਸਟਮਾਰਟਮ ਲਈ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |