
ਨਗਰ ਕੌਂਸਲ ਦੀ ਇਸ ਮੀਟਿੰਗ 'ਚ ਕੁੱਲ 15 ਮਤੇ ਪਾਸ ਹੋਣੇ ਸਨ, ਮੀਟਿੰਗ 'ਚ 9 ਮਤੇ ਪਾਸ ਹੋਏ ਸਨ ਕਿ ਦਸਵੇਂ 'ਤੇ.......
ਸ੍ਰੀ ਮੁਕਤਸਰ ਸਾਹਿਬ : ਨਗਰ ਕੌਂਸਲ ਦੀ ਇਸ ਮੀਟਿੰਗ 'ਚ ਕੁੱਲ 15 ਮਤੇ ਪਾਸ ਹੋਣੇ ਸਨ, ਮੀਟਿੰਗ 'ਚ 9 ਮਤੇ ਪਾਸ ਹੋਏ ਸਨ ਕਿ ਦਸਵੇਂ 'ਤੇ ਆ ਕੇ ਹੰਗਾਮਾ ਖੜਾ ਹੋ ਗਿਆ। ਇਸ ਮਤੇ 'ਚ ਸ਼ਹਿਰ 'ਚ ਸਫ਼ਾਈ ਦੇ ਲਈ ਨਵੇਂ ਰਿਕਸ਼ੇ ਖਰੀਦਣ ਦੀ ਗੱਲ ਚੱਲ ਰਹੀ ਸੀ। ਜਿਸ ਨੂੰ ਲੈ ਕੇ ਕੌਂਸਲਰ ਤੇਜਿੰਦਰ ਸਿੰਘ ਜਿੰਮੀ ਖੜੇ ਹੋ ਕੇ ਗੱਲ ਕਰ ਰਹੇ ਸਨ। ਦੂਜੇ ਪਾਸੇ ਸੈਨੇਟਰੀ ਇੰਸਪੈਕਟਰ ਪਰਮਜੀਤ ਸਿੰਘ ਅਤੇ ਨਾਲ ਹੀ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ ਦੀਪਾ ਗੱਲ ਕਰ ਰਹੇ ਸਨ।
ਤੇਜਿੰਦਰ ਸਿੰਘ ਜਿੰਮੀ ਗੱਲ ਕਰ ਰਹੇ ਸਨ ਤਾਂ ਦੀਪਾ ਨੇ ਦੋ ਵਾਰ ਆਪਣੀ ਗੱਲ ਕਹਿਣੀ ਚਾਹੀ। ਜਿਸ ਨੂੰ ਜਿੰਮੀ ਨੇ ਤਲਖੀ ਨਾਲ ਟੋਕ ਦਿੱਤਾ। ਜਿਸ ਕਾਰਨ ਪ੍ਰਧਾਨ ਨੇ ਇਤਰਾਜ ਜਿਤਾਇਆ। ਇਸ ਦੌਰਾਨ ਹੀ ਜਿੰਮੀ ਗੁੱਸੇ ਨਾਲ ਪ੍ਰਧਾਨ ਦੀਪਾ ਦੇ ਵੱਲ ਵਧੇ ਅਤੇ ਗੁੱਸੇ 'ਚ ਬੋਲੇ। ਇਸ ਗੱਲ 'ਤੇ ਦੋਨਾਂ 'ਚ ਕਾਫ਼ੀ ਗਹਿਮਾ ਗਹਿਮੀ ਹੋ ਗਈ। ਮੌਕੇ 'ਤੇ ਬੈਠੇ ਦੂਜੇ ਸਫ਼ਾਈ ਕਰਮਚਾਰੀਆਂ ਨੇ ਜਿੰਮੀ ਨੂੰ ਲਲਕਾਰਦੇ ਹੋਏ ਮੀਟਿੰਗ ਵਾਲੇ ਕਮਰੇ ਤੋਂ ਬਾਹਰ ਆਉਣ ਨੂੰ ਕਿਹਾ।
ਪਰ ਕੌਂਸਲਰਾਂ ਤੇ ਹੋਰਾਂ ਨੇ ਪ੍ਰਧਾਨ ਨੂੰ ਸਮਝਾ ਕੇ ਬਾਹਰ ਭੇਜ ਦਿੱਤਾ। ਪਰ ਬਾਹਰ ਜਾਂਦੇ ਹੀ ਉਸ ਨੇ ਆਪਣੇ ਦੂਜੇ ਸਾਥੀਆਂ ਨੂੰ ਫੋਨ ਮਾਰ ਦਿੱਤਾ। ਕੁਝ ਹੀ ਸਮੇਂ 'ਚ ਦੋ ਦਰਜ਼ਨ ਦੇ ਕਰੀਬ ਸਫ਼ਾਈ ਸੇਵਕ ਇਕੱਤਰ ਹੋ ਗਏ। ਉਹਨਾਂ ਨੇ ਕੌਂਸਲ ਦੇ ਬਾਹਰੀ ਗੇਟ ਨੂੰ ਤਾਲਾ ਲਗਾ ਦਿੱਤਾ। ਕੌਂਸਲ 'ਚ ਹੀ ਉਚੀ ਉਚੀ ਗਾਲੀ ਗਲੋਚ ਕਰਦੇ ਹੋਏ ਜਿੰਮੀ ਨੂੰ ਬਾਹਰ ਆਉਣ ਨੂੰ ਕਹਿੰਦੇ ਰਹੇ। ਕਰੀਬ ਦੋ ਘੰਟੇ ਚੱਲੇ ਇਸ ਹੰਗਾਮੇ ਦੇ ਬਾਅਦ ਅੰਤ 'ਚ ਸਾਰੇ ਕੌਂਸਲਰਾਂ ਤੇ ਸਫ਼ਾਈ ਸੇਵਕਾਂ ਦੇ ਸਾਹਮਣੇ ਜਿੰਮੀ ਨੇ ਮਾਫ਼ੀ ਮੰਗ ਕੇ ਆਪਣਾ ਖਹਿੜਾ ਛੁਡਵਾਇਆ।