
ਕੁੱਝ ਅਣਪਛਾਤੇ ਚੋਰਾਂ ਵਲੋਂ ਸ਼ੁਕਰਵਾਰ ਸਵੇਰੇ 3.39 ਮਿਨਟ 'ਤੇ ਫ਼ੇਜ਼-5 ਵਿਚਾਲੇ ਕੋਠੀ ਨੰਬਰ-1572 ਦੇ ਬਾਹਰ ਖੜੀ ਸਵੀਫਟ ਗੱਡੀ ਦੇ ਦੋ ਟਾਇਰ ਚੋਰੀ ਕਰ ਲਏ ਗਏ...
ਐੱਸ.ਏ.ਐੱਸ.ਨਗਰ : ਕੁੱਝ ਅਣਪਛਾਤੇ ਚੋਰਾਂ ਵਲੋਂ ਸ਼ੁਕਰਵਾਰ ਸਵੇਰੇ 3.39 ਮਿਨਟ 'ਤੇ ਫ਼ੇਜ਼-5 ਵਿਚਾਲੇ ਕੋਠੀ ਨੰਬਰ-1572 ਦੇ ਬਾਹਰ ਖੜੀ ਸਵੀਫਟ ਗੱਡੀ ਦੇ ਦੋ ਟਾਇਰ ਚੋਰੀ ਕਰ ਲਏ ਗਏ ਅਤੇ ਗੱਡੀ ਨੂੰ ਇੱਟਾਂ ਸਹਾਰੇ ਖੜ੍ਹਾ ਕਰ ਗਏ। ਇਹ ਸਵੀਫਟ ਗੱਡੀ ਕੋਠੀ ਮਾਲਿਕ ਕਨਵਰ ਸਿੱਧੂ ਨੇ ਕਰੀਬ 10 ਦਿਨ ਪਹਿਲਾਂ ਹੀ ਖ਼ਰੀਦੀ ਸੀ। ਹੈਰਤ ਦੀ ਗੱਲ ਤਾਂ ਇਹ ਹੈ ਕਿ ਅਣਪਛਾਤੇ ਚੋਰਾਂ ਨੇ ਇਸ ਵਾਰਦਾਤ ਨੂੰ ਅਰਾਮ ਨਾਲ ਅੰਜਾਮ ਦੇਣ ਉਪਰੰਤ ਕੋਠੀ ਦੇ ਸਾਹਮਣੇ ਲੱਗੇ ਟਰਾਂਸਫ਼ਾਰਮਰ ਤੋਂ ਬਿਜਲੀ ਗੁੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਉੱਥੇ ਖੜ੍ਹੀ ਆਡੀ ਗੱਡੀ ਦੇ ਟਾਇਰ ਵੀ ਚੋਰੀ ਕਰ ਸਕਣ।
ਪਰ ਚੋਰਾਂ ਵਲੋਂ ਜਿਵੇਂ ਹੀ ਬਿਜਲੀ ਗੁਲ ਕਰਨ ਲਈ ਟ੍ਰਾਂਸਫ਼ਾਰਮਰ ਦਾ ਸਵਿਚ ਉੱਤੇ ਚੁਕਿਆ ਤਾਂ ਟ੍ਰਾਂਸਫ਼ਾਰਮਰ ਨੂੰ ਅੱਗ ਲੱਗ ਗਈ ਅਤੇ ਕੋਠੀਆਂ ਦੀ ਬਿਜਲੀ ਗੁਲ ਹੋ ਗਈ। ਟ੍ਰਾਂਸਫ਼ਾਰਮਰ ਵਿਚੋਂ ਹੋਏ ਧਮਾਕੇ ਤੋਂ ਬਾਅਦ ਕੋਠੀ ਦੇ ਲੋਕ ਜਾਗ ਗਏ ਅਤੇ ਜਦੋਂ ਉਨ੍ਹਾਂ ਬਾਹਰ ਨਿਕਲ ਕੇ ਵੇਖਿਆ ਤਾਂ ਉਨ੍ਹਾਂ ਦੋ ਨੌਜਵਾਨਾਂ ਨੂੰ ਭੱਜਦੇ ਹੋਏ ਵੇਖਿਆ। ਉਨ੍ਹਾਂ ਤੁਰਤ ਸੀਸੀਟੀਵੀ ਕੈਮਰੇ ਦੀ ਫੂਟੇਜ ਨੂੰ ਚੈੱਕ ਕੀਤਾ ਤਾਂ ਪਤਾ ਚਲਿਆ ਕਿ ਦੋ ਅਣਪਛਾਤੇ ਚੋਰ ਸਵੀਫਟ ਗੱਡੀ ਦੇ ਡਰਾਈਵਰ ਸਾਈਡ ਤੋਂ ਦੋਵੇਂ ਟਾਇਰ ਚੋਰੀ ਕਰ ਕੇ ਲੈ ਗਏ। ਇਸ ਸਬੰਧੀ ਉਨ੍ਹਾਂ ਫ਼ੇਜ਼-1 ਪੁਲਿਸ ਸਟੇਸ਼ਨ ਨੂੰ ਲਿਖਿਤ ਸ਼ਿਕਾਇਤ ਦਿਤੀ।
ਪੁਲਿਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਹਾਸਲ ਕਰ ਲਈ ਹੈ ਜਿਸ ਦੇ ਜਰਿਏ ਚੋਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਏਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਜੀਤ ਸਿੰਘ ਨੇ ਦਸਿਆ ਕਿ ਇਹ ਗੱਡੀ ਉਨ੍ਹਾਂ ਦੇ ਰਿਸ਼ਤੇਦਾਰ ਕਨਵਰ ਸੰਧੂ ਨੇ 10 ਦਿਨ ਪਹਿਲਾਂ ਹੀ ਖ਼ਰੀਦੀ ਸੀ। ਉਸ ਨੇ ਦਸਿਆ ਕਿ ਕਨਵਰ ਦਾ ਪ੍ਰੋਪਰਟੀ ਤੇ ਪ੍ਰੋਡਕਸ਼ਨ ਹਾਊਸ ਹੈ। ਜੋ ਕਿ ਕੋਠੀ ਦੀ ਪਹਿਲੀ ਮੰਜ਼ਿਲ 'ਤੇ ਬਣਾਇਆ ਹੋਇਆ ਹੈ।
ਉਨ੍ਹਾਂ ਦਸਿਆ ਕਿ ਵੀਰਵਾਰ ਰਾਤ ਕਨਵਰ ਨੇ ਗੱਡੀ ਕੋਠੀ ਦੇ ਬਾਹਰ ਖੜ੍ਹੀ ਕੀਤੀ ਸੀ। ਕਰੀਬ 3.39 'ਤੇ ਇਕ ਨੌਜਵਾਨ ਜਿਸ ਕੋਲ ਪਾਨਾ ਸੀ ਗੱਡੀ ਵਾਲੇ ਪਾਸੇ ਆਇਆ 'ਤੇ ਕੁੱਝ ਕੁ ਮਿਨਟਾਂ ਵਿਚ ਉਸ ਨੇ ਗੱਡੀ ਦੇ ਦੋਵੇਂ ਟਾਇਰ ਖੋਲ ਲਏ ਅਤੇ ਗੱਡੀ ਇਟਾਂ ਸਹਾਰੇ ਖੜੀ ਕਰ ਦਿੱਤੀ। ਉਸ ਨੇ ਗੱਡੀ ਦੇ ਟਾਇਰ ਆਪਣੇ ਨਾਲ ਆਏ ਇਕ ਨੌਜਵਾਨ ਨੂੰ ਫੜਾਏ ਅਤੇ
ਮੁੜ ਟ੍ਰਾਂਸਫਾਰਮਰ ਤੋਂ ਬੱਤੀ ਗੁਲ ਕਰਨ ਲਈ ਚਲਾ ਗਿਆ ਪਰ ਜਿਵੇਂ ਹੀ ਉਸ ਵੱਲੋਂ ਸਵਿਚ ਚੁਕਿਆ ਗਿਆ ਤਾਂ ਇਕ ਧਮਾਕੇ ਨਾਲ ਟ੍ਰਾਂਸਫਾਰਮਰ ਵਿਚੋਂ ਚਿੰਗਆੜੇ ਨਿਕਲੇ ਜਿਸ ਕਾਰਨ ਉਹ ਡਰ ਗਏ ਅਤੇ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।